Wed, Feb 8, 2023
Whatsapp

ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ ਵਿਰੁੱਧ ਚੋਰੀ ਦਾ ਮਾਮਲਾ ਦਰਜ਼, 10 ਗ੍ਰਿਫਤਾਰ, 2 ਹੋਰ ਨਾਮਜ਼ਦ

Written by  Jasmeet Singh -- December 05th 2022 05:41 PM
ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ ਵਿਰੁੱਧ ਚੋਰੀ ਦਾ ਮਾਮਲਾ ਦਰਜ਼, 10 ਗ੍ਰਿਫਤਾਰ, 2 ਹੋਰ ਨਾਮਜ਼ਦ

ਸੇਬਾਂ ਦੀਆਂ ਪੇਟੀਆਂ ਚੁੱਕਣ ਵਾਲਿਆਂ ਵਿਰੁੱਧ ਚੋਰੀ ਦਾ ਮਾਮਲਾ ਦਰਜ਼, 10 ਗ੍ਰਿਫਤਾਰ, 2 ਹੋਰ ਨਾਮਜ਼ਦ

ਫ਼ਤਿਹਗੜ੍ਹ ਸਾਹਿਬ, 5 ਦਸੰਬਰ: ਬੀਤੇ ਦਿਨੀਂ ਜੀ.ਟੀ. ਰੋਡ 'ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਉੜੀਸਾ ਨੂੰ ਜਾ ਰਿਹਾ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ ਕੇ ਲੈ ਜਾਣ ਦੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਮਾਮਲੇ ਵਿੱਚ ਉਦੋਂ ਨਵਾਂ ਮੋੜ ਆਇਆ ਜਦੋਂ ਦੋ ਪੰਜਾਬੀ ਵਪਾਰੀਆਂ, ਪਟਿਆਲਾ ਦੇ ਰਾਜਵਿੰਦਰ ਸਿੰਘ ਤੇ ਮੋਹਾਲੀ ਦੇ ਗੁਰਪ੍ਰੀਤ ਸਿੰਘ, ਨੇ ਕਸ਼ਮੀਰ ਦੇ ਵਪਾਰੀ ਮੁਹੰਮਦ ਸ਼ਾਹਿਦ ਦੇ ਹੋਏ ਨੁਕਸਾਨ ਨੂੰ ਪੂਰਾ ਕਰਨ ਲਈ ਉਸ ਨੂੰ 9 ਲੱਖ 12 ਹਜ਼ਾਰ ਦਾ ਚੈੱਕ ਦਿੱਤਾ। 

ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਦੇ ਯਤਨਾਂ ਸਦਕਾ ਹੋਏ ਇਸ ਘਟਨਾਕ੍ਰਮ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਖ ਹੋਰ ਨਿਖਰ ਕੇ ਦੁਨੀਆਂ ਦੇ ਸਾਹਮਣੇ ਆਈ ਹੈ। ਜਿਸ 'ਤੇ ਕਸ਼ਮੀਰ ਦੇ ਬਾਰਮੁੱਲਾ ਦੇ ਸੇਬਾਂ ਦੇ ਵਪਾਰੀ ਨੂੰ ਇਹ ਕਹਿਣਾ ਪਿਆ ਹੈ ਕਿ ਪੰਜਾਬੀ ਹਮੇਸ਼ਾਂ ਲੋਕਾਂ ਦੀ ਮਦਦ ਲਈ ਹੀ ਜਾਣੇ ਜਾਂਦੇ ਹਨ।


ਇਹ ਵੀ ਪੜ੍ਹੋ: ਮੌਸਮ ਵਿਭਾਗ ਦੀ ਚਿਤਾਵਨੀ, ਅਗਲੇ 2 ਦਿਨਾਂ 'ਚ ਪੈ ਸਕਦੀ ਕੜਾਕੇ ਦੀ ਠੰਡ

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸ਼੍ਰੀਨਗਰ ਤੋਂ ਸੇਬਾਂ ਦੀਆਂ 1265 ਪੇਟੀਆਂ ਲੈ ਕੇ ਉੜੀਸਾ ਜਾ ਰਹੇ ਸੇਬਾਂ ਦੇ ਭਰੇ ਟਰੱਕ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਪਲਟਣ ਅਤੇ ਲੋਕਾਂ ਵੱਲੋਂ ਸੇਬਾਂ ਦੀਆਂ ਪੇਟੀਆਂ ਲੁੱਟ ਕੇ ਲੈ ਜਾਣ ਦੀ ਸ਼ੋਸਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਉਪਰੰਤ ਪੁਲਿਸ ਨੇ ਫੌਰੀ ਕਾਰਵਾਈ ਕਰਦੇ ਹੋਏ ਥਾਣਾ ਬਡਾਲੀ ਆਲਾ ਸਿੰਘ ਵਿਖੇ ਮੁਕੱਦਮਾ ਨੰ: 138 ਧਾਰਾ 379 ਅਧੀਨ ਮਾਮਲਾ ਦਰਜ਼ ਕੀਤਾ ਅਤੇ ਤਕਨੀਕੀ ਟੀਮ ਦੀ ਸਹਾਇਤਾ ਨਾਲ 10 ਕਥਿਤ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ 02 ਹੋਰ ਕਥਿਤ ਮੁਲਜ਼ਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।  

ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਪੰਜਾਬ ਦੇ ਲੋਕਾਂ ਦੀ ਇੱਕ ਗਲਤ ਤਸਵੀਰ ਲੋਕਾਂ ਸਾਹਮਣੇ ਲਿਆਂਦੀ ਸੀ ਜੋ ਕਿ ਕਾਫੀ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਫ਼ਤਿਹਗੜ੍ਹ ਸਾਹਿਬ ਦੀ ਧਰਤੀ ਸ਼ਹੀਦਾਂ ਤੇ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਅਤੇ ਇਸ ਧਰਤੀ ਤੇ ਅਜਿਹੀ ਘਟਨਾ ਬਹੁਤ ਅਫਸੋਸਜਨਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾਂ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਕੀਤੀ ਹੈ ਅਤੇ ਸਾਡੇ ਗੁਰੂਆਂ ਨੇ ਵੀ ਸਾਨੂੰ ਇਹੋ ਸੁਨੇਹਾ ਦਿੱਤਾ ਹੈ। ਪ੍ਰੰਤੂ ਕੁਝ ਮਾੜੇ ਅਨਸਰਾਂ ਕਾਰਨ ਇਹ ਘਟਨਾ ਵਾਪਰੀ ਹੈ। 

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਜਿਹੇ ਹਾਦਸੇ ਆਮ ਤੌਰ 'ਤੇ ਵੇਖਣ ਨੂੰ ਮਿਲ ਜਾਂਦੇ ਹਨ ਪ੍ਰੰਤੂ ਸਾਨੂੰ ਮੁਸ਼ਕਲ ਵਿੱਚ ਫਸੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਮਦਦ ਲਈ ਅੱਗੇ ਆਏ ਪੰਜਾਬ ਦੇ ਵਪਾਰੀਆਂ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਨ੍ਹਾਂ ਨੇ ਅੱਗੇ ਆ ਕੇ ਜੋ ਕੰਮ ਕੀਤਾ ਹੈ ਉਸ ਤੋਂ ਹੋਰਨਾ ਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ।

ਇਸ ਮੌਕੇ ਪੰਜਾਬੀ ਰਾਜਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਉਨ੍ਹਾਂ ਸੋਸ਼ਲ ਮੀਡੀਆ 'ਤੇ ਇਹ ਵੀਡੀਓ ਵੇਖੀ ਤਾਂ ਕਾਫੀ ਅਫਸੋਸ ਹੋਇਆ ਸੀ ਕਿਉਂਕਿ ਪੰਜਾਬੀ ਅਜਿਹੀਆਂ ਹਰਕਤਾਂ ਨਹੀਂ ਕਰਦੇ ਸਗੋਂ ਪੰਜਾਬੀਆਂ ਨੇ ਤਾਂ ਹਮੇਸ਼ਾਂ ਹੀ ਹੋਰਨਾਂ ਦੀ ਅੱਗੇ ਆ ਕੇ ਮਦਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਵੀਡੀਓ ਤੋਂ ਬਾਅਦ ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਨਾਲ ਸੰਪਰਕ ਕੀਤਾ ਅਤੇ ਸੇਬਾਂ ਦੇ ਵਪਾਰੀ ਦੀ ਮਦਦ ਕਰਨ ਦੀ ਗੱਲ ਆਖੀ ਜਿਸ 'ਤੇ ਜ਼ਿਲ੍ਹਾ ਪੁਲਿਸ ਮੁਖੀ ਨੇ ਸੇਬਾਂ ਦੇ ਵਪਾਰੀ ਨੂੰ ਬੁਲਾਇਆ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਮੰਦਭਾਗੀ ਖ਼ਬਰ: 21 ਸਾਲਾਂ ਸਿੱਖ ਕੁੜੀ ਦਾ ਗੋਲੀਆਂ ਮਾਰ ਕੇ ਕਤਲ

ਸੇਬਾਂ ਦੇ ਵਪਾਰੀ ਮੁਹੰਮਦ ਸ਼ਾਹਿਦ ਨੇ ਕਿਹਾ ਕਿ ਜਦੋਂ ਉਨ੍ਹਾਂ ਦੇ ਡਰਾਇਵਰ ਵੱਲੋਂ ਬਣਾਈ ਵੀਡੀਓ ਉਸ ਨੇ ਵੇਖੀ ਤਾਂ ਬਹੁਤ ਬੁਰਾ ਲੱਗਿਆ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੀ ਜੋ ਤਸਵੀਰ ਲੈ ਕੇ ਇਥੋਂ ਪੜ੍ਹ ਕੇ ਗਿਆ ਸੀ ਇਹ ਵੀਡੀਓ ਉਸ ਤੋਂ ਬਿਲਕੁੱਲ ਉਲਟ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਉਸ ਨੂੰ ਵਿਸ਼ਵਾਸ਼ ਨਹੀਂ ਹੋਇਆ ਕਿ ਪੰਜਾਬ ਦੀ ਧਰਤੀ 'ਤੇ ਅਜਿਹਾ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਇਹ ਘਟਨਾ ਕਿਸੇ ਹੋਰ ਸੂਬੇ ਵਿੱਚ ਹੋਈ ਹੁੰਦੀ ਤਾਂ ਇਨ੍ਹਾਂ ਅਫਸੋਸ ਨਹੀਂ ਸੀ ਹੋਣਾ। ਉਨ੍ਹਾਂ ਮਦਦ ਲਈ ਅੱਗੇ ਆਏ ਪੰਜਾਬ ਦੇ ਵਪਾਰੀਆਂ ਅਤੇ ਜ਼ਿਲ੍ਹਾ ਪੁਲਿਸ ਮੁਖੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ। 

- PTC NEWS

adv-img

Top News view more...

Latest News view more...