ਕੋਰੋਨਾ ਦਾ ਕਰਤਾਰਪੁਰ ਕੋਰੀਡੋਰ ‘ਤੇ ਵੀ ਅਸਰ, ਪਾਕਿ ਨਾਗਰਿਕਾਂ ਲਈ ਕੀਤਾ ਬੰਦ: ਸੂਤਰ

ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਦੁਨੀਆ ਭਰ ‘ਚ ਤਹਿਲਕਾ ਮਚਾਇਆ ਹੋਇਆ ਹੈ, ਆਏ ਦਿਨ ਇਸ ਵਾਇਰਸ ਦੀ ਚਪੇਟ ‘ਚ ਲੋਕ ਆ ਰਹੇ ਹਨ। ਜਿਸ ਦੇ ਮੱਦੇਨਜ਼ਰ ਵੱਖ-ਵੱਖ ਦੇਸ਼ਾਂ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਅਜਿਹੇ ‘ਚ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਪਾਕਿਸਤਾਨ ਸਰਕਾਰ ਨੇ ਇਸ ਵਾਇਰਸ ਦੇ ਖ਼ਤਰੇ ਨੂੰ ਲੈ ਕੇ ਕਰਤਾਰਪੁਰ ਕੋਰੀਡੋਰ ਨੂੰ ਪਾਕਿਸਤਾਨੀ ਨਾਗਰਿਕਾਂ ਲਈ ਬੰਦ ਕਰ ਦਿੱਤਾ ਹੈ।

ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਹੋਰ ਸ਼ਰਧਾਲੂਆਂ ਨੂੰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ‘ਤੇ ਰੋਕ ਨਹੀਂ ਲਗਾਈ ਗਈ ਹੈ ਤੇ ਕਰਤਾਰਪੁਰ ਲਾਂਘਾ ਖੁੱਲ੍ਹਾ ਰਹੇਗਾ।

ਹੋਰ ਪੜ੍ਹੋ: ਪੰਜਾਬ ‘ਚ ਆਵਾਰਾ ਕੁੱਤਿਆਂ ਦਾ ਕਹਿਰ, ਫਰੀਦਕੋਟ ‘ਚ ਨੋਚ-ਨੋਚ ਮਾਰ ਮੁਕਾਈ 8 ਮਹੀਨਿਆਂ ਦੀ ਬੱਚੀ

ਜ਼ਿਕਰਯੋਗ ਹੈ ਕਿ ਵਿਸ਼ਵ ਸਿਹਤ ਸੰਗਠਨ ਭਾਵ ਡਬਲਿਊਐੱਚਓ (World Health Organisation, WHO) ਨੇ ਦੁਨੀਆ ਭਰ ‘ਚ ਕਰੋਨਾਵਾਇਰਸ ਨੂੰ ਮਹਾਮਾਰੀ (Pandemic) ਐਲਾਨ ਕਰ ਦਿੱਤਾ ਹੈ।

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕਰੋਨਾ ਦਾ ਕਹਿਰ ਹੁਣ ਤੱਕ 103 ਦੇਸ਼ਾਂ ਨੂੰ ਆਪਣੀ ਚਪੇਟ ‘ਚ ਲੈ ਚੁੱਕਿਆ ਹੈ। ਜਿਸ ਕਾਰਨ ਦੁਨੀਆ ਭਰ ‘ਚ 4,900 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 135,165 ਦੇ ਕਰੀਬ ਲੋਕ ਸੰਕਰਮਿਤ ਹੋਏ ਹਨ। ਚੀਨ ‘ਚ 3,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਕੋਰੋਨਾਵਾਇਰਸ ਤੋਂ 68,000 ਤੋਂ ਵੱਧ ਲੋਕ ਠੀਕ ਹੋਏ ਹਨ।

ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਵਾਇਰਸ ਦੇ ਖਤਰੇ ਨੂੰ ਦੇਖਦਿਆਂ ਕਈ ਵੱਡੇ ਟੂਰਨਾਮੈਂਟ ਵੀ ਰੱਦ ਕਰ ਦਿੱਤੇ ਹਨ। ਗੱਲ ਕੀਤੀ ਜਾਵੇ ਭਾਰਤ ਦੇ ਵੱਡੇ ਟੂਰਨਾਮੈਂਟ ਯਾਨੀ ਕਿ IPL 2020 ਦੀ ਤਾਂ 15 ਅਪ੍ਰੈਲ ਤੱਕ ਇਸ ਮਹਾਕੁੰਭ ਨੂੰ ਮੁਲਤਵੀ ਕਰ ਦਿੱਤਾ ਹੈ।

-PTC News