ਪਾਕਿਸਤਾਨ ਸਰਕਾਰ ਸਿੱਖ ਨੌਜਵਾਨ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੀੜਤਾਂ ਨੂੰ ਇਨਸਾਫ਼ ਦੇਵੇ : ਜਥੇਦਾਰ ਹਰਪ੍ਰੀਤ ਸਿੰਘ

Pakistan government should immediately arrest the murderers of the Sikh youth and give justice to the victims : Jathedar Harpreet Singh
ਪਾਕਿਸਤਾਨ ਸਰਕਾਰ ਸਿੱਖ ਨੌਜਵਾਨ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੀੜਤਾਂ ਨੂੰ ਇਨਸਾਫ਼ ਦੇਵੇ : ਜਥੇਦਾਰ ਹਰਪ੍ਰੀਤ ਸਿੰਘ 

ਪਾਕਿਸਤਾਨ ਸਰਕਾਰ ਸਿੱਖ ਨੌਜਵਾਨ ਦੇ ਕਾਤਲਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੀੜਤਾਂ ਨੂੰ ਇਨਸਾਫ਼ ਦੇਵੇ : ਜਥੇਦਾਰ ਹਰਪ੍ਰੀਤ ਸਿੰਘ:ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਪਾਕਿਸਤਾਨ ਚ ਕਤਲ ਕੀਤੇ ਸਿੱਖ ਨੌਜਵਾਨ ਦੇ ਕਾਤਲਾਂ ਨੂੰ ਸਥਾਨਕ ਪੁਲਿਸ ਵੱਲੋਂ ਅਜੇ ਤੱਕ ਗ੍ਰਿਫਤਾਰ ਨਾ ਕਰਨਾ ਬਹੁਤ ਹੀ ਅਣਗਹਿਲੀ ਤੇ ਲਾਪਰਵਾਹੀ ਵਾਲਾ ਵਰਤਾਰਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਪਾਕਿਸਤਾਨ ਸਰਕਾਰ ਮ੍ਰਿਤਕ ਸਿੱਖ ਨੌਜਵਾਨ ਦੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਤੁਰੰਤ ਕਾਰਵਾਈ ਕਰੇ ਤਾਂ ਜੋ ਸਿੱਖਾਂ ਅਤੇ ਹੋਰ ਉੱਥੇ ਰਹਿੰਦੀਆਂ ਘੱਟਗਿਣਤੀਆਂ ਚ ਪੈਦਾ ਹੋਈ ਡਰ ਭੈ ਦੀ ਭਾਵਨਾ ਦੂਰ ਹੋ ਸਕੇ। ਪਾਕਿਸਤਾਨ ਸਰਕਾਰ ਸਿੱਖਾਂ ਸਮੇਤ ਬਾਕੀ ਘੱਟਗਿਣਤੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ ਕਿ ਭਵਿੱਖ ਵਿੱਚ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਹੀਂ ਵਾਪਰਨ ਦਿੱਤੀਆਂ ਜਾਣਗੀਆਂ।

ਜਥੇਦਾਰ ਹਰਪ੍ਰੀਤ ਸਿੰਘ ਨੇ ਵੱਖ -ਵੱਖ ਦੇਸ਼ਾਂ ਚ ਘੱਟਗਿਣਤੀ ਕੌਮਾਂ ਦੇ ਲੋਕਾਂ ਉੱਤੇ ਵੱਧ ਰਹੇ ਹਮਲਿਆਂ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਬਹੁਗਿਣਤੀ ਭਾਈਚਾਰੇ ਵਾਲੇ ਲੋਕਾਂ ਦੇ ਦੇਸ਼ਾਂ ਅੰਦਰ ਚੰਗੇ ਤੇ ਉੱਤਮ ਰਾਜ ਪ੍ਰਬੰਧ,ਸ਼ਾਸਨ ਪ੍ਰਬੰਧ ਅਤੇ ਨਿਆਂ ਪ੍ਰਬੰਧ ਦਾ ਪੈਮਾਨਾ ਉੱਥੇ ਰਹਿੰਦੀਆਂ ਘੱਟਗਿਣਤੀਆਂ ਕੌਮਾਂ ਦੇ ਭਾਈਚਾਰੇ ਦੇ ਨਾਲ ਨਾਲ ਉੱਥੇ ਔਰਤਾਂ ਦੇ ਹੱਕਾਂ ਅਤੇ ਸੁਰੱਖਿਆ ਦੀ ਰਖਵਾਲੀ ਹੁੰਦਾ ਹੈ। ਦੁਖਾਂਤ ਇਹ ਹੈ ਕਿ ਅੱਜ ਵਿਸ਼ਵ ਭਰ ‘ਚ ਘੱਟਗਿਣਤੀਆਂ ਅਤੇ ਔਰਤਾਂ ਦੇ ਹੱਕਾਂ ਦੇ ਮਾਮਲਿਆਂ ਚ ਇਹ ਪੈਮਾਨਾ ਕਮਜ਼ੋਰ ਹੁੰਦਾ ਜਾ ਰਿਹਾ ਹੈ।

ਘੱਟਗਿਣਤੀਆਂ ਅਤੇ ਔਰਤਾਂ ਨੂੰ ਹਰ ਖਿੱਤੇ ਚ ਹੀ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਥੇਦਾਰ ਸਾਹਿਬ ਨੇ ਆਖਿਆ ਕਿ ਧਰਮ ਅਤੇ ਨਸਲੀ ਆਧਾਰ ਉੱਤੇ ਹਿੰਸਕ ਘਟਨਾਵਾਂ ਦੇ ਮਾਮਲੇ ਬਾਰ ਬਾਰ ਸਾਹਮਣੇ ਆ ਰਹੇ ਹਨ, ਸਾਨੂੰ ਸੋਚਣਾ ਚਾਹੀਦਾ ਹੈ ਅਜਿਹਾ ਕਿਉਂ ਵਾਪਰ ਰਿਹਾ ਹੈ ? ਘੱਟਗਿਣਤੀਆਂ ਤੇ ਔਰਤਾਂ ਨਾਲ ਵਿਤਕਰੇ ਅਤੇ ਧੱਕੇਸ਼ਾਹੀਆਂ ਦੀਆਂ ਘਟਨਾਵਾਂ ਦੇ ਅੰਕੜਿਆਂ ਚ ਲਗਾਤਾਰ ਵਾਧਾ ਹੋ ਰਿਹਾ ਹੈ।
-PTCNews