ਹੋਰ ਖਬਰਾਂ

ਸ਼੍ਰੋਮਣੀ ਕਮੇਟੀ 550 ਸਾਲਾ ਦੀ ਤਰਜ਼ 'ਤੇ ਮਨਾਏਗੀ ਤਿੰਨ ਵੱਡੀਆਂ ਸ਼ਤਾਬਦੀਆਂ : ਭਾਈ ਲੌਂਗੋਵਾਲ

By Jashan A -- January 24, 2020 6:01 pm -- Updated:Feb 15, 2021

ਸ਼੍ਰੋਮਣੀ ਕਮੇਟੀ 550 ਸਾਲਾ ਦੀ ਤਰਜ਼ 'ਤੇ ਮਨਾਏਗੀ ਤਿੰਨ ਵੱਡੀਆਂ ਸ਼ਤਾਬਦੀਆਂ : ਭਾਈ ਲੌਂਗੋਵਾਲ

ਸ਼ਤਾਬਦੀ ਸਮਾਰੋਹਾਂ ਲਈ ਹਾਈਪਾਵਰ ਸਬ ਕਮੇਟੀ ਬਣਾਉਣ ਦਾ ਫੈਸਲਾ

ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਮਤਿਆਂ 'ਤੇ ਲੱਗੀ ਮੋਹਰ

ਪਟਿਆਲਾ: ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੀ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸਾਲ 2020 ਦੌਰਾਨ ਮਨਾਈਆਂ ਜਾਣ ਵਾਲੀਆਂ ਤਿੰਨ ਵੱਡੀਆਂ ਸ਼ਤਾਬਦੀਆਂ 'ਤੇ ਮੋਹਰ ਲਗਾ ਦਿੱਤੀ ਹੈ।

ਇਕੱਤਰਤਾ ਦੌਰਾਨ ਧਰਮ ਪ੍ਰਚਾਰ ਕਮੇਟੀ 'ਚ ਵੱਖ-ਵੱਖ ਮਤੇ ਪੇਸ਼ ਕੀਤੇ ਗਏ, ਜਿਨਾਂ ਨੂੰ ਦੀਰਘ ਵਿਚਾਰਾਂ ਤੋਂ ਬਾਅਦ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਦੱਸਿਆ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100ਵਾਂ ਸਥਾਪਨਾ ਦਿਵਸ ਮਨਾਉਣ ਸਮੇਤ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਨਾਈਆਂ ਜਾਣ ਵਾਲੀਆਂ ਸ਼ਤਾਬਦੀਆਂ ਲਈ ਹਾਈਪਾਵਰ ਸਬ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ।

ਹੋਰ ਪੜ੍ਹੋ: ਸ਼੍ਰੋਮਣੀ ਕਮੇਟੀ ਵੱਲੋਂ ਪ੍ਰਬੰਧਕ ਕਮੇਟੀ ਦੇ ਮਤੇ ਅਨੁਸਾਰ ਮਾਮਲਾ ਕੀਤਾ ਗਿਆ ਸੀ ਪੈਂਡਿੰਗ: ਡਾ. ਰੂਪ ਸਿੰਘ

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਾਲ 2020 'ਚ ਤਿੰਨੋਂ ਸ਼ਤਾਬਦੀਆਂ 550ਸਾਲਾ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਵਾਂਗ ਜਾਹੋ-ਜਲਾਲ ਨਾਲ ਮਨਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਤਾਬਦੀ ਸਮਾਰੋਹ ਨੂੰ ਲੈ ਕੇ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਹਨ।

ਭਾਈ ਲੋਂਗੋਵਾਲ ਨੇ ਕਿਹਾ ਕਿ ਸ਼ਤਾਬਦੀ ਸਮਾਰੋਹਾਂ ਦੇ ਸਬੰਧ 'ਚ ਗਠਿਤ ਕੀਤੀ ਜਾਣ ਵਾਲੀ ਸਬ ਕਮੇਟੀ ਸਾਲ ਭਰ ਉਲੀਕੇ ਜਾਣ ਵਾਲੇ ਧਾਰਮਕ ਸਮਾਗਮਾਂ ਅਤੇ ਸੈਮੀਨਾਰਾਂ ਕਰਵਾਉਣ ਨੂੰ ਲੈ ਕੇ ਰੂਪ ਰੇਖਾ ਤਿਆਰ ਕਰੇਗੀ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਅਜਿਹੀ ਮਹਾਨ ਸੰਸਥਾ ਹੈ, ਜੋ ਵੱਡੀਆਂ ਕੁਰਬਾਨੀਆਂ ਨਾਲ ਹੋਂਦ 'ਚ ਆਈ ਅਤੇ ਅੱਜ ਸੰਸਥਾ ਵੱਲੋਂ ਧਰਮ ਅਤੇ ਅਕਾਦਮਿਕ ਖੇਤਰ 'ਚ ਮੀਲ ਪੱਥਰ ਸਥਾਪਤ ਕੀਤੇ ਜਾ ਰਹੇ ਹਨ।

-PTC News