ਉੱਤਰ ਕੋਰੀਆ ‘ਤੇ ਟਰੰਪ ਦਾ ਨਿਸ਼ਾਨਾ, “ਤਾਨਾਸ਼ਾਹ” ਕਿਮ ਜੋਂਗ-ਉਨ ਦੀ ਸਿਹਤ ‘ਗੰਭੀਰ’ ਹੋਣ ਦੀ ਖ਼ਬਰ ਨੂੰ ਦੱਸਿਆ ਗ਼ਲਤ

North Korea Kim Jong-Un

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਖ਼ਬਰਾਂ ਨੂੰ ਰੱਦ ਕਰ ਦਿੱਤਾ, ਜਿਨ੍ਹਾਂ ਵਿੱਚ ਕਿ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਦੇ ਬਿਮਾਰ ਹੋਣ ਦਾ ਜ਼ਿਕਰ ਕੀਤਾ ਗਿਆ ਸੀ, ਉਲਟਾ ਆਪਣੇ ਅੰਦਾਜ਼ ਮੁਤਾਬਿਕ ਉਨ੍ਹਾਂ ਇਹ ਖ਼ਬਰਾਂ ਚਲਾਉਣ ਲਈ ਸੀਐੱਨਐੱਨ (CNN) ਦੀ ਆਲੋਚਨਾ ਕੀਤੀ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਟਰੰਪ ਨੇ ਕਿਹਾ, “ਮੈਨੂੰ ਲੱਗਦਾ ਹੈ ਕਿ ਰਿਪੋਰਟ ਗ਼ਲਤ ਸੀ, ਮੈਨੂੰ ਇਸ ਨੂੰ ਇਸ ਤਰ੍ਹਾਂ ਹੀ ਦੱਸਣਾ ਚਾਹੀਦਾ ਹੈ।” “ਮੇਰੇ ਸੁਣਨ ਵਿੱਚ ਆਇਆ ਹੈ ਕਿ ਉਨ੍ਹਾਂ ਨੇ ਪੁਰਾਣੇ ਦਸਤਾਵੇਜ਼ ਵਰਤੇ ਸਨ”

ਟਰੰਪ ਨੇ ਇਹ ਕਹਿਣ ਤੋਂ ਇਨਕਾਰ ਕਰ ਦਿੱਤਾ ਕਿ ਉਨ੍ਹਾਂ ਨੂੰ ਉੱਤਰੀ ਕੋਰੀਆ ਤੋਂ ਕਿਮ ਦੇ ਠੀਕ ਹੋਣ ਜਾਂ ਨਾ ਹੋਣ ਬਾਰੇ ਕੋਈ ਸਿੱਧੀ ਜਾਣਕਾਰੀ ਹੈਂ।

ਇਸ ਦੀ ਬਜਾਏ ਟਰੰਪ ਨੇ ਕੇਬਲ ਨਿਊਜ਼ ਨੈਟਵਰਕ (CNN) ‘ਤੇ ਨਿਸ਼ਾਨੇ ਸੇਧੇ, ਜਿਸ ਨਾਲ ਅਮਰੀਕੀ ਰਾਸ਼ਟਰਪਤੀ ਦੇ ਤਲਖ਼ੀ ਭਰੇ ਰਿਸ਼ਤੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ।

ਕੋਰੋਨਾਵਾਇਰਸ ਮਹਾਂਮਾਰੀ ਬਾਰੇ ਇੱਕ ਸੰਖੇਪ ਵਾਰਤਾ ਦੌਰਾਨ ਟਰੰਪ ਨੇ ਨੈਟਵਰਕ ਦੇ ਇੱਕ ਪੱਤਰਕਾਰ ਦੇ ਹੋਰ ਸਵਾਲ ਦੇ ਜਵਾਬ ਦੇਣ ਤੋਂ ਇਨਕਾਰ ਕਰਨ ਤੋਂ ਪਹਿਲਾਂ ਕਿਹਾ “ਮੈਨੂੰ ਲੱਗਦਾ ਹੈ ਕਿ ਇਹ ਸੀਐੱਨਐੱਨ ਵੱਲੋਂ ਪੇਸ਼ ਕੀਤੀ ਗਈ ਇੱਕ ਜਾਅਲੀ ਰਿਪੋਰਟ ਸੀ”

ਸੀਐੱਨਐੱਨ ਨੇ ਇੱਕ ‘ਅਗਿਆਤ’ ਅਮਰੀਕੀ ਅਧਿਕਾਰੀ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਨੂੰ ਰਿਪੋਰਟ ਦਿੱਤੀ ਸੀ ਕਿ ਵਾਸ਼ਿੰਗਟਨ “ਇੰਟੈਲੀਜੈਂਸ” ਰਾਹੀਂ ਇਸ ਗੱਲ ਦੀ ਨਿਗਰਾਨੀ ਕਰ ਰਿਹਾ ਸੀ ਕਿ ਕਿਮ ਸਰਜਰੀ ਤੋਂ ਬਾਅਦ “ਗੰਭੀਰ ਖਤਰੇ” ਵਿੱਚ ਸੀ।

ਉੱਤਰ ਕੋਰੀਆ ਦੇ ਦਲ-ਬਦਲੂਆਂ ਵੱਲੋਂ ਚਲਾਇਆ ਜਾਂਦਾ ਡੇਲੀ ਐੱਨਕੇ ਨਾਂਅ ਦੇ ਇੱਕ ਆਨਲਾਈਨ ਮੀਡੀਆ ਅਦਾਰੇ ਨੇ ਵੱਖਰੇ ਤੌਰ ‘ਤੇ ਕਿਹਾ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਮ ਦਾ ਦਿਲ ਦਾ ਅਪਰੇਸ਼ਨ ਹੋਇਆ ਅਤੇ ਇਸ ਤੋਂ ਠੀਕ ਹੋਣ ਲਈ ਉਹ ਉੱਤਰੀ ਪਿਓਂਗਾਨ ਪ੍ਰਾਂਤ ਵਿਖੇ ਰਹਿ ਰਿਹਾ ਸੀ।

ਇਸ ਵਿਚ ਕਿਹਾ ਗਿਆ ਹੈ ਕਿ 30 ਤੋਂ 40 ਸਾਲਾਂ ਦੇ ਵਿਚਕਾਰ ਉਮਰ ਦੇ ਕਿਮ ਨੂੰ ਭਾਰੀ ਤੰਬਾਕੂਨੋਸ਼ੀ, ਮੋਟਾਪਾ ਅਤੇ ਥਕਾਵਟ ਦੀਆਂ ਕਾਰਨ ਤੁਰੰਤ ਇਲਾਜ ਦੀ ਜ਼ਰੂਰਤ ਸੀ।

ਟਰੰਪ ਦੇ ਇਨਕਾਰੀ ਬਿਆਨ ਰਿਪੋਰਟ ਆਉਣ ਤੋਂ ਦੋ ਦਿਨ ਬਾਅਦ ਆਏ, ਜਦੋਂ ਉਸ ਨੇ ਇਸ ਮਾਮਲੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਉਹ ਸਿਰਫ ਕਿਮ ਨੂੰ ਸ਼ੁਭਕਾਮਨਾਵਾਂ ਦਿੰਦਾ ਹੈ।

“ਯਾਦ ਰੱਖੋ, ਜੇ ਮੈਂ ਰਾਸ਼ਟਰਪਤੀ ਨਾ ਚੁਣਿਆ ਜਾਂਦਾ ਤਾਂ ਤੁਸੀਂ ਉੱਤਰੀ ਕੋਰੀਆ ਨਾਲ ਜੰਗ ਲੜ ਰਹੇ ਹੁੰਦੇ।” ਟਰੰਪ ਨੇ ਕਿਹਾ।

ਟਰੰਪ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਕਿ ਕਿਮ ਨਾਲ ਉਸ ਦਾ ਆਖਰੀ ਵਾਰ ਸੰਪਰਕ ਕਦੋਂ ਹੋਇਆ ਸੀ, ਉਸ ਨੇ ਕਿਹਾ “ਉੱਤਰੀ ਕੋਰੀਆ ਨਾਲ ਸਾਡੇ ਚੰਗੇ ਸੰਬੰਧ ਹਨ, ਐਨੇ ਕੁ ਚੰਗੇ ਜਿਹੜੇ ਕਿਸੇ ਨਾਲ ਆਮ ਹੁੰਦੇ ਹਨ”

ਕਿਮ ਦੀ ਸਿਹਤ ਬਾਰੇ ਖਬਰਾਂ ਸਾਹਮਣੇ ਆਉਣ ਤੋਂ ਥੋੜ੍ਹੀ ਦੇਰ ਪਹਿਲਾਂ, ਟਰੰਪ ਨੇ ਕਿਹਾ ਕਿ ਉਸ ਨੂੰ ਉੱਤਰੀ ਕੋਰੀਆ ਆਗੂ ਵੱਲੋਂ ਇੱਕ “ਚੰਗਾ ਨੋਟ” ਮਿਲਿਆ ਹੈ, ਪਰ ਉੱਤਰੀ ਕੋਰੀਆ ਨੇ ਅਜਿਹਾ ਕੋਈ ਸੰਦੇਸ਼ ਭੇਜਣ ਤੋਂ ਇਨਕਾਰ ਕਰ ਦਿੱਤਾ।

15 ਅਪ੍ਰੈਲ ਨੂੰ ਆਪਣੇ ਦਾਦਾ ਤੇ ਇਸ ਸ਼ਾਸਨ ਦੇ ਬਾਣੀ ਕਿਮ ਇਲ ਸੁੰਗ ਦੇ ਜਨਮ ਦਿਨ ਸਮਾਗਮਾਂ ‘ਚੋਂ ਸਪੱਸ਼ਟ ਤੌਰ ‘ਤੇ ਗੈਰਹਾਜ਼ਰ ਰਿਹਾ। ਉੱਤਰੀ ਕੋਰੀਆ ਦੇ ਰਾਜਨੀਤਿਕ ਕੈਲੰਡਰ ਦਾ ਇਹ ਸਭ ਤੋਂ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ।

ਬਾਸਕਟਬਾਲ ਸਟਾਰ ਡੈਨਿਸ ਰੋਡਮੈਨ – ਜੋ ਪੋਂਪਿਓ ਅਤੇ ਟਰੰਪ ਤੋਂ ਇਲਾਵਾ ਕਿਮ ਨੂੰ ਮਿਲਣ ਵਾਲੇ ਸਭ ਤੋਂ ਨਾਮਵਰ ਅਮਰੀਕੀ ਸੀ – ਉਸ ਨੇ ਕਿਹਾ ਕਿ ਉਹ ਉਨ੍ਹਾਂ ਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰ ਰਿਹਾ ਸੀ।

ਟੀਐੱਮਜ਼ੈਡ ਨਾਂਅ ਦੀ ਇੱਕ ਵੈਬਸਾਈਟ ਨੂੰ ਰੋਡਮੈਨ ਨੇ ਕਿਹਾ “ਮੈਨੂੰ ਉਮੀਦ ਹੈ ਕਿ ਇਹ ਸਿਰਫ ਇੱਕ ਅਫ਼ਵਾਹ ਹੈ ਕਿ ਮਾਰਸ਼ਲ ਕਿਮ ਜੋਂਗ-ਉਨ ਬਿਮਾਰ ਹਨ, ਉਮੀਦ ਹੈ ਮੈਨੂੰ ਹੋਰ ਜਾਣਕਾਰੀ ਛੇਤੀ ਹੀ ਮਿਲੇਗੀ “