Punjab News : ਉਚੇਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਭੱਲਾ ਖਿਲਾਫ਼ ਹੋਵੇਗੀ ਵਿਜੀਲੈਂਸ ਜਾਂਚ, ਜਾਣੋ ਕੀ ਹੈ ਪੂਰਾ ਮਾਮਲਾ
Punjab News : ਪੰਜਾਬ ਉਚੇਰੀ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ ਰਹੇ ਅਸ਼ਵਨੀ ਕੁਮਾਰ ਭੱਲਾ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਅਸ਼ਵਨੀ ਕੁਮਾਰ ਭੱਲਾ ਖਿਲਾਫ਼ ਹੁਣ ਪੰਜਾਬ ਵਿਜੀਲੈਂਸ ਬਿਊਰੋ ਜਾਂਚ ਕਰੇਗੀ। ਭੱਲਾ ਖਿਲਾਫ਼ ਮਿਲੀਆਂ ਸ਼ਿਕਾਇਤਾਂ 'ਤੇ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਨੇ ਇਹ ਹੁਕਮ ਦਿੱਤੇ ਹਨ। ਮਾਮਲਾ ਸੀਨੀਅਰਤਾ ਵਿੱਚ 37ਵੇਂ ਨੰਬਰ 'ਤੇ ਹੋਣ ਦੇ ਬਾਵਜੂਦ ਡੀਪੀਆਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਲਾਏ ਜਾਣ ਦਾ ਹੈ, ਜਿਸ ਤੋਂ ਬਾਅਦ ਭੱਲਾ ਦੀ ਫੌਰੀ ਤੌਰ 'ਤੇ ਲੁਧਿਆਣਾ ਬਦਲੀ ਕਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਹੁਕਮਾਂ ਤੋਂ ਬਾਅਦ ਉਚੇਰੀ ਸਿੱਖਿਆ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਨੇ ਅਸ਼ਵਨੀ ਕੁਮਾਰ ਨੂੰ ਤੁਰੰਤ ਪ੍ਰਭਾਵ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਦਲ ਕੇ ਉਨ੍ਹਾਂ ਦੀ ਤਾਇਨਾਤੀ ਬਤੌਰ ਪ੍ਰੋਫੈਸਰ ਐਸਸੀਡੀ ਸਰਕਾਰੀ ਕਾਲਜ ਲੁਧਿਆਣਾ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਅਸ਼ਵਨੀ ਕੁਮਾਰ ਲੁਧਿਆਣਾ ਦੇ ਸਰਕਾਰੀ ਕਾਲਜ 'ਚ ਕਾਮਰਸ ਦੇ ਪ੍ਰੋਫੈਸਰ ਹਨ, ਜਿਹੜੇ 2 ਸਾਲ ਪਹਿਲਾਂ ਹੀ ਡਿਪਟੀ ਡਾਇਰੈਕਟਰ ਬਣਾਏ ਗਏ ਸਨ।
ਮੁੱਖ ਮੰਤਰੀ ਨੂੰ ਪੁੱਜੀਆਂ ਸ਼ਿਕਾਇਤਾਂ 'ਚ ਕਿਹਾ ਗਿਆ ਸੀ ਕਿ ਅਸ਼ਵਨੀ ਕੁਮਾਰ ਭੱਲਾ ਦਾ ਪ੍ਰੋਫੈਸਰਾਂ ਦੀ ਸੀਨੀਅਰਤਾ ਸੂਚੀ ਵਿਚ 37ਵਾਂ ਨੰਬਰ ਹੈ ਪ੍ਰੰਤੂ ਪੰਜਾਬ ਸਰਕਾਰ ਨੇ 36 ਪ੍ਰੋਫੈਸਰਾਂ ਨੂੰ ਪਾਸੇ ਕਰਕੇ ਭੱਲਾ ਨੂੰ ਡਿਪਟੀ ਡਾਇਰੈਕਟਰ ਲਾਇਆ ਸੀ। ਇਸ ਪ੍ਰੋਫੈਸਰ ਨੂੰ ਵਧੀਕ ਇੰਕਰੀਮੈਂਟ ਦੀ ਰਿਕਵਰੀ ਵੀ ਪਈ ਹੋਈ ਹੈ।
ਸ਼ਿਕਾਇਤਾਂ ਅਨੁਸਾਰ ਡੀਪੀਆਈ (ਕਾਲਜਾਂ) 'ਚ 2 ਡਿਪਟੀ ਡਾਇਰੈਕਟਰ ਲਾਏ ਜਾ ਸਕਦੇ ਹਨ, ਜਦੋਂਕਿ ਪੰਜਾਬ ਸਰਕਾਰ ਨੇ ਅਸ਼ਵਨੀ ਕੁਮਾਰ ਨੂੰ ਤੀਜੇ ਡਿਪਟੀ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਹੋਇਆ ਸੀ।
ਅਸ਼ਵਨੀ ਕੁਮਾਰ ਭੱਲਾ ਨੇ ਕੀ ਕਿਹਾ
ਉਧਰ, ਮਾਮਲੇ ਬਾਰੇ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਦਲੇ ਗਏ ਅਸ਼ਵਨੀ ਕੁਮਾਰ ਭੱਲਾ ਨੇ ਕਿਹਾ ਕਿ ਉਹ ਆਪਣੀ ਬਦਲੀ ਕੀਤੇ ਜਾਣ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ। ਇਹ ਪੰਜਾਬ ਸਰਕਾਰ ਦਾ ਆਪਣਾ ਫੈਸਲਾ ਹੈ।
- PTC NEWS