ਹਮਲੇ ਦਾ ਸ਼ਿਕਾਰ ਹੋਏ ਬਜ਼ੁਰਗ ਨੇ ਤੋੜਿਆ ਦਮ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਛਾਂਗਲਾਦੇ ਰਹਿਣ ਵਾਲੇ ਇਕ 82 ਸਾਲਾਂ ਬਜ਼ੁਰਗ ਉਤੇ ਬੀਤੇ ਦਿਨੀਂ 2 ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਸੀ ਜਿਸਦੀ ਕਿ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਹਿਚਾਣ ਵਿਧੀ ਚੰਦ ਪੁੱਤਰ ਭਗਤ ਰਾਮ ਵਾਸੀ ਪਿੰਡ ਛਾਂਗਲਾ ਵਜੋਂ ਹੋਈ ਸੀ।
ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਦੇ ਪਰਿਵਾਰ ਨੇ ਦੱਸਿਆ ਕਿ 24 ਦਸੰਬਰ ਦੀ ਰਾਤ ਕਰੀਬ ਸਾਢੇ 12 ਵਜੇ ਉਸਦੇ ਚਾਚੇ ਵਿਧੀ ਚੰਦ ਵੱਲੋਂ ਰੌਲਾ ਪਾਇਆ ਜਾ ਰਿਹਾ ਸੀ ਤੇ ਜਦੋਂ ਉਹ ਮੌਕੇ ਉਪਰ ਪੁੱਜੇ ਤਾਂ 2 ਨੌਜਵਾਨ ਜਿਨ੍ਹਾਂ ਦੇ ਹੱਥ ਵਿਚ ਤੇਜ਼ਧਾਰ ਹਥਿਆਰ ਸੀ, ਉਨ੍ਹਾਂ ਦੇ ਬਜ਼ੁਰਗ ਉਪਰ ਹਮਲਾ ਕਰਕੇ ਭੱਜ ਰਹੇ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਤੁਰੰਤ ਗੰਭੀਰ ਜ਼ਖਮੀ ਬਜ਼ੁਰਗ ਨੂੰ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ ਗਿਆ ਜਿਥੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆ ਹੋਇਆ ਡਾਕਟਰਾਂ ਵੱਲੋਂ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸੀਐਮ ਭਗਵੰਤ ਮਾਨ ਪਤਨੀ ਨਾਲ ਇਸ ਸੂਬੇ 'ਚ ਮਨਾਉਣਗੇ ਨਵੇਂ ਸਾਲ ਦੀਆਂ ਛੁੱਟੀਆਂ!
ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦਿਆਂ ਹੋਇਆਂ ਕਾਤਲਾਂ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
- PTC NEWS