
ਨਵੀਂ ਦਿੱਲੀ : ਸੁਪਰੀਮ ਕੋਰਟ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ‘ਤੇ ਰੋਕ ਲਾਏ ਜਾਣ ਦੇ ਬਾਵਜੂਦ ਵੀ ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਕਿਸਾਨ ਪਿਛਲੇ 52 ਦਿਨਾਂ ਤੋਂ ਦਿੱਲੀ ਦੀਆਂ ਵੱਖ -ਵੱਖ ਸਰਹੱਦਾਂ ‘ਤੇ ਡਟੇ ਹੋਏ ਹਨ। ਇਸੇ ਵਿਚਾਲੇ ਇਹ ਖ਼ਬਰ ਸਾਹਮਣੇ ਆਈ ਹੈ ਕਿ ਭਾਰਤ ਦੀ ਕੌਮੀ ਜਾਂਚ (ਏਜੰਸੀ ਐੱਨ.ਆਈ.ਏ. ) ਵੱਲੋਂ ਕਿਸਾਨ ਅੰਦੋਲਨ ਦੇ ਹਿਮਾਇਤੀਆਂ, ਕਿਸਾਨ ਆਗੂਆਂ ਤੇ ਇੱਥੋਂ ਤੱਕ ਕਿ ਅੰਦੋਲਨ ਦੀ ਰਿਪੋਰਟਿੰਗ ਕਰਨ ਵਾਲੇ ਪੱਤਰਕਾਰਾਂ ਨੂੰ ਨੋਟਿਸ ਭੇਜੇ ਹਨ ,ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਪੜ੍ਹੋ ਹੋਰ ਖ਼ਬਰਾਂ : ਦੇਸ਼ ‘ਚ ਕੋਰੋਨਾ ਵੈਕਸੀਨ ਦੀ ਹੋਈ ਸ਼ੁਰੂਆਤ, AIIMS ਦੇ ਡਾ. ਗੁਲੇਰੀਆ ਨੂੰ ਲੱਗਾ ਪਹਿਲਾ ਟੀਕਾ

ਇਸ ਨੋਟਿਸ ਵਿੱਚ ਜਿਸ ਕੇਸ ਦਾ ਜ਼ਿਕਰ ਕੀਤਾ ਗਿਆ ਹੈ, ਉਹ ਖਾਲਿਸਤਾਨ ਦੀ ਮੰਗ ਕਰਨ ਵਾਲੀ ਅਤੇ ਰੈਫਰੈਂਡਮ 2020 ਕਰਵਾਉਣ ਵਾਲੀ ਪਾਬੰਦੀਸ਼ੁਦਾ ਜਥੇਬੰਦੀ ਸਿਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਨਾਲ ਜੁੜਿਆ ਹੈ। ਐੱਨ.ਆਈ.ਏ. ਨੇ ਕਿਸਾਨ ਮੋਰਚੇ ਨਾਲ ਜੁੜੇ ਕਰੀਬ 40 ਲੋਕਾਂ ਨੂੰ ਨੋਟਿਸ ਭੇਜੇ ਹਨ।

ਐੱਨ.ਆਈ.ਏ. ਨੇ ਕੁੱਝ ਨੂੰ 17 ਜਨਵਰੀ ਨੂੰ ਦਿੱਲੀ ਸਥਿਤ ਐਨ.ਆਈ.ਏ. ਦੇ ਹੈੱਡਕੁਆਟਰ ਵਿਖੇ ਪੇਸ਼ ਹੋਣ ਲਈ ਕਿਹਾ ਹੈ। ਐੱਨ.ਆਈ.ਏ. ਦਾ ਮੰਨਣਾ ਹੈ ਕਿ ਵਕੀਲ ਪੰਨੂੰ ਦੇਸ਼ ਖਿਲਾਫ ਜੰਗ ਛੇੜਣ ਦਾ ਮਾਹੌਲ ਤਿਆਰ ਕਰ ਰਿਹਾ ਹੈ। ਜਿਨ੍ਹਾਂ ਲੋਕਾਂ ਨੂੰ ਨੋਟਿਸ ਭੇਜੇ ਗਏ ਹਨ ਉਨ੍ਹਾਂ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ।
ਪੜ੍ਹੋ ਹੋਰ ਖ਼ਬਰਾਂ :ਭਾਰਤ ਦੇ ਇਸ ਵਿਅਕਤੀ ਨੂੰ ਸਭ ਤੋਂ ਪਹਿਲਾਂ ਲੱਗਾ ਕੋਰੋਨਾ ਦਾ ਟੀਕਾ , ਜਾਣੋਂ ਕੌਣ ਹੈ ਇਹ ਸ਼ਖਸ

1. ਬਲਦੇਵ ਸਿੰਘ ਸਿਰਸਾ (ਅੰਮ੍ਰਿਤਸਰ)
2. ਪੱਤਰਕਾਰ ਬਲਤੇਜ ਪੰਨੂ (ਪਟਿਆਲਾ)
3. ਮਨਦੀਪ ਸਿੰਘ ਸਿੱਧੂ (ਦੀਪ ਸਿੱਧੂ ਦਾ ਭਰਾ)
4. ਪਰਮਜੀਤ ਸਿੰਘ ਅਕਾਲੀ (ਅੰਮ੍ਰਿਤਸਰ)
5. ਨੋਬਲਜੀਤ ਸਿੰਘ (ਹੁਸ਼ਿਆਰਪੁਰ)
6. ਜੰਗ ਸਿੰਘ (ਲੁਧਿਆਣਾ)
7. ਪ੍ਰਦੀਪ ਸਿੰਘ (ਲੁਧਿਆਣਾ)
8. ਸੁਰਿੰਦਰ ਸਿੰਘ ਠੀਕਰੀਵਾਲਾ (ਬਰਨਾਲਾ)
9. ਪਲਵਿੰਦਰ ਸਿੰਘ (ਅਮਰਕੋਟ)
10. ਇੰਦਰਪਾਲ ਸਿੰਘ ਜੱਜ (ਲੁਧਿਆਣਾ)
11. ਰਣਜੀਤ ਸਿੰਘ ਦਮਦਮੀ ਟਕਸਾਲ (ਅੰਮ੍ਰਿਤਸਰ)
12. ਕਰਨੈਲ ਸਿੰਘ ਦਸੂਹਾ (ਹੁਸ਼ਿਆਰਪੁਰ)
13. ਪੱਤਰਕਾਰ ਜਸਵੀਰ ਸਿੰਘ( ਸ੍ਰੀ ਮੁਕਤਸਰ ਸਾਹਿਬ) 14.ਦੀਪ ਸਿੱਧੂ (ਫ਼ਿਲਮ ਅਦਾਕਾਰ)

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਕਿਸਾਨ ਅੰਦੋਲਨ ‘ਚ ਸ਼ਾਮਿਲ ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਭਲਕੇ ਐਨ.ਆਈ.ਏ. ਸਾਹਮਣੇ ਪੇਸ਼ ਨਹੀਂ ਹੋਣਗੇ। ਬਲਦੇਵ ਸਿੰਘ ਸਿਰਸਾ ਨੇ ਦੱਸਿਆ ਸਰਕਾਰ ਜਾਣ-ਬੁੱਝ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ ਤੇ ਕੁਝ ਰੁਝੇਵਿਆਂ ਕਾਰਨ ਉਹ ਭਲਕੇ ਐਨ.ਆਈ.ਏ. ਸਾਹਮਣੇ ਪੇਸ਼ ਨਹੀਂ ਹੋਣਗੇ।

ਸਿਰਸਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਬਹੁਤ ਸਾਰੇ ਕਿਸਾਨ ਸੰਘਰਸ਼ ‘ਚ ਸੇਵਾ ਕਰ ਰਹੇ ਵਿਅਕਤੀਆਂ ਨੂੰ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਪਰੇਸ਼ਾਨ ਕਰਨ ਲਈ ਨੋਟਿਸ ਭੇਜੇ ਗਏ ਹਨ। ਉਨ੍ਹਾਂ ਕਿਹਾ ਇਹ ਮਾਮਲਾ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਕਿਸਾਨ ਜਥੇਬੰਦੀਆਂ ਦੀ ਹੋਣ ਵਾਲੀ ਮੀਟਿੰਗ ‘ਚ ਵੀ ਉਠਾਇਆ ਜਾਵੇਗਾ। ਇਸ ਦੌਰਾਨ ਰਣਜੀਤ ਸਿੰਘ ਦਮਦਮੀ ਨੋਬਲਜੀਤ ਸਿੰਘ ਹੁਸ਼ਿਆਰਪੁਰ, ਪਰਮਜੀਤ ਸਿੰਘ ਅਕਾਲੀ ਆਦਿ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਐਨ. ਆਈ. ਏ. ਵੱਲੋਂ ਵ੍ਹਟਸਐਪ ਰਾਹੀਂ ਨੋਟਿਸ ਭੇਜੇ ਗਏ ਹਨ।
-PTCNews