Wed, Apr 24, 2024
Whatsapp

ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਪਰਮਿੰਦਰ ਕੌਰ

Written by  Ravinder Singh -- November 05th 2022 05:27 PM
ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਪਰਮਿੰਦਰ ਕੌਰ

ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ : ਪਰਮਿੰਦਰ ਕੌਰ

ਬਠਿੰਡਾ : ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਦੀ ਲਾਸਾਨੀ ਕੁਰਬਾਨੀ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਉਹ ਹਮੇਸ਼ਾ ਲਈ ਸਾਡੇ ਚੇਤਿਆਂ ਵਿੱਚ ਵਸ ਜਾਂਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸ਼ਹੀਦ ਰਵੀ ਇੰਦਰ ਸਿੰਘ ਸੰਧੂ ਦੇ ਮਾਤਾ ਪਰਮਿੰਦਰ ਕੌਰ ਨੇ ਸਥਾਨਕ ਸ਼ਹੀਦ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਮਨਾਈ ਗਈ ਉਨ੍ਹਾਂ ਦੀ ਤੀਜੀ ਬਰਸੀ ਦੌਰਾਨ ਨਮ ਅੱਖਾਂ ਨਾਲ ਸ਼ਰਧਾਂਜਲੀ ਦੇਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦਾ ਸਮੂਹ ਪਰਿਵਾਰ ਵਿਸ਼ੇਸ਼ ਤੌਰ ਉਤੇ ਹਾਜ਼ਰ ਰਿਹਾ।



ਇਸ ਮੌਕੇ ਮਾਤਾ ਪਰਮਿੰਦਰ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਪੰਜਾਬੀਆਂ ਦੇ ਲਾਸਾਨੀ ਯੋਗਦਾਨ ਦੀ ਮਿਸਾਲ ਪੂਰੇ ਵਿਸ਼ਵ ਵਿਚ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਹਮੇਸ਼ਾ ਸ਼ਹੀਦਾਂ ਦੇ ਰਿਣੀ ਰਹਾਂਗੇ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਇਸ ਢੰਗ ਨਾਲ ਚਲਾਈਏ ਕਿ ਅਸੀਂ ਇਨ੍ਹਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਪੂਰਾ ਕਰ ਸਕੀਏ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਭਾਰਤ ਦੀ ਫ਼ੌਜ ਉਤੇ ਬਹੁਤ ਮਾਣ ਹੈ, ਜਿਨ੍ਹਾਂ ਦੀ ਮਿਹਨਤ ਤੇ ਕੁਰਬਾਨੀਆਂ ਸਦਕਾ ਅਸੀਂ ਅਮਨ-ਸ਼ਾਂਤੀ ਨਾਲ ਆਪਣੇ ਪਰਿਵਾਰ ਵਿਚ ਰਹਿ ਰਹੇ ਹਾਂ।

ਇਸ ਦੌਰਾਨ ਪਰਮਿੰਦਰ ਕੌਰ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਕਦੇ ਵੀ ਮੁਸ਼ਕਿਲਾਂ ਤੋਂ ਘਬਰਾਉਣਾ ਨਹੀਂ ਚਾਹੀਦਾ ਸਗੋਂ ਉਨ੍ਹਾਂ ਦਾ ਸਾਹਮਣਾ ਕਰਕੇ ਅੱਗੇ ਵੱਲ ਵਧੋ। ਉਨ੍ਹਾਂ ਕਿਹਾ ਕਿ ਪੜ੍ਹ-ਲਿਖ ਕੇ ਆਪਣੇ ਦੇਸ਼ ਅਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰੋ। ਇਸ ਦੌਰਾਨ ਉਨ੍ਹਾਂ 6ਵੀਂ ਤੋਂ 12ਵੀਂ ਕਲਾਸ ਦੀਆਂ ਪਹਿਲੇ, ਦੂਜੇ ਤੇ ਤੀਜੇ ਸਥਾਨ ਉੱਤੇ ਆਉਣ ਵਾਲੀਆਂ ਵਿਦਿਆਰਥਣਾਂ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸੇਵਾ ਮੁਕਤ ਲੈਕਚਰਾਰ ਮੈਡਮ ਸੁਰਿੰਦਰਪਾਲ ਕੌਰ ਨੇ ਸ਼ਹੀਦ ਰਵੀ ਇੰਦਰ ਸਿੰਘ ਸੰਧੂ ਦੀ ਜੀਵਨੀ ਬਾਰੇ ਸਕੂਲੀ ਵਿਦਿਆਰਥਣਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਜਨਮ 5 ਅਗਸਤ 1985 ਨੂੰ ਬਠਿੰਡਾ ਵਿਚ ਹੋਇਆ। 12ਵੀਂ ਪਾਸ ਕਰਨ ਤੋਂ ਬਾਅਦ ਉਨ੍ਹਾਂ ਨੈਸ਼ਨਲ ਡਿਫ਼ੈਂਸ ਅਕੈਡਮੀ ਖੜਕਵਾਸਲਾ ਵਿਚ ਦਾਖ਼ਲਾ ਲਿਆ ਤੇ 2007 ਵਿਚ ਸਿਗਨਲ ਕੋਰ ਵਿਚ ਕਮਿਸ਼ਨਰ ਅਫ਼ਸਰ ਬਣ ਗਏ। ਉਨ੍ਹਾਂ ਕਿਹਾ ਕਿ ਫ਼ੌਜ 'ਚ 12 ਸਾਲ ਦੀ ਸੇਵਾ ਦੌਰਾਨ ਅਨੇਕਾਂ ਹੀ ਚੁਣੌਤੀ ਭਰਪੂਰ ਆਪ੍ਰੇਸ਼ਨਾਂ ਨੂੰ ਸਫ਼ਲਤਾ ਪੂਰਵਕ ਅੰਜਾਮ ਦਿੱਤਾ ਜਿਸ ਕਰਕੇ ਉਹ ਜਾਬਾਂਜ਼ ਤੇ ਬਹਾਦਰ ਫ਼ੌਜੀ ਅਫ਼ਸਰ ਵਜੋਂ ਜਾਣੇ ਜਾਂਦੇ ਸਨ।

ਇਹ ਵੀ ਪੜ੍ਹੋ : ਅਖੌਤੀ ਬਾਬੇ ਨੇ ਭੂਤ-ਪ੍ਰੇਤ ਦਾ ਡਰ ਪਾ ਕੇ ਪਰਿਵਾਰ ਤੋਂ 25 ਲੱਖ ਰੁਪਏ ਠੱਗੇ

ਉਨ੍ਹਾਂ ਅੱਗੇ ਦੱਸਿਆ ਕਿ ਮੇਜਰ ਸੰਧੂ ਨੂੰ ਵਿਸ਼ੇਸ਼ ਉਪਲਬਧੀਆਂ ਕਾਰਨ ਸਪੈਸ਼ਲ ਸੇਵਾ ਮੈਡਲ, ਸੈਨਾ ਸੇਵਾ ਮੈਡਲ ਤੇ ਯੂਨਾਈਟਿਡ ਨੇਸ਼ਨਜ਼ ਮੈਡਲ ਨਾਲ ਸਨਮਾਨਿਤ ਕੀਤਾ ਗਿਆ। 17 ਜੂਨ 2019 ਨੂੰ ਮੇਜਰ ਰਵੀ ਇੰਦਰ ਸਿੰਘ ਦੱਖਣੀ ਸੁਡਾਨ 'ਚ ਯੂਨਾਈਟਿਡ ਨੇਸ਼ਨਜ਼ ਮਿਸ਼ਨ ਵਿਚ ਵਿਸ਼ੇਸ਼ ਤੌਰ ਉਤੇ ਚੁਣੇ ਗਏ ਤੇ 21 ਅਕਤੂਬਰ 2019 ਨੂੰ ਯੂਐਨਓ ਵੱਲੋਂ (UNMISS) ਐਵਾਰਡ ਨਾਲ ਨਿਵਾਜੇ ਗਏ। ਮੇਜਰ ਰਵੀ ਇੰਦਰ ਸਿੰਘ ਸੰਧੂ 6 ਨਵੰਬਰ 2019 ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਸੁਰੱਖਿਆ ਮੁਹਿੰਮ 'ਚ ਦੱਖਣੀ ਸੁਡਾਨ ਵਿਖੇ ਡਿਊਟੀ ਦਿੰਦਿਆਂ ਸ਼ਹਾਦਤ ਦਾ ਜਾਮ ਪੀ ਗਏ। ਦਲੇਰੀ ਨਾਲ ਡਿਊਟੀ ਨਿਭਾਉਣ ਤੇ ਕੁਰਬਾਨੀ ਦੇ ਸਤਿਕਾਰ ਵਜੋਂ 29 ਮਈ 2020 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਵੱਲੋਂ ਉਨ੍ਹਾਂ ਨੂੰ ਸ਼ਹੀਦੀ ਉਪਰੰਤ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

- PTC NEWS

Top News view more...

Latest News view more...