ਪ੍ਰੀਖਿਆ ‘ਤੇ ਚਰਚਾ 2020 : PM ਨਰਿੰਦਰ ਮੋਦੀ  ਬੋਲੇ ,ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ ਹੁੰਦੇ

Pariksha Pe Charcha 2020: Key points from PM Modi
ਪ੍ਰੀਖਿਆ 'ਤੇ ਚਰਚਾ 2020 : PM ਨਰਿੰਦਰ ਮੋਦੀ  ਬੋਲੇ ,ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ ਹੁੰਦੇ 

ਪ੍ਰੀਖਿਆ ‘ਤੇ ਚਰਚਾ 2020 : PM ਨਰਿੰਦਰ ਮੋਦੀ  ਬੋਲੇ ,ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ ਹੁੰਦੇ:ਨਵੀਂ ਦਿੱਲੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਦਿੱਲੀ ਦੇ ਤਾਲਕਟੋਰਾ ਸਟੇਡੀਅਮ ‘ਚ ਵਿਦਿਆਰਥੀਆਂ ਨਾਲ ‘ਪ੍ਰੀਖਿਆ ‘ਤੇ ਚਰਚਾ 2020’ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਬਚਣ ਲਈ ਕਈ ਟਿਪਸ ਦਿੱਤੇ, ਜਿਨ੍ਹਾਂ ‘ਚ ਉਨ੍ਹਾਂ ਨੇ ਚੰਦਰਯਾਨ-2 ਤੋਂ ਲੈ ਕੇ ਕ੍ਰਿਕਟ ਤੱਕ ਦਾ ਜ਼ਿਕਰ ਕੀਤਾ ਹੈ।

ਉਨ੍ਹਾਂ ਨੇ ਚੰਦਰਯਾਨ-2 ਦੀ ਉਦਾਹਰਣ ਦੇ ਕੇ ਵਿਦਿਆਰਥੀਆਂ ਨੂੰ ਦੱਸਿਆ ਕਿ ਕਿਵੇਂ ਅਸਫਲਤਾ ਨਾਲ ਨਜਿੱਠਿਆ ਜਾ ਸਕਦਾ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਇਹ ਯਕੀਨੀ ਬਣਾਉਣਾ ਸੀ ਕਿ ਵਿਦਿਆਰਥੀ ਤਣਾਅਮੁਕਤ ਹੋ ਕੇ ਆਉਣ ਵਾਲੀਆਂ ਬੋਰਡਾਂ ਅਤੇ ਦਾਖਲਾ ਪ੍ਰੀਖਿਆਵਾਂ ‘ਚ ਹਿੱਸਾ ਲੈਣ। ਇਸ ਪ੍ਰੋਗਰਾਮ ‘ਚ ਲਗਭਗ 2000 ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਵਿਚੋਂ 1050 ਵਿਦਿਆਰਥੀਆਂ ਦੀ ਚੋਣ ਲੇਖ ਮੁਕਾਬਲੇ ਰਾਹੀਂ ਕੀਤੀ ਗਈ ਸੀ।

ਪੀਐਮ ਮੋਦੀ ਨੇ ਕਿਹਾ ਕਿ ਪਿਛਲੀ ਸਦੀ ਦੇ ਅੰਤਮ ਸਮੇਂ ਅਤੇ ਇਸ ਸਦੀ ਦੀ ਸ਼ੁਰੂਆਤ ‘ਚ ਵਿਗਿਆਨ ਅਤੇ ਟੈਕਨੋਲਾਜੀ ਨੇ ਜ਼ਿੰਦਗੀ ਬਦਲ ਦਿੱਤੀ ਹੈ। ਇਸ ਲਈ ਟੈਕਨੋਲਾਜੀ ਦਾ ਡਰ ਕਦੇ ਵੀ ਆਪਣੀ ਜ਼ਿੰਦਗੀ ‘ਚ ਨਹੀਂ ਆਉਣ ਦੇਣਾ ਚਾਹੀਦਾ। ਟੈਕਨੋਲਾਜੀ ਨੂੰ ਆਪਣਾ ਦੋਸਤ ਮੰਨੋ। ਬਦਲਦੀ ਟੈਕਨੋਲਾਜੀ ਬਾਰੇ ਸਾਨੂੰ ਪਹਿਲਾਂ ਤੋਂ ਜਾਣਕਾਰੀ ਇਕੱਤਰ ਕਰਨੀ ਚਾਹੀਦੀ ਹੈ, ਇਹ ਜ਼ਰੂਰੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਮਾਰਟ ਫੋਨ ਜਿਨ੍ਹਾਂ ਤੁਹਾਡਾ ਸਮਾਂ ਚੋਰੀ ਕਰਦਾ ਹੈ, ਉਸ ‘ਚੋਂ 10 ਫ਼ੀਸਦੀ ਘੱਟ ਕਰਕੇ ਤੁਸੀਂ ਆਪਣੇ ਮਾਂ-ਬਾਪ, ਦਾਦਾ-ਦਾਦੀ ਨਾਲ ਬਿਤਾਓ। ਪ੍ਰਧਾਨ ਮੰਤਰੀ ਨੇ ਪੜ੍ਹਾਈ ਦੇ ਨਾਲ ਵਾਧੂ ਗਤੀਵਿਧੀਆਂ ਕਰਨ ਬਾਰੇ ਗੱਲ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ‘ਚ ਹਿੱਸਾ ਨਹੀਂ ਲਵੋਗੇ ਤਾਂ ਰੋਬੋਟ ਬਣ ਜਾਓਗੇ। ਉਨ੍ਹਾਂ ਇਹ ਵੀ ਕਿਹਾ ਕਿ ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ ਹੁੰਦੇ।

ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਨਾਲ ਅਜਿਹੀ ਗੱਲ ਨਾ ਕਰਨ ਕਿ ਪ੍ਰੀਖਿਆ ਹੀ ਸਭ ਕੁਝ ਹੈ। ਮੋਦੀ ਨੇ ਕਿਹਾ ਕਿ ਸਾਲ 2002 ‘ਚ ਭਾਰਤੀ ਟੀਮ ਵੈਸਟਇੰਡੀਜ਼ ‘ਚ ਖੇਡਣ ਗਈ ਸੀ। ਅਨਿਲ ਨੂੰ ਸੱਟ ਲੱਗ ਗਈ ਸੀ। ਲੋਕ ਸੋਚਣ ਲੱਗੇ, ਕੀ ਉਹ ਗੇਂਦਬਾਜ਼ੀ ਕਰਨਗੇ ਜਾਂ ਨਹੀਂ ਪਰ ਉਸ ਨੇ ਤੈਅ ਕੀਤਾ ਕਿ ਉਹ ਖੇਡਣਗੇ। ਉਹ ਆਪਣੇ ਸਿਰ ‘ਤੇ ਪੱਟੀ ਬੰਨ੍ਹ ਕੇ ਖੇਡੇ। ਇਸ ਤੋਂ ਬਾਅਦ ਬ੍ਰਾਇਨ ਲਾਰਾ ਦੀ ਵਿਕਟ ਲਈ। ਇਮੋਸ਼ਨ ਨੂੰ ਮੈਨੇਜ਼ ਕਰਨ ਦਾ ਤਰੀਕਾ ਸਿੱਖਣਾ ਹੋਵੇਗਾ।
-PTCNews