ਆਕਸਫੋਰਡ ਕੋਵਿਡ-19 ਵੈਕਸੀਨ ਟ੍ਰਾਇਲ ਦੇ ਨਤੀਜੇ ਸ਼ਾਨਦਾਰ, ਸਤੰਬਰ ਤੱਕ ਕੋਰੋਨਾ ‘ਤੇ ਨਕੇਲ ਕੱਸੇ ਜਾਣ ਦਾ ਦਾਅਵਾ

https://ptcnews-wp.s3.ap-south-1.amazonaws.com/wp-content/uploads/2020/07/WhatsApp-Image-2020-07-21-at-3.43.22-PM-1.jpeg

ਲੰਡਨ :ਆਕਸਫੋਰਡ ਕੋਵਿਡ-19 ਵੈਕਸੀਨ ਟ੍ਰਾਇਲ ਦੇ ਨਤੀਜੇ ਸ਼ਾਨਦਾਰ, ਸਤੰਬਰ ਤੱਕ ਕੋਰੋਨਾ ‘ਤੇ ਨਕੇਲ ਕੱਸੇ ਜਾਣ ਦਾ ਦਾਅਵਾ: ਕੋਰੋਨਾ ਮਹਾਮਾਰੀ ਦੇ ਘਾਤਕ ਦੌਰ ‘ਚ ਹਰ ਕਿਸੇ ਦੀਆਂ ਅੱਖਾਂ ਇਸ ਵਾਇਰਸ ਦੇ ਖ਼ਾਤਮੇ ਲਈ ਤਿਆਰ ਹੋ ਰਹੀ ਵੈਕਸੀਨ ‘ਤੇ ਗੱਡੀਆਂ ਹੋਈਆਂ ਹਨ , ਜਿਥੋਂ ਵੀ ਕਿਧਰੋਂ ਕੋਈ ਚੰਗੀ ਖ਼ਬਰ ਮਿਲਦੀ ਹੈ ਤਾਂ ਲੋਕਾਂ ਅੰਦਰ ਉਮੀਦ ਦੀ ਕਿਰਨ ਜਾਗ ਜਾਂਦੀ ਹੈ ! ਅਜਿਹੀ ਹੀ ਆਸ ਭਰੀ ਖ਼ਬਰ ਆਕਸਫੋਰਡ ਯੂਨੀਵਰਸਿਟੀ ਤੋਂ ਆਈ ਹੈ, ਜਿਸ ‘ਚ ਉੱਥੇ ਤਿਆਰ ਕੀਤੀ ਜਾ ਰਹੀ ਕੋਰੋਨਾ ਵੈਕਸੀਨ ਦੇ ਟਰਾਇਲ ਦੇ ਸ਼ਾਨਦਾਰ ਨਤੀਜੇ ਦੀ ਗੱਲ ਆਖੀ ਗਈ ਹੈ।

ਦੱਸਣਯੋਗ ਹੈ ਕਿ ਬ੍ਰਿਟੇਨ ਦੀ ਆਕਸਫ਼ੋਰਡ ਯੂਨੀਵਰਸਿਟੀ ਵੱਲੋਂ ਕੋਰੋਨਾ ਵਾਇਰਸ ਦੀ ਵੈਕਸੀਨ ਦੇ ਟ੍ਰਾਇਲ ‘ਚ ਇਹ ਪਤਾ ਲੱਗਿਆ ਹੈ ਕਿ ਇਹ ਵੈਕਸੀਨ ਸੁਰੱਖਿਅਤ ਅਤੇ ਇਮਿਊਨ ਪ੍ਰਣਾਲੀ ਨੂੰ ਮਜਬੂਤ ਬਣਾਉਣ ‘ਚ ਸਫ਼ਲ ਰਹੀ ਹੈ , ਟ੍ਰਾਇਲ ਦੇ ਨਤੀਜੇ ਸ਼ਾਨਦਾਰ ਦੱਸੇ ਜਾ ਰਹੇ ਹਨ। ਇੱਕ ਰਿਪੋਰਟ ਮੁਤਾਬਿਕ , ਵੈਕਸੀਨ ਦੇ ਕਲੀਨੀਕਲ ਟ੍ਰਾਇਲ ਦੇ ਪਹਿਲੇ ਪੜਾਅ ‘ਚ AZD1222 ਦੇ ਨਤੀਜੇ ਕਾਫ਼ੀ ਵਧੀਆ ਰਹੇ , ਟ੍ਰਾਇਲ ਸਮੇਂ ਕਿਸੇ ਵੀ ਤਰ੍ਹਾਂ ਦੇ ਗੰਭੀਰ ਬੁਰੇ ਪ੍ਰਭਾਵ ਨਜ਼ਰ ਨਹੀਂ ਆਏ।ਹਾਲਾਂਕਿ ਕਿ ਮਾਮੂਲੀ ਮਾੜੇ ਪ੍ਰਭਾਵ ਹਨ , ਜਿਹਨਾਂ ਨੂੰ ਪੈਰਾਸੀਟਾਮੋਲ ਦੇ ਨਾਲ ਦੂਰ ਕੀਤਾ ਜਾ ਸਕਦਾ ਹੈ।

ਦੱਸ ਦੇਈਏ ਕਿ ਪ੍ਰੀਖਣ ‘ਚ ਕਰੀਬ 1,077 ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਅਤੇ ਜਿਹਨਾਂ ਲੋਕਾਂ ਤੇ ਪ੍ਰੀਖਣ ਹੋਇਆ ਉਹਨਾਂ ‘ਚ ਐਂਟੀਬਾਡੀ ਅਤੇ ਵਾਈਟ ਬਲੱਡ ਸੈੱਲਜ਼ ਬਣੇ , ਜੋ ਕਿ ਕੋਰੋਨਾ ਨਾਲ ਲੜ੍ਹਨ ਵਾਸਤੇ ਸਮਰੱਥ ਸਨ । ਮਿਲੀ ਜਾਣਕਾਰੀ ਮੁਤਾਬਕ ਆਕਸਫੋਰਡ ਯੂਨੀਵਰਸਿਟੀ ਅਤੇ ਫ਼ਾਰਮਸੂਟੀਕਲ ਕੰਪਨੀ Astrazeneca ਦੀ ਵੈਕਸੀਨ ਨੇ ਕੋਰੋਨਾ ਵਾਇਰਸ ਨਾਲ ਲੜ੍ਹਾਈ ‘ਚ ਪਹਿਲੀ ਜਿੱਤ ਦਰਜ ਕਰਨ ਦੇ ਆਸਾਰ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਰਤੀ ਕੰਪਨੀ ਸੀਰਮ ( corona vaccine serum institute of India) ਵੀ ਅਹਿਮ ਰੋਲ ਅਦਾ ਕਰਨ ਵਾਲੀ ਹੈ।

ਆਕਸਫ਼ੋਰਡ ਯੂਨੀਵਰਸਿਟੀ ਦੁਆਰਾ ਕੀਤੇ ਗਏ ਇੱਕ ਟਵੀਟ ਜ਼ਰੀਏ ਇਹ ਪਤਾ ਲੱਗਾ ਹੈ ਕਿ ਟੀਕੇ ਨੂੰ ਅੱਛਾ ਖ਼ਾਸਾ ਪ੍ਰਤੀਰੋਧਕ ਹੁੰਗਾਰਾ ਮਿਲਿਆ ਹੈ।ਯੂਕੇ ਦੇ ਸਿਹਤ ਮੰਤਰੀ ਮੈਟ ਹੈਨਕੌਕ ਮੁਤਾਬਿਕ, ਸਮੁੱਚੀ ਟੀਮ ਵੈਕਸੀਨ ਤਿਆਰ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਸਤੰਬਰ ਤੱਕ ਵੈਕਸੀਨ ਬਜ਼ਾਰ ‘ਚ ਲਿਆਂਦੀ ਜਾ ਸਕਦੀ ਹੈ।

ਖਬਰਾਂ ਮੁਤਾਬਿਕ ਆਕਸਫੋਰਡ ਕੋਵਿਡ-19 ਟੀਕੇ ਦਾ ਮਨੁੱਖੀ ਪ੍ਰੀਖਣ ਭਾਰਤ ਵਿਚ ਅਗਸਤ ਵਿਚ ਸ਼ੁਰੂ ਕੀਤੇ ਜਾਣ ਦਾ ਅਨੁਮਾਨ ਹੈ। ਦੱਸ ਦੇਈਏ ਕਿ ਲਗਾਤਾਰ ਵੱਧ ਰਹੇ ਕੋਰੋਨਾ ਮਾਮਲਿਆਂ ਦੀ ਚਿੰਤਾ ਵਿਚਾਲੇ ਵੈਕਸੀਨ ਦੇ ਆਉਣ ਦੀ ਖ਼ਬਰ ਨਾਲ ਲੋਕਾਂ ਦੀ ਉਮੀਦ ਦੇ ਬੂਟੇ ਨੂੰ ਪਾਣੀ ਮਿਲਿਆ ਹੈ। ਵਿਸ਼ਵ ਭਰ ਦੇ ਲੋਕ ਵੈਕਸੀਨ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।