ਪਾਕਿ ‘ਚ ਅਨੰਦ ਕਾਰਜ ਬਿੱਲ ਨੂੰ ਅੰਤਿਮ ਰੂਪ ਦੇਣ ਲਈ ਹੁਕਮ ਜਾਰੀ

Pakistan In Anand Bills Final Order issued

ਪਾਕਿ ‘ਚ ਅਨੰਦ ਕਾਰਜ ਬਿੱਲ ਨੂੰ ਅੰਤਿਮ ਰੂਪ ਦੇਣ ਲਈ ਹੁਕਮ ਜਾਰੀ:ਪਾਕਿ ਦੇ ਸਰਹੱਦ ਪਾਰ ਲਹਿੰਦੇ ਪੰਜਾਬ ਦੀ ਸਾਬਕਾ ਅਸੈਂਬਲੀ ਵਲੋਂ ਆਪਣੇ ਕਾਰਜਕਾਲ ਦੇ ਅੰਤਿਮ ਦਿਨ ਪਾਸ ਕੀਤੇ ਅਨੰਦ ਕਾਰਜ ਬਿੱਲ ਨੂੰ ਅੰਤਿਮ ਰੂਪ ਦੇਣ ਲਈ ਇਕ ਵਾਰ ਮੁੜ ਤੋਂ ਹੁਕਮ ਜਾਰੀ ਕੀਤੇ ਗਏ ਹਨ।ਚੀਫ਼ ਸਕੱਤਰ ਅਕਬਰ ਦੁਰਾਨੀ ਨੇ ਲਾਹੌਰ ਸਿਵਲ ਸਕੱਤਰੇਤ ਵਿਖੇ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਲਈ ਸਥਾਪਿਤ ਪਾਕਿ ਦੀ ਕੌਮੀ ਕਮੇਟੀ ਦੇ 5 ਮੈਂਬਰੀ ਵਫ਼ਦ ਨਾਲ ਬੈਠਕ ਦੌਰਾਨ ਮਾਨਵੀ ਅਧਿਕਾਰਾਂ ਅਤੇ ਘੱਟ ਗਿਣਤੀ ਵਿਭਾਗ ਦੇ ਸਕੱਤਰ ਨੂੰ ਇਸ ਸਬੰਧੀ ਹੁਕਮ ਜਾਰੀ ਕਰਦਿਆਂ ਕਿਹਾ ਕਿ ਇਸਲਾਮ ਘੱਟ ਗਿਣਤੀ ਭਾਈਚਾਰੇ ਦੇ ਅਧਿਕਾਰਾਂ ਦੀ ਸੁਰੱਖਿਆ ‘ਤੇ ਜ਼ੋਰ ਦਿੰਦਾ ਹੈ।

ਉਨ੍ਹਾਂ ਨੇ ਸਕੱਤਰ ਨੂੰ ਪਾਕਿ ਸਿੱਖਾਂ ਦੇ ਵਿਆਹਾਂ ਸਬੰਧੀ ਬਣਾਏ ਬਿੱਲ ਨੂੰ ਜਲਦੀ ਤੋਂ ਜਲਦੀ ਅੰਤਿਮ ਰੂਪ ਦੇਣ ਲਈ ਕਿਹਾ ਤਾਂ ਜੋ ਇਹ ਬਿੱਲ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।ਬੈਠਕ ‘ਚ ਘੱਟ ਗਿਣਤੀ ਲੋਕਾਂ ਲਈ ਪਰਿਵਾਰਕ ਕਾਨੂੰਨ ਅਤੇ ਨੌਕਰੀ ਦੇ ਰਾਖਵੇਂ ਸਬੰਧੀ ਮਾਮਲਿਆਂ ‘ਤੇ ਵੀ ਗੰਭੀਰਤਾ ਨਾਲ ਵਿਚਾਰ ਕੀਤੀ ਗਈ।

ਦੁਰਾਨੀ ਨੇ ਕਿਹਾ ਕਿ ਸੰਵਿਧਾਨ ਨੇ ਪਾਕਿ ਦੇ ਸਾਰੇ ਘੱਟ-ਗਿਣਤੀਆਂ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਬਰਾਬਰ ਦੇ ਹੱਕਾਂ ਦੀ ਗਾਰੰਟੀ ਦਿੱਤੀ ਹੈ ਅਤੇ ਘੱਟ-ਗਿਣਤੀਆਂ ਨੂੰ ਮੁੱਖ ਧਾਰਾਵਾਂ ‘ਚ ਲਿਆਉਣ ਲਈ ਉਨ੍ਹਾਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕੀਤੇ ਜਾਣੇ ਚਾਹੀਦੇ ਹਨ।ਉਨ੍ਹਾਂ ਨੇ ਘੱਟ-ਗਿਣਤੀਆਂ ਦੇ ਧਾਰਮਿਕ ਅਸਥਾਨਾਂ ਦੀ ਦੇਖਭਾਲ ਲਈ ਵੀ ਸਖ਼ਤ ਕਦਮ ਚੁੱਕੇ ਜਾਣ ਦੇ ਹੁਕਮ ਜਾਰੀ ਕੀਤੇ।
-PTCNews