ਹੋਰ ਖਬਰਾਂ

ਪਟਿਆਲਾ ਵਿਖੇ ਔਰਤ ਦੀ ਕੁੱਟਮਾਰ ਦਾ ਮਾਮਲਾ : ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਆਂਗਨਵਾੜੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ

By Shanker Badra -- November 02, 2019 10:37 am

ਪਟਿਆਲਾ ਵਿਖੇ ਔਰਤ ਦੀ ਕੁੱਟਮਾਰ ਦਾ ਮਾਮਲਾ : ਦੋਸ਼ੀਆਂ ਖਿਲਾਫ਼ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਆਂਗਨਵਾੜੀ ਵਰਕਰਾਂ ਨੇ ਕੀਤਾ ਰੋਸ ਪ੍ਰਦਰਸ਼ਨ:ਪਟਿਆਲਾ : ਪਟਿਆਲਾ ਰਾਜਪੁਰਾ ਰੋਡ 'ਤੇ ਸਥਿਤ ਸਦਰ ਥਾਣਾ ਨਜ਼ਦੀਕ ਬੀਤੀ 17 ਅਕਤੂਬਰ ਦੀ ਰਾਤ ਨੂੰ 28 ਸਾਲਾ ਪਵਨਦੀਪ ਕੌਰ ਨੂੰ ਇੱਕ ਮਹਿਲਾ ਅਤੇ ਉਸਦੇ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਦੇ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਤਹਿਤ ਕੋਤਵਾਲੀ ਪੁਲਿਸ ਪਟਿਆਲਾ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਪਟਿਆਲਾ ਦੇ ਵਾਈਪੀਐਸ ਚੌਕ ਵਿਖੇ ਆਂਗਨਵਾੜੀ ਵਰਕਰਾਂ ਵੱਲੋਂ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਇਸ ਪ੍ਰਦਰਸ਼ਨ ਵਿੱਚ ਸ਼ਾਮਲ ਟਰੇਡ ਯੂਨੀਅਨ ਕੌਂਸਲ ਪਟਿਆਲਾ ਦੇ ਜਨਰਲ ਸਕੱਤਰ ਦਰਸ਼ਨ ਸਿੰਘ ਲੁਬਾਣਾ ਨੇ ਦੱਸਿਆ ਕਿ ਪੀੜਤ ਪਵਨਦੀਪ ਕੌਰ ਪਟਿਆਲਾ ਦੇ ਰਾਜਪੁਰਾ ਕਾਲੋਨੀ ਦੀ ਰਹਿਣ ਵਾਲੀ ਹੈ ਜੋ ਕਿ ਪ੍ਰੋਡਕਟ ਮਾਰਕੀਟਿੰਗ ਦਾ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ 17 ਅਕਤੂਬਰ ਦੀ ਸ਼ਾਮ ਪਵਨਦੀਪ ਕੌਰ ਜਦੋਂ ਆਪਣੇ ਇੱਕ ਕਲਾਇੰਟ ਨੂੰ ਮਿਲਣ ਤੋਂ ਬਾਅਦ ਵਾਪਸ ਘਰ ਜਾ ਰਹੀ ਸੀ ਤਾਂ ਪਟਿਆਲਾ ਰਾਜਪੁਰਾ ਰੋਡ 'ਤੇ ਸਦਰ ਥਾਣਾ ਨਜ਼ਦੀਕ ਉਸ ਦੀ ਕਾਰ ਨੂੰ ਇੱਕ ਕਾਰ ਵੱਲੋਂ ਜਬਰਦਸਤੀ ਰੋਕ ਲਿਆ ਗਿਆ, ਜਿਸਦੇ ਵਿੱਚ ਸਵਾਰ ਮਨਮੀਤ ਕੌਰ ਉਸ ਦੇ ਪਤੀ ਅਤੇ ਉਸਦੇ ਭਰਾਵਾਂ ਵੱਲੋਂ ਪਵਨਦੀਪ ਕੌਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਨਾਲ ਹੀ ਉਸ ਦੇ ਕੱਪੜੇ ਵੀ ਫਾੜ ਕੇ ਵੀਡੀਓ ਵੀ ਬਣਾ ਲਈ ਗਈ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੋਤਵਾਲੀ ਪੁਲਿਸ ਨੂੰ ਰਿਪੋਰਟ ਵੀ ਲਿਖਵਾਈ ਗਈ ਪਰ ਦਸ ਦਿਨ ਤੋਂ ਵਧੇਰੇ ਗੁਜ਼ਰਨ ਤੋਂ ਬਾਅਦ ਵੀ ਪੁਲਿਸ ਨੇ ਹਾਲੇ ਤੱਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ 4 ਨਵੰਬਰ ਤੱਕ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਮੀਟਿੰਗ ਸੱਦ ਕੇ ਇੱਕ ਵੱਡੇ ਸੰਘਰਸ਼ ਦਾ ਐਲਾਨ ਕਰ ਦੇਣਗੇ। ਇਸੇ ਦੌਰਾਨ ਆਂਗਨਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਬਲਜੀਤ ਕੌਰ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਪਵਨਦੀਪ ਕੌਰ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ ਉਸ ਤੋਂ ਸਾਫ ਜ਼ਾਹਿਰ ਹੈ ਕਿ ਮੁੱਖ ਮੰਤਰੀ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ ਵੀ ਲੜਕੀਆਂ ਸੁਰੱਖਿਅਤ ਨਹੀਂ ਰਹੀਆਂ।

ਉਨ੍ਹਾਂ ਆਖਿਆ ਕਿ ਮਨਮੀਤ ਕੌਰ ਅਤੇ ਉਸ ਦੇ ਪਰਿਵਾਰ ਦੇ ਖਿਲਾਫ ਪੁਲਿਸ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਅਤੇ ਨਾ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਇਸ ਦੇ ਨਾਲ ਹੀ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਅੰਮ੍ਰਿਤਪਾਲ ਸਿੰਘ ਉਰਫ ਹਨੀ ਸੇਖੋਂ ਦੇ ਉੱਪਰ ਵੀ ਗੰਭੀਰ ਇਲਜ਼ਾਮ ਲਗਾਏ ਹਨ। ਉਨ੍ਹਾਂ ਆਖਿਆ ਕਿ ਪੁਲਿਸ ਅਤੇ ਹਨੀ ਸੇਖੋਂ ਦੋਸ਼ੀਆਂ ਦਾ ਪੱਖ ਪੂਰ ਰਹੇ ਹਨ ਅਤੇ ਪਵਨਦੀਪ ਕੌਰ ਨਾਲ ਹੋਈ ਕੁੱਟਮਾਰ ਦੀ ਘਟਨਾ ਨੂੰ ਇੱਕ ਮਾਮੂਲੀ ਘਟਨਾ ਦੱਸ ਕੇ ਗੱਲ ਖਤਮ ਕਰਨ ਦੀ ਗੱਲ ਆਖ ਰਹੇ ਹਨ। ਆਂਗਨਵਾੜੀ ਵਰਕਰਾਂ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ 4 ਨਵੰਬਰ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਵੱਡੇ ਤੋਂ ਵੱਡਾ ਸੰਘਰਸ਼ ਵਿੱਢ ਦੇਣਗੇ।
-PTCNews

  • Share