ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਦੇ ਹਰ ਪਿੰਡ 'ਚ ਸਿੱਖੀ ਪ੍ਰਚਾਰ ਲਈ ਪ੍ਰਚਾਰ ਵਹੀਰਾਂ ਰਵਾਨਾ

By Shanker Badra - September 08, 2021 9:09 am

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਧਰਮ ਪ੍ਰਚਾਰ ਲਹਿਰ ਤਹਿਤ ਪੰਜਾਬ ਦੇ ਸਾਰੇ ਪਿੰਡਾਂ ਤੱਕ ਪਹੁੰਚ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਇਸ ਤਹਿਤ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਅੱਜ ਵੱਖ-ਵੱਖ ਹਲਕਿਆਂ ਲਈ ਪ੍ਰਚਾਰ ਵਹੀਰਾਂ ਨੂੰ ਰਵਾਨਾ ਕੀਤਾ, ਜੋ ਇਕ ਪਿੰਡ ਵਿਚ ਇਕ ਹਫ਼ਤਾ ਸਿੱਖੀ ਦਾ ਪ੍ਰਚਾਰ ਕਰਨਗੀਆਂ ਅਤੇ ਇਹ ਲੜੀ ਲਗਾਤਾਰ ਜਾਰੀ ਰਹੇਗੀ।

ਬੀਬੀ ਜਗੀਰ ਕੌਰ ਨੇ ਦੱਸਿਆ ਕਿ ਨੌਵੇਂ ਪਾਤਸ਼ਾਹ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਤੋਂ ਪਹਿਲਾਂ ਕੋਰੋਨਾ ਕਾਰਨ ਪਿੰਡਾਂ ਅੰਦਰ ਸਮਾਗਮ ਨਹੀਂ ਕੀਤੇ ਜਾ ਸਕੇ ਸਨ, ਜਿਨ੍ਹਾਂ ਨੂੰ ਹੁਣ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਧਰਮ ਪ੍ਰਚਾਰ ਲਹਿਰ ‘ਘਰਿ ਘਰਿ ਅੰਦਰਿ ਧਰਮਸਾਲ’ ਦੇ ਬੈਨਰ ਹੇਠ ਚਲਾਈ ਗਈ ਹੈ ਅਤੇ ਇਕੋ ਸਮੇਂ ’ਤੇ 100 ਪ੍ਰਚਾਰਕ ਜਥੇ ਪਿੰਡਾਂ ਵਿਚ ਧਰਮ ਪ੍ਰਚਾਰ ਕਰਨਗੇ। ਇਕ ਪਿੰਡ ਵਿਚ 7 ਦਿਨ ਪ੍ਰਚਾਰ ਵਹੀਰ ਕੰਮ ਕਰੇਗੀ ਅਤੇ ਉਸ ਮਗਰੋਂ ਇਸੇ ਤਰ੍ਹਾਂ ਅਗਲੇ ਪਿੰਡਾਂ ਲਈ ਰਵਾਨਾ ਹੋਵੇਗੀ।

ਉਨ੍ਹਾਂ ਦੱਸਿਆ ਕਿ ਪੰਜਾਬ ਅੰਦਰ ਧਰਮ ਪ੍ਰਚਾਰ ਦੇ ਤਿੰਨ ਜੋਨਾਂ ਮਾਝਾ, ਮਾਲਵਾਂ ਅਤੇ ਦੁਆਬਾ ਦੀ ਦੇਖ ਰੇਖ ਹੇਠ ਇਹ ਪ੍ਰਚਾਰ ਵਹੀਰਾਂ ਕਾਰਜਸ਼ੀਲ ਰਹਿਣਗੀਆਂ। ਪ੍ਰਚਾਰ ਦੌਰੇ ਦੌਰਾਨ ਪ੍ਰਚਾਰਕ ਜਥੇ ਜਿਥੇ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਅੰਦਰ ਗੁਰਬਾਣੀ ਨਾਲ ਸੰਗਤ ਨੂੰ ਜੋੜਨਗੇ, ਉਥੇ ਹੀ ਸਿੱਖ ਰਹਿਤ ਮਰਯਾਦਾ, ਸਿੱਖ ਇਤਿਹਾਸ ਅਤੇ ਸਿੱਖ ਸਿਧਾਂਤਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਹਰ ਨਗਰ ਵਿਚ 7 ਦਿਨ ਸਵੇਰੇ ਸ਼ਾਮ ਕਥਾ ਵਿਚਾਰਾਂ ਦਾ ਵੀ ਪ੍ਰਵਾਹ ਚਲਾਇਆ ਜਾਵੇਗਾ ਅਤੇ ਗ੍ਰੰਥੀ ਸਿੰਘਾਂ ਨੂੰ ਨਾਲ ਲੈ ਕੇ ਪ੍ਰਚਾਰਕ ਘਰ ਘਰ ਅੰਦਰ ਵੀ ਪ੍ਰਚਾਰ ਕਰਨ ਲਈ ਜਾਣਗੇ।

ਇਸ ਦੌਰਾਨ ਧਾਰਮਿਕ ਸਹਿਤ ਵੀ ਸੰਗਤ ਵਿਚ ਵੰਡਿਆ ਜਾਂਦਾ ਰਹੇਗਾ। ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਧਰਮ ਪ੍ਰਚਾਰ ਲਹਿਰ ਦੌਰਾਨ ਜਿਹੜੇ ਪਿੰਡਾਂ ਦੇ ਗ੍ਰੰਥੀ ਸਿੰਘ ਸੰਗਤਾਂ ਨੂੰ ਗੁਰਬਾਣੀ ਸੰਥਿਆ ਦੀ ਸੇਵਾ ਨਿਭਾਉਣਗੇ, ਉਨ੍ਹਾਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਨਿਯਮਾਂ ਅਨੁਸਾਰ 2 ਹਜ਼ਾਰ ਰੁਪਏ ਸੇਵਾ ਫਲ ਵਜੋਂ ਦਿੱਤੇ ਜਾਣਗੇ ਅਤੇ ਘਰ ਘਰ ਵਿਚ ਪ੍ਰਚਾਰ ਲਈ ਸਹਿਯੋਗ ਕਰਨ ਵਾਲੇ ਗ੍ਰੰਥੀ ਸਿੰਘਾਂ ਨੂੰ 1 ਹਜ਼ਾਰ ਰੁਪਏ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਇਹ ਪ੍ਰਚਾਰ ਵਹੀਰ ਪੰਜਾਬ ਦੇ ਹਰ ਪਿੰਡ ਤੱਕ ਪਹੁੰਚ ਕਰਕੇ ਸੰਗਤ ਨੂੰ ਗੁਰਸਿੱਖੀ ਨਾਲ ਜੋੜੇਗੀ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਧਰਮ ਪ੍ਰਚਾਰ ਲਹਿਰ ਦੌਰਾਨ ਖਾਸ ਤੌਰ ’ਤੇ ਅੰਮ੍ਰਿਤ ਛਕਣ ਦੀ ਪ੍ਰੇਰਣਾ ਕੀਤੀ ਜਾਵੇਗੀ ਅਤੇ ਵੱਖ-ਵੱਖ ਗੁਰਮਤਿ ਸਮਾਗਮ ਕਰਵਾ ਕੇ ਅੰਮ੍ਰਿਤ ਸੰਚਾਰ ਕਰਵਾਏ ਜਾਣਗੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਧਰਮ ਪ੍ਰਚਾਰ ਲਹਿਰ ਦੌਰਾਨ ਸਹਿਯੋਗ ਕੀਤਾ ਜਾਵੇ।
-PTCNews

adv-img
adv-img