ਪਟਿਆਲੇ ਦੇ 'ਹੁਸਨ' 'ਤੇ ਚੋਰਾਂ ਦਾ ਡਾਕਾ! ਕਈ ਥਾਂਵਾਂ ਤੋਂ ਮਹਿੰਗੇ ਪੋਲ ਹੋਏ ਗਾਇਬ
Patiala News : ਪਟਿਆਲਾ ਸ਼ਹਿਰ ਨੂੰ ਖੂਬਸੂਰਤੀ ਦਾ ਕੇਂਦਰ ਵੀ ਕਿਹਾ ਜਾਂਦਾ ਹੈ। ਲੇਕਿਨ ਇੱਕ ਪਾਸੇ ਇਸ ਖੂਬਸੂਰਤੀ ਨੂੰ ਢਾਹ ਲਾਉਣ ਦੇ ਵਿੱਚ ਚੋਰ ਜੋਰਾਂ-ਸ਼ੋਰਾਂ ਨਾਲ ਲੱਗੇ ਹੋਏ ਹਨ। ਸ਼ਹਿਰ ਦੀ ਕਚਹਿਰੀ ਦੇ ਨੇੜੇ ਰਜਿੰਦਰਾ ਲੇਕ ਦੇ ਖੂਬਸੂਰਤੀ ਵਧਾਉਣ ਦੇ ਲਈ ਫੈਂਸੀ ਪੋਲ ਲਗਾਏ ਗਏ ਸੀ, ਜਿਸ ਦੀ ਇੱਕ ਪੋਲ ਦੀ ਕੀਮਤ ਲਗਭਗ 25 ਤੋਂ 30 ਹਜਾਰ ਦੱਸੀ ਜਾਂਦੀ ਹੈ। ਇਹ ਖੂਬਸੂਰਤੀ ਨੂੰ ਵਧਾਉਂਦੇ ਹੋਏ ਵੀ ਨਜ਼ਰ ਆਉਂਦੇ ਹਨ ਪਰ ਅੱਜ ਤੋਂ ਇਹ ਨਜ਼ਰ ਨਹੀਂ ਆਉਣਗੇ, ਕਿਉਂਕਿ ਚੋਰਾਂ ਨੇ ਇਹੀ ਚੋਰੀ ਕਰ ਲਏ ਹਨ।
ਮੌਕੇ 'ਤੇ ਜਾ ਕੇ ਵੇਖਿਆ ਗਿਆ ਤਾਂ ਕਈ ਥਾਂਵਾਂ 'ਤੇ ਅੱਧੇ ਪੋਲ ਜਾਂ ਕਈ ਥਾਵਾਂ ਤੋਂ ਪੂਰੇ ਪੋਲ ਵੀ ਗਾਇਬ ਨਜ਼ਰ ਆਏ। ਦੂਜੇ ਪਾਸੇ ਕਚਹਿਰੀ ਵਾਲੇ ਖੇਤਰ ਵਿੱਚ ਵੀ ਚੋਰ ਪੂਰੀ ਤਰ੍ਹਾਂ ਸਰਗਰਮ ਹਨ। ਵਕੀਲਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਕਚਹਿਰੀਆਂ 'ਚ ਲਗਾਤਾਰ ਚੋਰੀਆਂ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਕਈ ਪੋਲ ਚੋਰੀ ਕੀਤੇ ਗਏ ਹਨ, ਜਿਸ ਦੀ ਪ੍ਰਸ਼ਾਸਨ ਨੂੰ ਹਵਾ ਵੀ ਨਹੀਂ ਆਉਣ ਦਿੱਤੀ। ਉਨ੍ਹਾਂ ਕਿਹਾ ਕਿ ਚੋਰਾਂ ਵੱਲੋਂ ਕਈ ਵਾਰ ਚੈਂਬਰਾਂ ਵਿਚੋਂ ਏਸੀ, ਮੋਬਾਈਲ ਅਤੇ ਮੋਟਰਸਾਈਕਲ ਵੀ ਕੀਤੇ ਗਏ ਹਨ, ਪਰ ਬਾਅਦ 'ਚ ਸ਼ਿਕਾਇਤ ਦੇਣ ਤੋਂ ਇਲਾਵਾ ਉਨ੍ਹਾਂ ਦੇ ਕੁੱਝ ਵੀ ਹੱਥ-ਪੱਲੇ ਨਹੀਂ ਲੱਗਦਾ।
ਦੱਸ ਦਈਏ ਕਿ ਇਹ ਇਲਾਕਾ ਸ਼ਹਿਰ ਦੀ ਕਚਹਿਰੀ ਅਤੇ ਪ੍ਰਾਚੀਨ ਕਾਲੀ ਮਾਤਾ ਮੰਦਿਰ ਤੇ ਰਜਿੰਦਰ ਲੇਕ ਅਤੇ ਸਭ ਤੋਂ ਫੇਮਸ ਕਹੀ ਜਾਣ ਵਾਲੀ ਮਾਲ ਰੋਡ ਦੇ ਨਾਮ ਤੋਂ ਜਾਣਿਆ ਜਾਂਦਾ ਹੈ, ਜਿਥੇ ਚੋਰ ਲਗਾਤਾਰ ਆਪਣੀ ਸਰਗਰਮੀ ਵਿਖਾ ਰਹੇ ਹਨ।
ਉਧਰ, ਇਸ ਸਬੰਧੀ ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ 16 ਜੁਲਾਈ ਨੂੰ ਪੀਡਬਲਯੂਡੀ ਵਿਭਾਗ ਵਿਭਾਗ ਵੱਲੋਂ ਇੱਕ ਦਰਖਾਸਤ ਪ੍ਰਾਪਤ ਹੋਈ, ਜਿਸ 'ਤੇ ਉਨ੍ਹਾਂ ਨੇ ਕੇਸ ਦਰਜ ਕਰਕੇ ਜਾਂਚ ਦੌਰਾਨ ਇੱਕ ਮੁਲਜ਼ਮ ਨੂੰ ਕਾਬੂ ਕੀਤਾ ਹੈ। ਮੁਲਜ਼ਮ ਕੋਲੋਂ ਇੱਕ ਪੋਲ ਵੀ ਬਰਾਮਦ ਹੋਇਆ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਕਾਫੀ ਪੋਲ ਗਾਇਬ ਹਨ, ਪਰ ਉਹ ਮਾਮਲੇ 'ਚ ਲਗਾਤਾਰ ਜਾਂਚ ਕਰ ਰਹੇ ਹਨ ਅਤੇ ਛੇਤੀ ਹੀ ਬਾਕੀ ਚੋਰ ਵੀ ਗ੍ਰਿਫ਼ਤ 'ਚ ਹੋਣਗੇ। ਦੂਜੇ ਪਾਸੇ ਕਚਹਿਰੀ 'ਚ ਏਸੀ ਤੇ ਕੂਲਰ ਗਾਇਬ ਹੋਣ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੇ ਧਿਆਨ 'ਚ ਕੋਈ ਮਾਮਲਾ ਨਹੀਂ ਹੈ ਪਰ ਉਥੇ ਇਲਾਕੇ 'ਚ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ।
- PTC NEWS