''ਸਾਨੂੰ ਸੁਖਬੀਰ ਬਾਦਲ ਪ੍ਰਧਾਨ ਮਨਜੂਰ...'' ਢੀਂਡਸਾ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੇ ਵੀ ਕੀਤੀ ਹਮਾਇਤ
Sikander Singh Maluka : ਸੁਖਬੀਰ ਸਿੰਘ ਬਾਦਲ ਇਸ ਸਮੇਂ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਰਹੇ ਹਨ, ਪਰੰਤੂ ਸਿੱਖ ਸਿਆਸਤ ਵਿੱਚ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੂੰ ਲੈ ਕੇ ਆਗੂਆਂ ਵਿੱਚ ਮੁੜ ਏਕਤਾ ਵਿਖਾਈ ਦੇ ਰਹੀ ਹੈ। ਬੀਤੇ ਦਿਨ ਸੁਖਦੇਵ ਸਿੰਘ ਢੀਂਡਸਾ ਵੱਲੋਂ ਹਮਾਇਤ ਕਰਨ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਨੇ ਵੀ ਪ੍ਰਧਾਨਗੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਨਾਮ 'ਤੇ ਮੋਹਰ ਲਾਈ ਹੈ।ਉਨ੍ਹਾਂ ਇੱਕ ਬਿਆਨ ਵਿੱਚ ਕਿਹਾ ਹੈ ਕਿ ''ਸਾਨੂੰ ਸੁਖਬੀਰ ਸਿੰਘ ਬਾਦਲ ਪ੍ਰਧਾਨ ਮਨਜੂਰ ਹੈ...।''
ਸਿਕੰਦਰ ਸਿੰਘ ਮਲੂਕਾ ਨੇ ਇਹ ਬਿਆਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਨ ਦੌਰਾਨ ਦਿੱਤਾ। ਉਨ੍ਹਾਂ ਇਸ ਮੌਕੇ ਕਿਹਾ ਕਿ ਲੰਬੇ ਸਮੇਂ ਤੋਂ ਸਾਡੇ ਦੋਵਾਂ ਦੇ ਚੰਗੇ ਪਰਿਵਾਰਕ ਸਬੰਧ ਹਨ, ਪਰ ਪਿਛਲੇ ਸਮੇਂ 'ਚ ਜੋ ਕੁਝ ਵੀ ਵਾਪਰਿਆ ਹੈ, ਉਸ ਨੇ ਮਨ ਨੂੰ ਦੁਖੀ ਕੀਤਾ ਹੈ।
ਸ. ਢੀਂਡਸਾ ਨੇ ਵੀ ਕੀਤੀ ਸੀ ਪ੍ਰਧਾਨਗੀ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ
ਸਿਕੰਦਰ ਸਿੰਘ ਮਲੂਕਾ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਸੀਨੀਅਰ ਆਗੂ ਹੋਣ ਦੇ ਨਾਤੇ ਸੁਖਦੇਵ ਸਿੰਘ ਢੀਂਡਸਾ ਦੀ ਇਸ ਵਿਸ਼ੇਸ਼ ਪਹਿਲਕਦਮੀ ਤੇ ਫਰਾਕਦਿਲੀ ਨੇ ਇੱਕ ਵਾਰ ਫਿਰ ਤੋਂ ਪਾਰਟੀ ਦੀਆਂ ਸਿਆਸੀ ਸਫਾਂ ਵਿੱਚ ਗਰਮਾਹਟ ਲਿਆ ਦਿੱਤੀ ਹੈ। ਉਨ੍ਹਾਂ ਬੀਤੇ ਦਿਨ ਕਿਹਾ,, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਦੇਸ਼ ਅਨੁਸਾਰ ਜੇਕਰ ਸਮੁੱਚਾ ਸ਼੍ਰੋਮਣੀ ਅਕਾਲੀ ਦਲ ਇਕਮੁੱਠ ਹੋ ਕੇ ਨਵੇਂ ਸਿਰੇ ਤੋਂ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਚੁਣਦਾ ਹੈ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਕਿਉਂਕਿ ਮੁੱਢ ਤੋਂ ਹੀ ਜਦੋਂ ਨਵੇਂ ਪ੍ਰਧਾਨ ਦੀ ਚੋਣ ਹੁੰਦੀ ਤਾਂ ਉਹ ਹਮੇਸ਼ਾਂ ਤੋਂ ਹੀ ਸਰਵਪ੍ਰਵਾਨਤ ਪ੍ਰਧਾਨ ਹੁੰਦਾ ਹੈ, ਚਾਹੇ ਉਹ ਚੋਣ ਉਪਰੰਤ ਸੁਖਬੀਰ ਬਾਦਲ ਹੀ ਮੁੜ ਤੋਂ ਪ੍ਰਧਾਨ ਬਣਨ, ਅਸੀਂ ਸਾਰੇ ਪ੍ਰਵਾਨ ਕਰਾਂਗੇ।
ਢੀਂਡਸਾ ਨੇ ਸਪਸ਼ਟ ਸ਼ਬਦਾਂ ਵਿੱਚ ਮੰਨਿਆ ਕਿ ਜੇਕਰ ਨਵੀਂ ਚੋਣ ਉਪਰੰਤ ਮੁੜ ਤੋਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਬਣਦੇ ਹਨ ਤਾਂ ਉਹ ਸਾਨੂੰ ਸਾਰਿਆ ਨੂੰ ਹੀ ਮਨਜ਼ਰੂ ਹੋਣਗੇ ਤੇ ਨਾ ਮਨਜ਼ੂਰ ਹੋਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ। ਉਹ ਜਥੇਦਾਰ ਅਕਾਲ ਤਖਤ ਵੱਲੋਂ ਬਾਗ਼ੀਆਂ ਤੇ ਦਾਗ਼ੀਆਂ ਦੇ ਇਕੱਠੇ ਹੋਣ ਵਾਲੇ ਹੁਕਮ ‘ਤੇ ਟਿੱਪਣੀ ਦੇ ਰਹੇ ਸਨ।
- PTC NEWS