ਕੋਰੋਨਾ ਵਿਰੁੱਧ ਜੰਗ ਲਈ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਟੀਮ ਨੇ ਬਣਾਇਆ ‘ਰੋਬੋਟ ਸਿਪਾਹੀ’

PEC Team created Robot

ਚੰਡੀਗੜ੍ਹ – ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਕੋਰੋਨਾ ਮਹਾਮਾਰੀ ਵਿਰੁੱਧ ਚੱਲ ਰਹੀ ਵਿਸ਼ਵ-ਵਿਆਪੀ ਜੰਗ ‘ਚ ਸਿਹਤ ਵਿਗਿਆਨ ਸਮੇਤ ਤਕਨਾਲੋਜੀ ਤੇ ਵਿਗਿਆਨ ਦੇ ਬਾਕੀ ਪੱਖ ਵੀ ਬਰਾਬਰ ਲੋੜੀਂਦੇ ਹਨ ਅਤੇ ਇਸ ਜੰਗ ‘ਚ ਉਨ੍ਹਾਂ ਸਭ ਦੀ ਆਪਣੀ ਆਪਣੀ ਭੂਮਿਕਾ ਹੈ।

ਛੂਤ ਦਾ ਰੋਗ ਹੋਣ ਕਾਰਨ ਜਿੱਥੇ ਕੋਰੋਨਾ ਵਿਰੁੱਧ ਜੰਗ ‘ਚ ਡਟੇ ਡਾਕਟਰ, ਨਰਸਾਂ ਤੇ ਸਹਿਯੋਗੀ ਸਟਾਫ਼ ਆਪਣੀਆਂ ਜਾਨਾਂ ਜੋਖਿਮ ਵਿੱਚ ਪਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਮਰੀਜ਼ਾਂ ਤੇ ਮੈਡੀਕਲ ਸਟਾਫ਼, ਇਨ੍ਹਾਂ ਸਾਰਿਆਂ ਤੱਕ ਖਾਣਾ ਪਹੁੰਚਾਉਣ ਦੀ ਅਹਿਮ ਡਿਊਟੀ ਨਿਭਾ ਰਹੇ ਕਰਮਚਾਰੀਆਂ ਨੂੰ ਕੋਰੋਨਾ ਵਾਇਰਸ ਹੋਣ ਦਾ ਵੱਡਾ ਖ਼ਤਰਾ ਹੈ। ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੇ ਇਲਾਜ ‘ਚ ਲੱਗੇ ਡਾਕਟਰਾਂ ਨਰਸਾਂ ਆਦਿ ਦੇ ਕੋਰੋਨਾ ਦੀ ਲਪੇਟ ‘ਚ ਆਉਣ ਦੀਆਂ ਅਨੇਕਾਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ।

ਕੋਰੋਨਾ ਵਾਇਰਸ ਦੇ ਛੂਤ ਨਾਲ ਫ਼ੈਲਣ ਦੇ ਤੱਥ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਇੰਜੀਨਿਅਰਿੰਗ ਕਾਲਜ ਚੰਡੀਗੜ੍ਹ ਦੇ ਵਿਦਿਆਰਥੀਆਂ ਤੇ ਪ੍ਰੋਫੈਸਰਾਂ ਦੀ ਟੀਮ ਨੇ ਇੱਕ ਰੋਬੋਟ ਤਿਆਰ ਕੀਤਾ ਹੈ, ਜੋ ਕੋਰੋਨਾ ਪੀੜਤ ਮਰੀਜ਼ਾਂ ਤੇ ਉਨ੍ਹਾਂ ਦੇ ਇਲਾਜ ‘ਚ ਡਿਊਟੀ ਕਰ ਰਹੇ ਮੈਡੀਕਲ ਸਟਾਫ਼ ਤੱਕ ਖਾਣਾ ਅਤੇ ਦਵਾਈਆਂ ਪਹੁੰਚਾ ਸਕਦਾ ਹੈ।

ਕਾਲਜ ਦੇ ਸਾਈਬਰ ਸਿਕਊਰਟੀ ਰਿਸਰਚ ਸੈਂਟਰ ਦੀ ਲੈਬ ਵਿੱਚ ਤਿਆਰ ਕੀਤਾ ਗਿਆ ਇਹ ਆਧੁਨਿਕ ਰੋਬੋਟ ਹੁਣ ਟਰਾਇਲ ਦੇ ਲਈ ਭੇਜਿਆ ਜਾਵੇਗਾ। ਇਹ ਰੋਬੋਟ ਵੱਖ-ਵੱਖ ਕਮਰਿਆਂ ਵਿੱਚ ਜਾ ਕੇ ਮਰੀਜ਼ਾਂ ਤੇ ਡਾਕਟਰਾਂ ਨਾਲ ਸੰਪਰਕ ਕਰ ਸਕਦਾ ਹੈ। ਰੋਬੋਟ ਬਣਾਉਣ ਵਾਲੀ ਟੀਮ ਵੱਲੋਂ ਦੱਸਿਆ ਗਿਆ ਹੈ ਕਿ ਇਸ ਰੋਬੋਟ ‘ਤੇ ਅਪ੍ਰੈਲ ਮਹੀਨੇ ਦੌਰਾਨ ਕੰਮ ਸ਼ੁਰੂ ਹੋਇਆ ਸੀ ਅਤੇ ਬਹੁਤ ਘੱਟ ਲਾਗਤ ਨਾਲ ਤਕਰੀਬਨ 20 ਦਿਨਾਂ ਵਿੱਚ ਇਸ ਨੂੰ ਤਿਆਰ ਕਰ ਲਿਆ ਗਿਆ ਹੈ।

ਰੋਬੋਟ ਵਿੱਚ ਕਈ ਤਰ੍ਹਾਂ ਦੇ ਸੈਂਸਰ ਲਗਾਏ ਗਏ ਹਨ। ਇਸ ਸੈਂਸਰ ਇਸ ਦੀ ਕਈ ਜਾਣਕਾਰੀਆਂ ਹਾਸਲ ਕਰਨ ਵਿੱਚ ਮਦਦ ਕਰਦੇ ਹਨ, ਉਦਾਹਰਣ ਵਜੋਂ ਜਿਵੇਂ ਮਰੀਜ਼ ਨੂੰ ਦਵਾਈ ਦਿੱਤੀ ਗਈ ਹੈ ਜਾਂ ਨਹੀਂ।

ਇਸ ਰੋਬੋਟ ਨੂੰ ਤਿਆਰ ਕਰਨ ਵਿੱਚ ਡਾ. ਬਾਂਸਲ ਅਤੇ ਪ੍ਰੋਫੈਸਰ ਡਾ. ਮਨਜੀਤ ਕੌਰ ਨੇ ਮਦਦ ਕੀਤੀ। ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਦੇ ਡਾ. ਨਿਸ਼ਿਤ ਸਾਵਲ ਅਤੇ ਡਾ. ਹਰਗੁਣਬੀਰ ਨੇ ਟੀਮ ਨੂੰ COVID -19 ਦੇ ਮਰੀਜਾਂ ਦੇ ਸੰਪਰਕ ਵਿੱਚ ਆਉਣ ਨਾਲ ਹੋਣ ਵਾਲੀ ਪਰੇਸ਼ਾਨੀਆਂ ਸੰਬੰਧੀ ਜਾਣਕਾਰੀ ਦਿੱਤੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੋਰੋਨਾ ਸੰਕ੍ਰਮਿਤ ਥਾਵਾਂ ਜਿਵੇਂ ਹਸਪਤਾਲ ਤੇ ਇਕਾਂਤਵਾਸ ਵਾਲੀਆਂ ਥਾਵਾਂ ਦੀ ਸੈਨਿਟਾਇਜ਼ੇਸ਼ਨ ਕਰਨ ਵਾਲੇ ਰੋਬੋਟਾਂ ਬਾਰੇ ਵੀ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ, ਕਿਉਂ ਕਿ ਛੂਤ ਦੇ ਇਸ ਰੋਗ ਦਾ ਕੋਈ ਪੱਕਾ ਤੇ ਠੋਸ ਇਲਾਜ ਨਾ ਹੋਣ ਕਾਰਨ ਬਚਾਅ ਹੀ ਸਭ ਤੋਂ ਉੱਤਮ ਹੈ। ਇਸੇ ਲੜੀ ਹੇਠ ਕੋਰੋਨਾ ਦੇ ਮੁਸ਼ਕਿਲ ਸਮੇਂ ‘ਚ ਇੰਜੀਨਿਅਰਿੰਗ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਟੀਮ ਵੱਲੋਂ ਚੁੱਕਿਆ ਇਹ ਕਦਮ ਵੀ, ਤਕਨੀਕੀ ਸਿੱਖਿਆ ਦਾ ਢੁਕਵਾਂ ਉਪਯੋਗ ਹੈ ਅਤੇ ਅਜਿਹੇ ਉੱਦਮ ਮਨੁੱਖਤਾ ਦੇ ਬਚਾਅ ਵਿੱਚ ਨਿਸ਼ਚਿਤ ਰੂਪ ਨਾਲ ਸਹਾਈ ਹੋਣਗੇ।