adv-img
ਧਰਮ ਅਤੇ ਵਿਰਾਸਤ

ਹਜ਼ਰਤ ਮੁਹੰਮਦ ਦੇ ਆਗਮਨ ਪੁਰਬ 'ਤੇ ਸਾਂਝੀਵਾਲਤਾ ਦਾ ਸੁਨੇਹਾ ਦਿੰਦੇ ਹੋਏ ਮੁਸਲਿਮ ਭਾਈਚਾਰੇ ਨੇ ਕੱਢਿਆ ਜਲਸਾ

By Jasmeet Singh -- October 9th 2022 06:02 PM

ਬਠਿੰਡਾ, 9 ਅਕਤੂਬਰ: ਰਬੀ ਉਲ ਅਵਲ ਇਸਲਾਮੀ ਕੈਲੰਡਰ ਦਾ ਤੀਜਾ ਮਹੀਨਾ ਹੈ, ਜਿਸਨੂੰ ਹਿਜਰੀ ਕੈਲੰਡਰ ਵੀ ਕਿਹਾ ਜਾਂਦਾ ਹੈ। ਇਸਲਾਮੀ ਇਤਿਹਾਸ ਵਿਚ ਰਬੀ ਉਲ ਅਵਲ ਸਭ ਤੋਂ ਮਹੱਤਵਪੂਰਨ ਮਹੀਨਾ ਹੈ ਕਿਉਂਕਿ ਇਸ ਮਹੀਨੇ ਵਿਚ ਮਨੁੱਖਤਾ ਨੂੰ ਪੈਗੰਬਰ ਮੁਹੰਮਦ ਸਾਹਿਬ ਦੇ ਜਨਮ ਦੁਆਰਾ ਬਖਸ਼ਿਸ਼ ਕੀਤੀ ਗਿਆ ਸੀ। ਇਸ ਲਈ ਇਸ ਮਹੀਨੇ ਨੂੰ ਪੈਗੰਬਰ ਮੁਹੰਮਦ ਸਾਹਿਬ ਦੇ ਜਨਮ ਦੇ ਮਹੀਨੇ ਵਜੋਂ ਵੀ ਜਾਣਿਆ ਜਾਂਦਾ ਹੈ। ਹਜ਼ਰਤ ਮੁਹੰਮਦ ਸਾਹਿਬ ਨੇ ਹਮੇਸ਼ਾਂ ਹੀ ਪਿਆਰ-ਮੁਹੱਬਤ, ਆਪਸੀ ਭਾਈਚਾਰੇ ਦਾ ਪਾਠ ਪੜ੍ਹਿਆ ਹੈ ਇਸ ਲਈ ਅੱਜ ਦੇ ਦਿੱਨ ਨੂੰ 12 ਵਫਾਤ ਵੀ ਕਿਹਾ ਜਾਂਦਾ ਹੈ। ਇਹੀ ਵਜ੍ਹਾ ਹੈ ਕਿ ਅੱਜ ਦੇ ਦਿਨ ਮੁਸਲਮਾਨ ਆਪਣੇ ਪਿਆਰੇ ਨਬੀ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ਦੇ ਮੁਤਾਬਿਕ ਆਪਣਾ ਜੀਵਨ ਵਤੀਤ ਕਰਨ ਦਾ ਸਕੰਲਪ ਦੁਹਰਾਉਂਦੇ ਹਨ।

ਸ਼ਾਹੀ ਇਮਾਮ ਨੇ ਕਿਹਾ ਕਿ 14 ਸੌਅ ਸਾਲ ਬੀਤ ਜਾਣ ਤੋਂ ਬਾਅਦ ਵੀ ਆਪ ਦੀਆਂ ਸਿੱਖਿਆਵਾਂ ਕਿਸੇ ਤਬਦੀਲੀ ਤੋਂ ਬਿਨਾਂ ਵਿਸ਼ੇਸ਼ ਤੌਰ 'ਤੇ ਮੌਜੂਦ ਹਨ ਅਤੇ ਮਨੁੱਖ ਜਾਤੀ ਦੇ ਮਾਰਗ ਦਰਸ਼ਨ ਲਈ ਆਸ਼ਾ ਦੀ ਕਿਰਨ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਅਲ੍ਹਾਹ ਤਾਆਲਾ ਨੇ ਕੁਰਾਨ ਸ਼ਰੀਫ ਵਿਚ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਆਖਰੀ ਨਬੀ ਹਨ, ਹੁਣ ਕੋਈ ਹੋਰ ਵਿਅਕਤੀ ਕਿਆਮਤ ਤੱਕ ਨਬੀ ਬਣ ਕੇ ਨਹੀਂ ਆ ਸਕਦਾ। ਉਨ੍ਹਾਂ ਕਿਹਾ ਕਿ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਦੇ ਦੁਨੀਆਂ 'ਚ ਆਉਣ ਤੋਂ ਪਹਿਲਾਂ ਲੋਕ ਧੀਆਂ ਨੂੰ ਜਿੰਦਾ ਦਫ਼ਨ ਕਰ ਦਿੰਦੇ ਸਨ। ਹਜ਼ਰਤ ਮੁਹੰਮਦ ਸਾਹਿਬ ਸਲੱਲਾਹੁ ਅਲੈਹੀਵਸੱਲਮ ਨੇ ਦੁਨੀਆਂ 'ਚ ਆ ਕੇ ਇਸ ਜੁਲਮ ਨੂੰ ਰੋਕਿਆ ਅਤੇ ਧੀ ਨੂੰ ਅਲ੍ਹਾ ਦੀ ਰਹਿਮਤ ਦੱਸਿਆ।

ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਧਰਮ ਆਪਸੀ ਭਾਈਚਾਰੇ ਅਤੇ ਸ਼ਾਂਤੀ ਦਾ ਸੰਦੇਸ਼ ਦਿੰਦਾ ਹੈ, ਫਿਰਕੂ ਤਾਕਤਾਂ ਵਲੋਂ ਇਸਲਾਮ ਧਰਮ ਨੂੰ ਅੱਤਵਾਦ ਨਾਲ ਜੋੜਨਾ ਗਲਤ ਹੈ, ਬਲਕਿ ਨਿੰਦਨਯੋਗ ਹੈ। ਉਨ੍ਹਾਂ ਕਿਹਾ ਕਿ ਇਸਲਾਮ ਧਰਮ ਦੇ ਖ਼ਿਲਾਫ਼ ਨਿੰਦਨਯੋਗ ਗੱਲਾਂ ਇੰਨਸਾਨੀਅਤ ਦੇ ਲਈ ਸ਼ਰਮਨਾਕ ਹਨ। ਸ਼ਾਹੀ ਇਮਾਮ ਨੇ ਕਿਹਾ ਕਿ ਮੁਸਲਮਾਨ ਹਜ਼ਰਤ ਮੁਹੰਮਦ ਸਾਹਿਬ ਸਲੱਲਾਹੂ ਅਲੈਹੀਵਸਲੱਮ ਨਾਲ ਅਪਣੀ ਜਾਨ ਤੋਂ ਵੱਧ ਪਿਆਰ ਕਰਦੇ ਹਨ। ਇਸ ਮੌਕੇ ਬਠਿੰਡਾ ਪੁਲਿਸ ਵੱਲੋਂ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਲਗਾਈ ਗਈ ਸੀ ਅਤੇ ਸਕਿਉਰਿਟੀ ਦੇ ਵੀ ਪੂਰੇ ਪ੍ਰਬੰਧ ਕੀਤੇ ਗਏ ਸਨ।

-PTC News

  • Share