Punjab Weather : ਪੰਜਾਬ ’ਚ ਮੌਸਮ ਹੋਇਆ ਸਾਫ਼, ਹੁਣ ਇਸ ਦਿਨ ਦਾ ਅਲਰਟ ਕੀਤਾ ਜਾਰੀ
Punjab Weather : ਪੰਜਾਬ ਵਿੱਚ ਅੱਜ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ। ਮੌਸਮ ਵਿਗਿਆਨ ਕੇਂਦਰ ਮੁਤਾਬਕ ਜੇਕਰ ਅੱਜ ਦੇ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਮਾਨਸੂਨ ਫਿਰ ਤੋਂ ਸੁਸਤ ਹੋ ਗਿਆ ਹੈ। ਹਲਕੀ ਬਾਰਿਸ਼ ਤੋਂ ਬਾਅਦ ਸੂਬੇ ਦੇ ਤਾਪਮਾਨ ਵਿੱਚ 1.3 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ। ਜਦੋਂਕਿ ਸਭ ਤੋਂ ਵੱਧ ਤਾਪਮਾਨ ਲੁਧਿਆਣਾ ਅਧੀਨ ਪੈਂਦੇ ਸਮਰਾਲਾ ਵਿੱਚ 36.4 ਡਿਗਰੀ ਦਰਜ ਕੀਤਾ ਗਿਆ।
ਪੰਜਾਬ ਵਿੱਚ ਮੌਨਸੂਨ ਦੀ ਰਫ਼ਤਾਰ ਮੱਠੀ
ਪੰਜਾਬ 'ਚ ਮਾਨਸੂਨ ਦੀ ਰਫ਼ਤਾਰ ਮੱਠੀ ਹੁੰਦੀ ਨਜ਼ਰ ਆ ਰਹੀ ਹੈ। ਅਗਸਤ ਮਹੀਨੇ ਵਿੱਚ ਚੰਗੀ ਬਾਰਿਸ਼ ਹੋਣ ਦੀ ਉਮੀਦ ਸੀ। ਪਰ ਮਹੀਨੇ ਦੇ ਪਹਿਲੇ 15 ਦਿਨਾਂ 'ਚ 10 ਫੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ ਹੈ। ਹਾਲਾਂਕਿ ਮੌਸਮ ਵਿਭਾਗ ਨੇ ਇਸ ਨੂੰ ਆਮ ਦੱਸਿਆ ਹੈ ਪਰ 10 ਜ਼ਿਲ੍ਹੇ ਅਜਿਹੇ ਹਨ ਜਿੱਥੇ ਆਮ ਨਾਲੋਂ 21 ਤੋਂ 70 ਫੀਸਦੀ ਘੱਟ ਬਾਰਿਸ਼ ਹੋਈ ਹੈ। ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਲਾਲ ਅਤੇ ਪੀਲੇ ਜ਼ੋਨ ਵਿੱਚ ਰੱਖਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 1 ਅਗਸਤ ਤੋਂ 15 ਅਗਸਤ ਤੱਕ 86.6 ਫੀਸਦੀ ਬਾਰਿਸ਼ ਹੋਣੀ ਚਾਹੀਦੀ ਸੀ। ਪਰ ਹੁਣ ਤੱਕ ਇੱਥੇ ਸਿਰਫ਼ 77.6 ਫ਼ੀਸਦੀ ਮੀਂਹ ਹੀ ਪਿਆ ਹੈ।
21 ਅਗਸਤ ਨੂੰ ਮੁੜ ਮੀਂਹ ਪੈਣ ਦੀ ਸੰਭਾਵਨਾ
21 ਅਗਸਤ ਨੂੰ ਮੁੜ ਪੰਜਾਬ ਵਿੱਚ ਚੰਗੀ ਬਾਰਿਸ਼ ਹੋਣ ਦੇ ਆਸਾਰ ਹਨ। ਆਈਐਮਡੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ 21 ਅਗਸਤ ਨੂੰ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ ਨੂੰ ਛੱਡ ਕੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
- PTC NEWS