ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਦਾ ਯੂਕੇ ਵਿੱਚ ਹੋਵੇਗਾ ਸਨਮਾਨ

By Panesar Harinder - May 18, 2020 2:05 pm

ਇਸਲਾਮਾਬਾਦ - ਵਿਸ਼ਵ ਪੱਧਰ 'ਤੇ ਆਪਣੀ ਕਾਬਲੀਅਤ ਲਈ ਸਨਮਾਨ ਹਾਸਲ ਕਰਨ ਵਾਲੀਆਂ ਸਿੱਖ ਔਰਤਾਂ ਵਿੱਚ ਇੱਕ ਹੋਰ ਨਾਂਅ ਜੁੜ ਗਿਆ ਹੈ ਅਤੇ ਇਹ ਸਿੱਖ ਔਰਤ ਗੁਆਂਢੀ ਮੁਲਕ ਪਾਕਿਸਤਾਨ ਦੀ ਵਸਨੀਕ ਹੈ। ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਮਨਮੀਤ ਕੌਰ ਨੂੰ ਯੂਕੇ 'ਚ ਇੱਕ ਵੱਡੇ ਸਨਮਾਨ ਲਈ ਨਾਮਜ਼ਦ ਕੀਤਾ ਗਿਆ ਹੈ। ਸ਼ਨੀਵਾਰ (16 ਮਈ) ਨੂੰ ਦਿ ਐਕਸਪ੍ਰੈਸ ਟ੍ਰਿਬਿਊਨ ਨਿਊਜ਼ ਵੱਲੋਂ ਜਾਰੀ ਇੱਕ ਰਿਪੋਰਟ ਦੇ ਅਨੁਸਾਰ, '25 ਸਾਲਾ ਮਨਮੀਤ ਕੌਰ ਨੂੰ ਯੂਕੇ ਸਥਿਤ 'ਦ ਸਿੱਖ ਗਰੁੱਪ' ਨੇ ਵਿਸ਼ਵ ਭਰ ਦੇ 30 ਸਾਲ ਤੋਂ ਘੱਟ ਉਮਰ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਮਸ਼ਹੂਰ ਸ਼ਖ਼ਸੀਅਤਾਂ ਵਿੱਚੋਂ ਇੱਕ ਚੁਣਿਆ ਹੈ।'

'ਦਿ ਸਿੱਖ ਗਰੁੱਪ' ਇੱਕ ਵਿਸ਼ਵ ਪੱਧਰ ਦਾ ਸੰਗਠਨ ਹੈ ਜੋ ਵੱਖ-ਵੱਖ ਢੰਗਾਂ ਨਾਲ ਲੋਕਾਂ ਦੀ ਸੇਵਾ ਨਿਭਾਉਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਸਨਮਾਨ ਕਰਦਾ ਹੈ। 'ਦ ਸਿੱਖ ਗਰੁੱਪ' ਵੱਲੋਂ ਸਨਮਾਨ ਦੇਣ ਵਾਲੀਆਂ ਕੈਟੇਗਰੀਆਂ ਵਿੱਚ ਖੇਡਾਂ, ਦਾਨ, ਮੀਡੀਆ, ਮਨੋਰੰਜਨ, ਸਿੱਖਿਆ, ਨਿਰਸੁਆਰਥ ਸਵੈਇੱਛਕ ਸੇਵਾਵਾਂ ਆਦਿ ਸ਼ਾਮਲ ਹਨ।

ਪੇਸ਼ਾਵਰ ਦੀ ਵਸਨੀਕ ਮਨਮੀਤ ਇੱਕ ਪੱਤਰਕਾਰ ਦੇ ਨਾਲ ਨਾਲ ਸਮਾਜਿਕ ਕਾਰਕੁੰਨ ਵੀ ਹੈ ਜੋ ਘੱਟ ਗਿਣਤੀਆਂ ਤੇ ਔਰਤਾਂ ਨੂੰ ਦਰਪੇਸ਼ ਮਸਲਿਆਂ ਨੂੰ ਉਜਾਗਰ ਕਰਨ ਲਈ ਪਹਿਲਾਂ ਵੀ ਸਨਮਾਨ ਹਾਸਲ ਕਰ ਚੁੱਕੀ ਹੈ। ਹਾਲੀਆ ਪੁਰਸਕਾਰ ਮਨਮੀਤ ਯੂਕੇ 'ਚ ਅਗਲੇ ਸਾਲ ਹੋਣ ਵਾਲੇ ਇੱਕ ਸਮਾਰੋਹ ਚ ਪ੍ਰਾਪਤ ਕਰਨਗੀ।

ਮਨਮੀਤ ਨੇ ਖੁਸ਼ੀ ਜ਼ਾਹਰ ਕੀਤੀ ਕਿ ਉਨ੍ਹਾਂ ਦਾ ਨਾਂਅ ਦੁਨੀਆ ਭਰ ਦੀਆਂ ਪ੍ਰਭਾਵਸ਼ਾਲੀ ਸਿੱਖ ਸ਼ਖਸੀਅਤਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਹੋਇਆ ਹੈ। ਮਨਮੀਤ ਨੇ ਕਿਹਾ, “ਜਿਹੜੇ ਲੋਕ ਸਖ਼ਤ ਮਿਹਨਤ ਕਰਦੇ ਹਨ, ਉਨ੍ਹਾਂ ਨੂੰ ਸਨਮਾਨ ਮਿਲਦਾ ਹੈ। ਮੇਰੇ ਅਤੇ ਮੇਰੇ ਪਰਿਵਾਰ ਲਈ ਬ੍ਰਿਟੇਨ ਦਾ ਦੌਰਾ ਕਰਨਾ ਅਤੇ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨਾ, ਬਹੁਤ ਵੱਡਾ ਸਨਮਾਨ ਹੈ।”

ਇਸ ਤੋਂ ਪਹਿਲਾਂ ਮਨਮੀਤ ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਵਜੋਂ ਵੀ ਸੰਸਾਰ ਭਰ 'ਚ ਚਰਚਾ ਦਾ ਵਿਸ਼ਾ ਬਣ ਚੁੱਕੀ ਹੈ। ਮਨਮੀਤ ਦੇ ਦੱਸਣ ਅਨੁਸਾਰ ਜਿੱਥੇ ਪਾਕਿਸਤਾਨ 'ਚ ਆਪਣੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਕੁੜੀਆਂ ਆਮ ਤੌਰ 'ਤੇ ਘਰ ਬੈਠ ਜਾਂਦੀਆਂ ਹਨ, ਉਸ ਨੇ ਇੱਕ ਨਿੱਜੀ ਚੈਨਲ ਦੇ ਸ਼ੋਅ ਦੀ ਐਂਕਰ ਵਜੋਂ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ, ਅਤੇ ਹੁਣ 100 ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਵਿੱਚ ਚੁਣੇ ਜਾਣਾ ਤੇ ਯੂਕੇ ਵਿੱਚ ਹੋਣ ਵਾਲੇ ਸਨਮਾਨ ਸਮਾਰੋਹ ਵਿੱਚ ਪਾਕਿਸਤਾਨ ਦੀ ਪ੍ਰਤੀਨਿਧਤਾ ਕਰਨਾ, ਉਸ ਦੀ ਕਾਮਯਾਬੀ ਦੇ ਦੋ ਵੱਡੇ ਪੜਾਅ ਤੇ ਪ੍ਰਾਪਤੀਆਂ ਵਜੋਂ ਗਿਣੇ ਜਾ ਸਕਦੇ ਹਨ।

adv-img
adv-img