ਮੁੱਖ ਖਬਰਾਂ

Nirbhaya Case:ਨਿਰਭੈਆ ਗੈਂਗਰੇਪ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਅੱਜ ਸਵੇਰੇ ਤਿਹਾੜ ਜੇਲ੍ਹ ਵਿੱਚ ਦਿੱਤੀ ਫਾਂਸੀ

By Shanker Badra -- March 20, 2020 6:03 am -- Updated:Feb 15, 2021

Nirbhaya Case:ਨਿਰਭੈਆ ਗੈਂਗਰੇਪ ਮਾਮਲੇ ਦੇ ਚਾਰੇ ਦੋਸ਼ੀਆਂ ਨੂੰ ਅੱਜ ਸਵੇਰੇ ਤਿਹਾੜ ਜੇਲ੍ਹ ਵਿੱਚ ਦਿੱਤੀ ਫਾਂਸੀ:ਨਵੀਂ ਦਿੱਲੀ : ਨਿਰਭੈਆ ਗੈਂਗਰੇਪ ਅਤੇ ਕਤਲ ਕੇਸ ਵਿੱਚ ਦੋਸ਼ੀ ਠਹਿਰਾਏ ਗਏ ਚਾਰੇ ਵਿਅਕਤੀਆਂ ਨੂੰ ਅੱਜ ਸਵੇਰੇ -ਸਵੇਰੇ 5.30 ਵਜੇ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ ਹੈ। ਨਿਰਭੈਆ ਗੈਂਗਰੇਪ ਅਤੇ ਕਤਲ ਮਾਮਲੇ ਦੇ ਚਾਰੇ ਦੋਸ਼ੀ ਵਿਨੈ ਸ਼ਰਮਾ (26), ਮੁਕੇਸ਼ ਸਿੰਘ (32), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਨੂੰ  ਆਖ਼ਿਰਕਾਰ ਸਜ਼ਾ ਮਿਲ ਗਈ ਹੈ। ਜਿਸ ਕਰਕੇ ਅੱਜ ਨਿਰਭੈਆ ਨੂੰ 7 ਸਾਲ, 3 ਮਹੀਨੇ ਅਤੇ 4 ਦਿਨ ਬਾਅਦ ਇਨਸਾਫ਼ ਮਿਲਿਆ ਹੈ।

ਇਸ ਦੌਰਾਨ ਫਾਂਸੀ ਤੋਂ ਇਕ ਦਿਨ ਪਹਿਲਾਂ ਵੀ ਦੋਸ਼ੀਆਂ ਦੇ ਵਕੀਲ ਨੇ ਇਸ ਨੂੰ ਟਾਲਣ ਲਈ ਹਰ ਤਰ੍ਹਾਂ ਦਾ ਹੱਥਕੰਡਾ ਵਰਤਿਆ ਸੀ ਪਰ ਕੁਝ ਵੀ ਕੰਮ ਨਹੀਂ ਆਇਆ। ਪਟਿਆਲਾ ਹਾਊਸ ਕੋਰਟ ਨੇ ਵੀ ਦੋਸ਼ੀਆਂ ਦੇ ਮੌਤ ਵਾਰੰਟ ’ਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ। ਜਦਕਿ ਦੋਸ਼ੀਆਂ ਦੇ ਵਕੀਲ ਏਪੀ ਸਿੰਘ ਨੇ ਕਈ ਮਾਮਲਿਆਂ ਦਾ ਹਵਾਲਾ ਦਿੰਦੇ ਹੋਏ 20 ਮਾਰਚ ਦੀ ਫਾਂਸੀ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ।
ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ ਛੇ ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।
-PTCNews

  • Share