Una News : ਨਹਾਉਂਦੇ ਸਮੇਂ ਸਤਲੁਜ ਦਰਿਆ 'ਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ ,ਧਾਰਮਿਕ ਸਥਾਨ 'ਤੇ ਮੱਥਾ ਟੇਕਣ ਆਇਆ ਸੀ ਪਰਿਵਾਰ
Una News : ਨੰਗਲ ਸ਼ਹਿਰ ਤੋਂ ਕੁਝ ਕਿਲੋਮੀਟਰ ਦੀ ਦੂਰੀ 'ਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਪੈਂਦੇ ਪ੍ਰਸਿੱਧ ਇਤਿਹਾਸਕ ਧਾਰਮਿਕ ਸਥਾਨ ਬ੍ਰਹਮੋਤੀ ਮੰਦਰ ਨਾਲ ਵਗਦੇ ਸਤਲੁਜ ਦਰਿਆ ਵਿੱਚ ਨਹਾਉਂਦੇ ਸਮੇਂ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਰਿਤਾਂਸ਼ ਬਾਲੀ ਪੁੱਤਰ ਉਮੇਸ਼ ਬਾਲੀ ਪਿੰਡ ਕਲਸੇੜਾ ਅਤੇ ਵਿਕਾਸ ਸ਼ਰਮਾ ਲੁਧਿਆਣਾ ਵਜੋਂ ਹੋਈ ਹੈ। ਵਿਕਾਸ ਸ਼ਰਮਾ ਪਿੰਡ ਥਲੂਹ ਵਿੱਚ ਆਪਣੇ ਨਾਨਕੇ ਘਰ ਆਇਆ ਹੋਇਆ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਰਿਤਾਂਸ਼ ਬਾਲੀ ਆਪਣੇ ਪਰਿਵਾਰ ਨਾਲ ਬ੍ਰਹਮੋਤੀ ਮੰਦਰ ਵਿੱਚ ਮੱਥਾ ਟੇਕਣ ਆਇਆ ਸੀ। ਮੱਥਾ ਟੇਕਣ ਤੋਂ ਬਾਅਦ ਉਹ ਸਤਲੁਜ ਨਦੀ ਵਿੱਚ ਨਹਾਉਣ ਗਿਆ। ਉਸਨੂੰ ਸਤਲੁਜ ਦੇ ਪਾਣੀ ਦੀ ਡੂੰਘਾਈ ਦਾ ਅੰਦਾਜ਼ਾ ਨਹੀਂ ਸੀ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਉਸਨੂੰ ਡੁੱਬਦਾ ਦੇਖ ਕੇ ਆਪਣੇ ਪਰਿਵਾਰ ਨਾਲ ਮੱਥਾ ਟੇਕਣ ਆਏ ਵਿਕਾਸ ਨੇ ਉਸਨੂੰ ਬਚਾਉਣ ਲਈ ਆਪਣਾ ਹੱਥ ਅੱਗੇ ਕੀਤਾ , ਉਹ ਵੀ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ।
ਇਸ ਦੌਰਾਨ 2 ਹੋਰ ਲੋਕ ਉਸਨੂੰ ਬਚਾਉਣ ਲਈ ਅੱਗੇ ਆਏ ਪਰ ਉਹ ਡੁੱਬਣ ਤੋਂ ਬਚ ਗਏ ਅਤੇ ਲੋਕਾਂ ਨੇ ਬਹੁਤ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢ ਲਿਆ। ਫਿਲਹਾਲ ਕਲਸੇੜਾ ਨਿਵਾਸੀ ਰਿਤਾਂਸ਼ ਬਾਲੀ ਦੀ ਲਾਸ਼ ਗੋਤਾਖੋਰ ਕਮਲਪ੍ਰੀਤ ਦੀ ਟੀਮ ਨੇ ਬਾਹਰ ਕੱਢ ਲਈ ਹੈ ਪਰ ਹਨੇਰਾ ਹੋਣ ਕਾਰਨ ਦੂਜੇ ਵਿਅਕਤੀ ਦੀ ਲਾਸ਼ ਅਜੇ ਤੱਕ ਨਹੀਂ ਮਿਲ ਸਕੀ। ਮਹਿਤਪੁਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਰਿਤਾਂਸ਼ ਦੀ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।
- PTC NEWS