ਗੁ. ਸੰਤਸਰ ਸਾਹਿਬ ਵਿਖੇ 'ਪ੍ਰਗਟਿਓ ਖਾਲਸਾ ਸਮਾਗਮ' ਚੜ੍ਹਦੀਕਲਾ 'ਚ ਸੰਪੂਰਨ ਹੋਇਆ
ਚੰਡੀਗੜ੍ਹ, 10 ਅਪ੍ਰੈਲ 2022: ਚੰਡੀਗੜ੍ਹ ਦੇ ਸੈਕਟਰ 38 ਵੈਸਟ 'ਚ ਸਥਿਤ ਗੁਰਦੁਆਰਾ ਸ੍ਰੀ ਸੰਤਸਰ ਸਾਹਿਬ 'ਚ ਸੰਗਤਾਂ ਨੇ ਅਥਾਹ ਪ੍ਰੇਮ ਅਤੇ ਸ਼ਰਧਾ ਪੂਰਵਕ 'ਪ੍ਰਗਟਿਓ ਖਾਲਸਾ ਸਮਾਗਮ' ਦਾ ਆਨੰਦ ਮਾਣਿਆ। ਖਾਲਸਾ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਬੀਤੇ 4 ਅਪ੍ਰੈਲ ਤੋਂ 10 ਅਪ੍ਰੈਲ ਤਾਈਂ ਸਿੱਖੀ ਦੇ ਪ੍ਰਸਾਰ ਅਤੇ ਪ੍ਰਚਾਰ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਰੂਪ ਸਿੰਘ ਜੀ ਅਤੇ ਭਾਈ ਗੁਰਪ੍ਰੀਤ ਸਿੰਘ ਵਲੋਂ ਇਸ ਸਮਾਗਮ ਦੀ ਰੂਪ ਰੇਖਾ ਉਲੀਕੀ ਗਈ ਸੀ। 4 ਤੋਂ 7 ਅਪ੍ਰੈਲ ਤੱਕ ਗੁਰਦੁਆਰਾ ਸਾਹਿਬ ਨਾਲ ਸਬੰਧਤ ਮਾਤਾ ਗੁਜਰੀ ਦਲ ਵਲੋਂ ਚੰਡੀਗੜ੍ਹ ਦੀਆਂ ਹੋਰਾਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਨਾਲ ਜੁੜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਰਗਾਹੀ ਬਾਣੀ ਦਾ ਜਾਪ ਹੋਇਆ ਅਤੇ ਸੰਗਤਾਂ ਦੇ ਵੱਡੇ ਇਕੱਠ ਵਲੋਂ ਇਲਾਹੀ ਬਾਣੀ ਦਾ ਆਨੰਦ ਮਾਣਿਆ ਗਿਆ। ਸੱਤ ਰੋਜ਼ਾ ਚੱਲੇ ਇਸ ਸਮਾਗਮ 'ਚ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ (ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ), ਸਿੰਘ ਸਾਹਿਬ ਗੁਰਮਿੰਦਰ ਸਿੰਘ (ਗ੍ਰੰਥੀ ਸਿੰਘ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ), ਭਾਈ ਜਬਰਤੋੜ ਸਿੰਘ (ਹਜ਼ੂਰੀ ਰਾਗੀ, ਸ੍ਰੀ ਦਰਬਾਰ ਸਾਹਿਬ), ਗਿਆਨੀ ਜੀਵਾ ਸਿੰਘ (ਦਮਦਮੀ ਟਕਸਾਲ), ਗਿਆਨੀ ਸਰਬਜੀਤ ਸਿੰਘ (ਲੁਧਿਆਣੇ ਵਾਲੇ), ਗਿਆਨੀ ਵਿਸ਼ਾਲ ਸਿੰਘ (ਸ੍ਰੀ ਅੰਮ੍ਰਿਤਸਰ ਸਾਹਿਬ), ਸੰਤ ਬਾਬਾ ਰਣਜੀਤ ਸਿੰਘ (ਹੋਸ਼ਿਆਰਪੁਰ ਵਾਲੇ) ਅਤੇ ਸਿੱਖ ਪੰਥ ਦੀਆਂ ਕਈ ਹੋਰ ਪ੍ਰਸਿੱਧ ਤੇ ਇਹਮ ਸ਼ਖ਼ਸੀਅਤਾਂ ਨੇ ਸੰਗਤਾਂ ਨੂੰ ਗੁਰਮਤਿ ਕਥਾ ਅਤੇ ਕੀਰਤਨ ਨਾਲ ਨਿਹਾਲ ਕੀਤਾ। ਗੁਰਮਤਿ ਦੇ ਪ੍ਰਚਾਰ ਅਤੇ ਪ੍ਰਸਾਰ ਤੇ ਦਸਤਾਰ ਬੰਦੀ ਮੁਕਾਬਲੇ ਦੇ ਨਾਲ ਨਾਲ ਸੰਤ ਬਾਬਾ ਸਰੂਪ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਕਮੇਟੀ ਨੇ ਆਈਵੀ ਹਸਪਤਾਲ, ਮੋਹਾਲੀ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕਾਰਜਾਂ ਨੂੰ ਮੁਖ ਰੱਖਦਿਆਂ ਮੁਫ਼ਤ ਸਹਿਤ ਜਾਂਚ ਮੈਗਾ ਕੈਂਪ ਵੀ ਲਾਇਆ। ਇਸ ਕੈਂਪ ਵਿਚ ਸੰਗਤਾਂ ਵਲੋਂ ਖੂਨ ਦਾਨ ਦੀ ਮਹਾਨ ਸੇਵਾ ਕਰਨ ਦੇ ਨਾਲ ਹੋਰਨਾਂ ਲੋਕਾਂ ਨੇ ਸਹਿਤ ਸਬੰਧੀ ਮੁਫ਼ਤ ਇਲਾਜ ਦਾ ਲਾਭ ਵੀ ਪ੍ਰਾਪਤ ਕੀਤਾ। ਸੰਤ ਬਾਬਾ ਅੱਤਰ ਸਿੰਘ ਜੀ ਵਲੋਂ ਸਥਾਪਿਤ ਮਸਤੂਆਣਾ ਸਾਹਿਬ ਦੀ ਸੰਪਰਦਾ ਨਾਲ ਜੁੜੇ ਇਸ ਅਸਥਾਨ 'ਤੇ ਹਰ ਸਾਲ ਇਨ੍ਹਾਂ ਦਿਨਾਂ 'ਚ ਸੱਤ ਰੋਜ਼ਾ ਗੁਰਮਤਿ ਸਮਾਗਮ ਆਯੋਜਿਤ ਹੁੰਦਾ, ਜਿਸ ਵਿਚ ਦੇਸ਼ ਭਰ ਤੋਂ ਸੰਗਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣ ਆਉਂਦੀਆਂ ਹਨ। ਇਸ ਸਾਲ ਵੀ ਉਲੀਕੇ ਇਸ ਸਮਾਗਮ ਵਿਚ 46 ਪ੍ਰਾਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਛੱਕੀ ਅਤੇ ਗੁਰੂ ਵਾਲੇ ਸਜੇ। -PTC News