ਮਹਾਮਾਰੀ ਦੀ ਜੰਗ ਦੇ 'ਮਜ਼ਬੂਤ' ਜਾਂ 'ਮਜਬੂਰ' ਸਿਪਾਹੀ ? ਮਹਿਲਾ ਨਰਸ ਵੱਲੋਂ ਜ਼ਹਿਰੀਲਾ ਟੀਕਾ ਲਗਾ ਕੇ ਖ਼ੁਦਕੁਸ਼ੀ

By Panesar Harinder - May 11, 2020 2:05 pm

ਮੁੱਲਾਂਪੁਰ ਗ਼ਰੀਬਦਾਸ - ਕੋਰੋਨਾ ਮਹਾਮਾਰੀ ਦੇ ਭਿਆਨਕ ਸਮੇਂ ਦੌਰਾਨ ਸਾਰੀ ਮਨੁੱਖਤਾ ਇਸ ਜੰਗ 'ਚ ਡਟੇ ਡਾਕਟਰਾਂ, ਨਰਸਾਂ ਤੇ ਸਿਹਤ ਸਟਾਫ਼ ਪ੍ਰਤੀ ਸ਼ਲਾਘਾ ਤੇ ਧੰਨਵਾਦ ਭਾਵਨਾ ਦਾ ਪ੍ਰਗਟਾਵਾ ਕਰ ਰਹੀ ਹੈ, ਪਰ ਰਾਜਧਾਨੀ ਚੰਡੀਗੜ੍ਹ ਦੇ ਨੇੜਲੇ ਇਲਾਕਿਆਂ 'ਚ ਚਰਚਾ 'ਚ ਆਈ ਇੱਕ ਨਰਸ ਵਲੋਂ ਆਤਮਹੱਤਿਆ ਦੀ ਖ਼ਬਰ ਨਾਲ ਸਭ ਦੇ ਮਨਾਂ ਨੂੰ ਭਾਰੀ ਠੇਸ ਲੱਗੀ ਹੈ।

ਇਹ ਖ਼ੁਦਕੁਸ਼ੀ ਦੀ ਖ਼ਬਰ ਨਵਾਂਗਰਾਉਂ ਤੋਂ ਆਈ ਹੈ ਜਿੱਥੋਂ ਦੇ ਕਮਾਊ ਨਗਰ ਦੀ ਰਹਿਣ ਵਾਲੀ ਇੱਕ 44 ਸਾਲਾ ਮਹਿਲਾ ਨਰਸ ਨੇ ਜ਼ਹਿਰੀਲਾ ਟੀਕਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਦਿੱਤੀ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਮਹਿਲਾ ਨਰਸ ਦਵਿੰਦਰ ਕੌਰ ਵਲੋਂ ਅਪਣੇ ਘਰ ਵਿਚ ਹੀ ਜ਼ਹਿਰੀਲਾ ਟੀਕਾ ਲਗਾ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਸਾਹਮਣੇ ਆਈ ਜਾਣਕਾਰੀ ਵਿੱਚ ਇਸ ਖ਼ੁਦਕੁਸ਼ੀ ਦਾ ਕਾਰਨ ਡਿਊਟੀ ਵਾਲੀ ਥਾਂ ਦਾ ਬਦਲਣਾ ਤੇ ਉਸ ਤੋਂ ਉਪਜੀ ਮਾਨਸਿਕ ਪਰੇਸ਼ਾਨੀ ਦੱਸਿਆ ਗਿਆ ਹੈ।

ਪਤਾ ਲੱਗਿਆ ਹੈ ਕਿ ਮ੍ਰਿਤਕ ਮਹਿਲਾ ਪੀ.ਜੀ.ਆਈ. ਚੰਡੀਗੜ੍ਹ ਵਿਖੇ ਨੌਕਰੀ ਕਰਦੀ ਸੀ ਅਤੇ ਨਵੀਂ ਓ.ਪੀ.ਡੀ. ਤੋਂ ਬਦਲ ਕੇ ਡਿਊਟੀ ਹੋਰ ਥਾਂ ਲਗਾਉਣ ਨੂੰ ਲੈ ਕੇ ਕਾਫ਼ੀ ਪਰੇਸ਼ਾਨ ਚੱਲ ਰਹੀ ਸੀ। ਖ਼ੁਦਕੁਸ਼ੀ ਤੋਂ ਕੁਝ ਦਿਨ ਪਹਿਲਾਂ ਇਸ ਔਰਤ ਵੱਲੋਂ ਅਪਣੀ ਨਸ ਕੱਟ ਲਏ ਜਾਣ ਬਾਰੇ ਵੀ ਪਤਾ ਲੱਗਿਆ ਹੈ।

ਮ੍ਰਿਤਕਾ ਦਵਿੰਦਰ ਕੌਰ ਦੇ ਪਤੀ ਅਮਿਤ ਕੁਮਾਰ ਦੇ ਦੱਸਣ ਅਨੁਸਾਰ ਉਸ ਦੀ ਪਤਨੀ ਡਿਊਟੀ ਬਦਲੇ ਜਾਣ ਕਾਰਨ ਪਰੇਸ਼ਾਨੀ ਵਿੱਚ ਸੀ। ਇਸੇ ਕਾਰਨ ਉਸ ਨੇ 2 ਮਹੀਨਿਆਂ ਦੀ ਛੁੱਟੀ ਵੀ ਲਈ ਸੀ। ਉਸ ਨੂੰ ਨਵੀਂ ਓ.ਪੀ.ਡੀ.ਜੁਆਇਨ ਕਰਵਾ ਦਿੱਤਾ ਗਿਆ ਪਰ ਜਦੋਂ ਉਹ ਡਿਤੁਈ 'ਤੇ ਗਈ ਤਾਂ ਉਸ ਨੂੰ ਮੈਡੀਕਲ ਜਮ੍ਹਾਂ ਕਰਵਾਉਣ ਲਈ ਪਰੇਸ਼ਾਨ ਕੀਤਾ ਜਾਣ ਲੱਗਾ। ਦਵਿੰਦਰ ਨੇ ਕਿਹਾ ਕਿ ਉਹ ਲੌਕਡਾਊਨ ਤੋਂ ਬਾਅਦ ਜਮ੍ਹਾਂ ਕਰਵਾ ਦੇਵੇਗੀ, ਪਰ ਸੀਨੀਅਰਾਂ ਵੱਲੋਂ ਉਸ ਨੂੰ ਵਾਰ-ਵਾਰ ਪਰੇਸ਼ਾਨ ਕੀਤਾ ਗਿਆ ਤੇ ਨੌਕਰੀ ਤੋਂ ਕਢਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।

ਮ੍ਰਿਤਕਾ ਦੇ ਪਤੀ ਦੇ ਬਿਆਨਾਂ ਦੇ ਅਧਾਰ 'ਤੇ ਪੁਲਿਸ ਨੇ ਕਨੂੰਨੀ ਕਾਰਵਾਈ ਕਰਦਿਆਂ 4 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਮਹਿਲਾ ਦੀ ਲਾਸ਼ ਨੂੰ ਮੁਰਦਾ ਘਰ ਵਿਖੇ ਰਖਵਾ ਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

adv-img
adv-img