Fri, Apr 19, 2024
Whatsapp

ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ

Written by  Jashan A -- February 19th 2019 08:03 PM
ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ

ਪੰਜਾਬ ਦੇ ਪਾਣੀਆਂ ਨੂੰ ਬਾਹਰ ਨਹੀਂ ਜਾਣ ਦੇਵਾਂਗੇ: ਕੈਪਟਨ ਅਮਰਿੰਦਰ ਸਿੰਘ,ਮੰਡੌਲੀ (ਘਨੌਰ/ਪਟਿਆਲਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਅਤੇ ਫ਼ਤਹਿਗੜ ਸਾਹਿਬ ਜ਼ਿਲਿਆਂ ਦੇ 409 ਪਿੰਡਾਂ ’ਚ ਨਹਿਰੀ ਪਾਣੀ ’ਤੇ ਅਧਾਰਤ ਜਲ ਸਪਲਾਈ ਮੁਹੱਈਆ ਕਰਵਾਉਣ ਲਈ ਤਿੰਨ ਵੱਡੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਦਿਆਂ ਪੰਜਾਬ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਸੂਬੇ ’ਚ ਨੀਵੇਂ ਹੁੰਦੇ ਜਾ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਅਤੇ ਪੰਜਾਬ ਦੇ ਲੋਕਾਂ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਪੂਰਨ ਤੌਰ ’ਤੇ ਵਚਨਬੱਧ ਹਨ। ਮੁੱਖ ਮੰਤਰੀ ਨੇ ਇਸ ਦੌਰਾਨ ਬਹਾਦਰਗੜ ਅਤੇ ਇਸਦੇ ਨੇੜਲੇ 10 ਪਿੰਡਾਂ ਦੇ ਕਲਸਟਰ ’ਚ ਸੀਵਰੇਜ ਪ੍ਰਾਜੈਕਟ ਲਾਉਣ ਦੀ ਵੀ ਸ਼ੁਰੂਆਤ ਕਰਵਾਈ। ਜ਼ਿਕਰਯੋਗ ਹੈ ਕਿ ਪਟਿਆਲਾ ਜ਼ਿਲੇ ਦੇ ਇਸ ਇਲਾਕੇ ਵਿੱਚ ਪਾਣੀ ’ਚ ਫਲੋਰਾਇਡ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹੱਡੀਆਂ ਅਤੇ ਦੰਦਾਂ ’ਚ ਫਲੋਰੋਸਿਸ ਦੀ ਸਮੱਸਿਆ ਪੈਦਾ ਹੋ ਰਹੀ ਹੈ।ਇਸ ਮੌਕੇ ਮੁੱਖ ਮੰਤਰੀ ਨੇ ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਸੂਬੇ ਤੋਂ ਬਾਹਰ ਜਾਣ ਦੀ ਆਗਿਆ ਨਹੀਂ ਦੇਵੇਗੀ। ਉਨਾਂ ਨੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਨੂੰ ਬਰਬਾਦ ਨਾ ਕਰਨ, ਕਿਉਂਕਿ ਸੂਬੇ ਦਾ ਧਰਤੀ ਹੇਠਲਾ ਪਾਣੀ ਦਿਨ-ਬ-ਦਿਨ ਘਟ ਰਿਹਾ ਹੈ। ਮੁੱਖ ਮੰਤਰੀ ਨੇ ਚਿਤਾਵਨੀ ਦਿੱਤੀ ਕਿ ਜੇ ਅਸੀਂ ਹੁਣ ਵੀ ਪਾਣੀ ਦੀ ਸੰਭਾਲ ਨਾ ਕੀਤੀ ਤਾਂ ਆਉਣ ਵਾਲੀਆਂ ਪੀੜੀਆਂ ਲਈ ਕੁਝ ਵੀ ਨਹੀਂ ਛੱਡ ਕੇ ਜਾਵਾਂਗੇ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਪਾਣੀ ਐਨਾ ਡੂੰਘਾ ਚਲਾ ਗਿਆ ਹੈ ਕਿ ਗਰੀਬ ਕਿਸਾਨ ਆਪਣੀਆਂ ਫ਼ਸਲਾਂ ਦੀ ਸਿੰਚਾਈ ਲਈ ਵੱਡੀਆਂ ਮੋਟਰਾਂ ਅਤੇ ਡੂੰਘੇ ਟਿਊਬਵੈਲ ਲਵਾਉਣ ਦੀ ਹਿੰਮਤ ਨਹੀਂ ਕਰ ਸਕਦੇ। ਉਨਾਂ ਇਹ ਚੇਤੇ ਕਰਵਾਇਆ ਕਿ ਉਨਾਂ ਦੀ ਸਰਕਾਰ ਅਜਿਹੇ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਸਮੇਤ ਉਨਾਂ ਦੀ ਹਰ ਸੰਭਵ ਸਹਾਇਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਸਾਰਾ ਸੂਬਾ ਪੀਣ ਵਾਲੇ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਤੇ ਇਹ ਸਮੱਸਿਆ ਅਗਲੇ ਸਾਲਾਂ ’ਚ ਹੋਰ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਉਨਾਂ ਨੇ ਸਾਲ 1966 ਦੀ ਆਪਣੀ ਯਾਦ ਸਾਂਝੀ ਕਰਦਿਆਂ ਕਿਹਾ ਕਿ ਕਿਹਾ ਕਿ ਉਹ ਉਸ ਸਮੇਂ ਪਿੰਡ ਮੰਡੌਲੀ ਆਏ ਸਨ ਜਦੋਂ ਇਹ ਛੋਟਾ ਜਿਹਾ ਪਿੰਡ ਹੁੰਦਾ ਸੀ ਅਤੇ ਉਦੋਂ ਉਨਾਂ ਦੇ ਮਾਤਾ ਜੀ ਰਾਜਮਾਤਾ ਮਹਿੰਦਰ ਕੌਰ ਲੋਕ ਸਭਾ ਚੋਣ ਲੜ ਰਹੇ ਸਨ ਅਤੇ ਪੀਣ ਵਾਲੇ ਪਾਣੀ ਦੀ ਮੰਗ ਉਸ ਵੇਲੇ ਵੀ ਇਸੇ ਤਰਾਂ ਦੀ ਹੀ ਸੀ। ਉਨਾਂ ਨੇ ਦੂਸ਼ਿਤ ਹੋ ਰਹੇ ਪਾਣੀ ’ਤੇ ਦੁੱਖ ਪ੍ਰਗਟਾਇਆ ਕਿ ਇਸੇ ਕਰਕੇ ਲੋਕ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਇਨਾਂ ਪ੍ਰਾਜੈਕਟਾਂ ਨੂੰ ਲੋਕਾਂ ਦੀ ਬਿਹਤਰੀ ਅਤੇ ਭਲਾਈ ਲਈ ਆਰੰਭੇ ਪ੍ਰਾਜੈਕਟ ਦਸਦਿਆਂ ਕਿਹਾ ਕਿ ਇਨਾਂ ਪ੍ਰਾਜੈਕਟਾਂ ਨੂੰ ਅਗਾਮੀ ਲੋਕ ਸਭਾ ਚੋਣਾਂ ਨਾਲ ਨਹੀਂ ਜੋੜ ਕੇ ਨਹੀਂ ਦੇਖਣਾ ਚਾਹੀਦਾ। ਉਨਾਂ ਕਿਹਾ ਕਿ ਸੂਬੇ ਦੇ ਕਿਸੇ ਵੀ ਖੇਤਰ ’ਚ ਜਦੋਂ ਪਾਣੀ ਦੇ ਦੂਸ਼ਿਤ ਹੋਣ ਜਾਂ ਇਸ ’ਚ ਯੂਰੇਨੀਅਮ ਜਾਂ ਭਾਰੇ ਤੱਤਾਂ ਦੀ ਕੋਈ ਰਿਪੋਰਟ ਮਿਲਦੀ ਹੈ ਤਾਂ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਇਸ ਸਮੱਸਿਆ ਦੇ ਹੱਨ ਲਈ ਯਤਨ ਕੀਤੇ ਜਾਂਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੱਲੋਂ ਰੱਖੀ ਮੰਗ ਨੂੰ ਪੂਰਾ ਕਰਦਿਆਂ ਪਿੰਡ ਮੰਡੌਲੀ ਵਿਖੇ 4.70 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪ੍ਰਾਜੈਕਟ ਲਗਾਉਣ ਦਾ ਵੀ ਐਲਾਨ ਕੀਤਾ। ਇਸ ਸਮੇਂ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਅੱਜ ਸ਼ੁਰੂ ਕੀਤੇ ਗਏ ਇਨਾਂ ਪ੍ਰਾਜੈਕਟਾਂ ਦਾ ਇਲਾਕੇ ਦੇ ਲੋਕਾਂ ’ਤੇ ਲੰਮੇ ਸਮੇਂ ਲਈ ਚੰਗਾ ਪ੍ਰਭਾਵ ਪਵੇਗਾ ਅਤੇ ਇਹ ਇੱਥੋਂ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਮਦਦਗਾਰ ਸਾਬਤ ਹੋਣਗੇ, ਜਿਹੜੇ ਕਿ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਸਨ। ਉਨਾਂ ਨੇ ਸਥਾਨਕ ਵਿਧਾਇਕਾਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਨਾਂ ਕਰਕੇ ਸਰਕਾਰ ਵੱਲੋਂ ਕੀਤੇ ਜਾ ਰਹੇ ਸਰਕਾਰ ਵੱਲੋਂ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਸਕੀਮਾਂ ਦਾ ਲਾਭ ਲੋਕਾਂ ਤੱਕ ਪੁੱਜ ਰਿਹਾ ਹੈ।ਮੁੱਖ ਮੰਤਰੀ ਵੱਲੋਂ ਅੱਜ ਅਰੰਭੇ ਗਏ ਕੁਲ 520 ਕਰੋੜ ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ’ਤੇ ਅਧਾਰਤ ਸਾਫ਼ ਅਤੇ ਸ਼ੁੱਧ ਪੀਣ ਵਾਲੇ ਜਲ ਸਪਲਾਈ ਤੇ ਸੀਵਰੇਜ ਦੇ ਇਨਾਂ ਪ੍ਰਾਜੈਕਟਾਂ ਦਾ 5.28 ਲੱਖ ਲੋਕਾਂ ਨੂੰ ਲਾਭ ਮਿਲੇਗਾ। ਇਸ ਵਿਚੋਂ ਜਲ ਸਪਲਾਈ ਦੇ ਪ੍ਰਾਜੈਕਟਾਂ ਦੀ ਲਾਗਤ 475 ਕਰੋੜ ਰੁਪਏ ਅਤੇ ਨਬਾਰਡ ਦੀ ਸਹਾਇਤਾ ਨਾਲ ਬਹਾਦਰਗੜ ਤੇ ਨੇੜਲੇ 10 ਪਿੰਡਾਂ ਦੀ 41505 ਦੀ ਆਬਾਦੀ ਲਈ 45 ਕਰੋੜ ਰੁਪਏ ਦੀ ਲਾਗਤ ਵਾਲਾ ਸੀਵਰੇਜ ਪ੍ਰਾਜੈਕਟ ਲੱਗ ਰਿਹਾ ਹੈ। ਅਗਲੇ 30 ਸਾਲਾਂ ਦੀਆਂ ਜਰੂਰਤਾਂ ਨੂੰ ਵੇਖਦਿਆਂ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਨੈਸ਼ਨਲ ਵਾਟਰ ਕੁਆਲਿਟੀ ਸਬ ਮਿਸ਼ਨ ਅਤੇ ਦਿਹਾਤੀ ਪੀਣ ਵਾਲੇ ਪੀਣ ਦੀ ਪੂਰਤੀ ਪ੍ਰੋਗਰਾਮ ਤਹਿਤ ਤਜਵੀਜ ਕੀਤੇ ਗਏ ਇਨਾਂ ਪਾਣੀ ਸ਼ੁੱਧੀਕਰਨ ਪ੍ਰਾਜੈਕਟਾਂ ਨੂੰ ਬਣਾਉ, ਚਲਾਉ ਅਤੇ ਟ੍ਰਾਂਸਫਰ ਕਰੋ ਦੇ ਅਧਾਰ ’ਤੇ ਚਲਾਇਆ ਜਾਵੇਗਾ। ਇਨਾਂ ਤੋਂ 70 ਲਿਟਰ ਪ੍ਰਤੀ ਵਿਅਕਤੀ ਪ੍ਰਤੀ ਦਿਨ ਜਲ ਮਿਲੇਗਾ, ਇਨਾਂ ਵਿਚੋਂ ਫ਼ਤਹਿਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਖੇ 112 ਕਰੋੜ ਰੁਪਏ ਦੀ ਲਾਗਤ ਨਾਲ 3.50 ਏਕੜ ਜਮੀਨ ’ਚ ਲੱਗਣ ਵਾਲੇ ਇਸ ਪ੍ਰਾਜੈਕਟ ਤੋਂ ਖੇੜਾ ਬਲਾਕ ਦੇ 69 ਪਿੰਡ, ਬਸੀ ਪਠਾਣਾ ਬਲਾਕ ਦੇ 23 ਪਿੰਡ ਲਾਭ ਉਠਾਉਣਗੇ। ਜਦੋਂਕਿ 241.18 ਕਰੋੜ ਰੁਪਏ ਦੀ ਲਾਗਤ ਵਾਲੇ ਇਕੱਲੇ ਮੰਡੌਲੀ ਵਾਲੇ ਟ੍ਰੀਟਮੈਂਟ ਪਲਾਂਟ ਤੋਂ ਰੋਜ਼ਾਨਾ 3.50 ਕਰੋੜ ਲਿਟਰ ਸਾਫ਼ ਤੇ ਸ਼ੁੱਧ ਪੀਣਯੋਗ ਪਾਣੀ ਦੀ ਪੂਰਤੀ 204 ਪਿੰਡਾਂ ਨੂੰ ਪ੍ਰਦਾਨ ਕੀਤੀ ਜਾਵੇਗੀ, ਜਿਨਾਂ ’ਚ ਘਨੌਰ ਵਿਧਾਨ ਸਭਾ ਹਲਕੇ ਦੇ 146 ਪਿੰਡ, ਰਾਜਪੁਰਾ ਹਲਕੇ ਦੇ 12 ਪਿੰਡ ਅਤੇ ਸਨੌਰ ਹਲਕੇ ਦੇ 46 ਪਿੰਡ ਕਵਰ ਹੋਣਗੇ ਅਤੇ 3.65 ਲੱਖ ਲੋਕਾਂ ਨੂੰ ਸਾਫ਼ ਅਤੇ ਸ਼ੁੱਧ ਪੀਣਯੋਗ ਪਾਣੀ ਮੁਹੱਈਆ ਹੋਵੇਗਾ। ਇਸੇ ਤਰਾਂ 122 ਕਰੋੜ ਰੁਪਏ ਦੀ ਲਾਗਤ ਵਾਲੇ ਪਿੰਡ ਪੱਬਰਾ ਦੇ ਜਲ ਟ੍ਰੀਟਮੈਂਟ ਪਲਾਂਟ ’ਤੋਂ 112 ਪਿੰਡਾਂ ਨੂੰ 1.80 ਕਰੋੜ ਲਿਟਰ ਜਲ ਸਪਲਾਈ ਰੋਜ਼ਾਨਾ ਹੋਵੇਗੀ। ਇਨਾਂ ਪਿੰਡਾਂ ’ਚ 25 ਪਿੰਡ ਘਨੌਰ ਹਲਕੇ ਦੇ, 62 ਪਿੰਡ ਰਾਜਪੁਰਾ ਹਲਕੇ ਦੇ, 23 ਪਿੰਡ ਸਨੌਰ ਹਲਕੇ ਦੇ ਅਤੇ 2 ਪਿੰਡ ਫ਼ਤਹਿਗੜ ਸਾਹਿਬ ਹਲਕੇ ਦੇ ਹਨ, ਇਥੋਂ 1.63 ਲੱਖ ਲੋਕਾਂ ਨੂੰ ਜਲ ਸਪਲਾਈ ਹੋਵੇਗੀ ਅਤੇ 179 ਕਿਲੋਮੀਟਰ ਡੀ.ਆਈ. ਪਾਇਪ ਲਾਇਨਾਂ ਵਿਛਾਈਆਂ ਜਾਣਗੀਆਂ। ਇਨਾਂ ਪ੍ਰਾਜੈਕਟਾਂ ਦੇ ਪੂਰਾ ਹੋਣ ਨਾਲ ਲੋਕਾਂ ਨੂੰ ਆਪਣੇ ਘਰਾਂ ’ਚ ਆਰ.ਓ. ਲਗਾਉਣ ਦੀ ਲੋੜ ਵੀ ਨਹੀਂ ਪੈਣੀ ਤੇ ਉਨਾਂ ਨੂੰ ਸਸਤੀਆਂ ਦਰਾਂ ’ਤੇ ਗੁਣਵੱਤਾ ਭਰਪੂਰ ਜਲ ਮਿਲੇਗਾ। ਗੰਦਾ ਪਾਣੀ ਪੀਣ ਨਾਲ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲਣ ਕਰਕੇ ਲੋਕਾਂ ਦੀ ਸਿਹਤ ’ਚ ਸੁਧਾਰ ਆਵੇਗਾ, ਕਿਉਂਕਿ ਨਹਿਰੀ ਪਾਣੀ ’ਚ ਸਾਰੇ ਉਹ ਤੱਤ ਮੌਜੂਦ ਹੁੰਦੇ ਹਨ, ਜਿਹੜੇ ਸਾਡੇ ਸਰੀਰ ਨੂੰ ਲੋੜੀਂਦੇ ਹੁੰਦੇ ਹਨ। ਮੁੱਖ ਮੰਤਰੀ ਵੱਲੋਂ ਬਹਾਦਰਗੜ ਤੇ ਇਸ ਦੇ ਨਾਲ ਲੱਗਦੇ ਹੋਰ ਪਿੰਡਾਂ ਲਈ 45 ਕਰੋੜ ਰੁਪਏ ਦੀ ਲਾਗਤ ਨਾਲ ਸ਼ੁਰੂ ਕਰਵਾਏ ਕਾਮਨ ਸੀਵਰੇਜ ਸਕੀਮ ਦੇ ਚਾਲੂ ਹੋਣ ਨਾਲ ਬਹਾਦਰਗੜ ਸਮੇਤ ਮਹਿਮਦਪੁਰ ਜੱਟਾਂ, ਸਮਸ਼ਪੁਰ, ਜਲਾਲਪੁਰ, ਨਸੀਰਪੁਰ, ਕਰਹੇੜੀ, ਡੀਲਵਾਲ, ਨੂਰਖੇੜੀਆਂ, ਥੇੜੀ ਅਤੇ ਚੌਰਾ ਪਿੰਡਾਂ ’ਚ ਲੋਕਾਂ ਦੇ ਘਰਾਂ ਨੂੰ ਸੀਵਰੇਜ ਪ੍ਰਣਾਲੀ ਨਾਲ ਜੋੜਿਆ ਜਾ ਸਕੇਗਾ। ਇਨਾਂ ਪਿੰਡਾਂ ਦੇ ਸੀਵਰੇਜ਼ ਦੇ ਗੰਦੇ ਪਾਣੀ ਨੂੰ ਵੱਡੀ ਨਦੀ ਨੇੜੇ ਪਿੰਡ ਚੌਰਾ ਵਿਖੇ ਲਗਾਏ ਜਾਣ ਵਾਲੇ ਸੀਵਰੇਜ਼ ਟ੍ਰੀਟਮੈਂਟ ਪਲਾਂਟ ਰਾਹੀਂ ਸੋਧਿਆ ਜਾਵੇਗਾ। ਪਿੰਡ ਚੌਰਾ ਦੀ ਪੰਚਾਇਤ ਨੇ ਇਸ ਕੰਮ ਲਈ ਜਲ ਸਪਲਾਈ ਅਤੇ ਸੀਵਰੇਜ ਵਿਭਾਗ ਨੂੰ ਢਾਈ ਏਕੜ ਜਮੀਨ ਮੁਫ਼ਤ ਪ੍ਰਦਾਨ ਕੀਤੀ ਹੈ। ਇਸ ਪਲਾਂਟ ਤੋਂ ਸੋਧਿਆ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ ਅਤੇ ਲੋੜ ਨਾ ਹੋਣ ਦੀ ਸੂਰਤ ’ਚ ਇਹ ਪਾਣੀ ਵੱਡੀ ਨਦੀ ’ਚ ਪਾਇਆ ਜਾਵੇਗਾ ਤੇ ਇਥੇ 83.88 ਕਿਲੋਮੀਟਰ ਲੰਮੀਆਂ ਸੀਵਰੇਜ਼ ਲਾਇਨਾਂ ਵਿਛਾਈਆਂ ਜਾਣਗੀਆਂ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ 10 ਪਿੰਡਾਂ ਦੇ ਲੋਕਾਂ ਨੂੰ ਲਾਭ ਮਿਲੇਗਾ ਤੇ ਇਹ ਪਿੰਡ ਈਕੋ ਫਰੈਂਡਲੀ ਸੈਨੀਟੇਸ਼ਨ ਸੇਵਾਵਾਂ ਦਾ ਲਾਭ ਲੈ ਸਕਣਗੇ ਜੋਕਿ ਇਨਾਂ ਦੇ ਜੀਵਨ ਪੱਧਰ ’ਚ ਸੁਧਾਰ ਲਿਆਵੇਗਾ। ਯਾਦ ਰਹੇ ਕਿ ਆਪਣੇ ਬਜ਼ਟ ਭਾਸ਼ਣ ’ਚ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਅੰਮਿ੍ਰਤਸਰ, ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿਖੇ ਵਿਸ਼ਵ ਬੈਂਕ ਅਤੇ ਏ.ਡੀ.ਬੀ. ਦੀ ਸਹਾਇਤਾ ਨਾਲ ਨਹਿਰੀ ਪਾਣੀ ’ਤੇ ਅਧਾਰਤ ਪ੍ਰਾਜੈਕਟ ਲਾਉਣ ਦਾ ਜਿਕਰ ਕੀਤਾ ਸੀ, ਇਨਾਂ ਪ੍ਰਾਜੈਕਟਾਂ ’ਤੇ 4800 ਕਰੋੜ ਰੁਪਏ ਦੀ ਲਾਗਤ ਆਵੇਗੀ, ਜਿਸ ਲਈ ਸਾਲ 2019-20 ’ਚ 200 ਕਰੋੜ ਰੁਪਏ ਦਾ ਅਗੇਤਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਹਲਕਾ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ, ਹਲਕਾ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਹਲਕਾ ਫ਼ਤਹਿਗੜ ਸਾਹਿਬ ਦੇ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ, ਬਸੀ ਪਠਾਣਾ ਦੇ ਵਿਧਾਇਕ ਸ. ਗੁਰਪ੍ਰੀਤ ਸਿੰਘ ਜੀ.ਪੀ., ਹਰਿੰਦਰਪਾਲ ਸਿੰਘ ਹੈਰੀਮਾਨ ਅਤੇ ਜ਼ਿਲਾ ਦਿਹਾਤੀ ਕਾਂਗਰਸ ਪ੍ਰਧਾਨ ਸ. ਗੁਰਦੀਪ ਸਿੰਘ ਊਂਟਸਰ ਨੇ ਵੀ ਸੰਬੋਧਨ ਕੀਤਾ ਅਤੇ ਮੁੱਖ ਮੰਤਰੀ ਵੱਲੋਂ ਇਹ ਪ੍ਰਾਜੈਕਟ ਲਗਾਉਣ ਲਈ ਉਨਾਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਪੀ.ਆਰ.ਟੀ.ਸੀ. ਦੇ ਚੇਅਰਮੈਨ ਸ੍ਰੀ ਕੇ.ਕੇ. ਸ਼ਰਮਾ, ਪੰਜਾਬ ਸਮਾਜ ਭਲਾਈ ਬੋਰਡ ਦੀ ਚੇਅਰਪਰਸਨ ਸ੍ਰੀਮਤੀ ਗੁਰਸ਼ਰਨ ਕੌਰ ਰੰਧਾਵਾ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ, ਬੀਬੀ ਅਮਰਜੀਤ ਕੌਰ ਜਲਾਲਪੁਰ, ਗਗਨਦੀਪ ਸਿੰਘ ਜੌਲੀ, ਰੀਤਿੰਦਰ ਸਿੰਘ ਰਿੱਕੀ ਮਾਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਸਕੱਤਰ ਸ੍ਰੀਮਤੀ ਜਸਪ੍ਰੀਤ ਤਲਵਾੜ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮਿ੍ਰਤਪ੍ਰਤਾਪ ਸਿੰਘ ਹਨੀ ਸੇਖੋਂ, ਆਈ.ਜੀ. ਏ.ਐਸ. ਰਾਏ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਹੈਡ ਅਸ਼ਵਨੀ ਕੁਮਾਰ, ਡੀ.ਡਬਲਿਯੂਐਸ.ਐਸ. ਦੇ ਵਧੀਕ ਸਕੱਤਰ ਸ੍ਰੀ ਮੁਹੰਮਦ ਇਸ਼ਫ਼ਾਕ, ਐਸ.ਡੀ.ਐਮ. ਸ਼ਿਵ ਕੁਮਾਰ, ਮੁੱਖ ਇੰਜੀਨੀਅਰ ਸਾਊਥ ਰਜਿੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਜਸਬੀਰ ਸਿੰਘ, ਇਲਾਕੇ ਦੇ ਪਿੰਡਾਂ ਦੇ ਵਸਨੀਕ ਅਤੇ ਹੋਰ ਪਤਵੰਤੇ ਮੌਜੂਦ ਸਨ। -PTC News


Top News view more...

Latest News view more...