ਪੰਜਾਬ

ਕਾਨੂੰਨ ਰੱਦ ਦਾ ਐਲਾਨ ਜਿਨਾਂ ਚਿਰ ਹਕੀਕਤ ’ਚ ਨਹੀਂ ਬਦਲਦਾ ਉਦੋਂ ਤੱਕ ਚੌਕਸ ਰਹਿਣ ਦੀ ਲੋੜ- CM ਚੰਨੀ

By Riya Bawa -- November 21, 2021 11:11 am -- Updated:Feb 15, 2021

ਬਟਾਲਾ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਜਿਨਾਂ ਚਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ ਐਲਾਨ ਹਕੀਕਤ ਵਿੱਚ ਨਹੀਂ ਬਦਲ ਜਾਂਦਾ ਓਨਾਂ ਚਿਰ ਪੰਜਾਬੀਆਂ ਅਤੇ ਖਾਸ ਕਰਕੇ ਕਿਸਾਨਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਬਟਾਲਾ ਸ਼ੂਗਰ ਮਿੱਲ ਵਿੱਚ ਮਿੱਲ ਦੀ ਸਮਰੱਥਾ ਵਧਾਉਣ ਦਾ ਨੀਂਹ ਪੱਥਰ ਰੱਖਣ ਉਪਰੰਤ ਇੱਕ ਸਮਾਗਮ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਖੇਤੀ ਸਬੰਧੀ ਕਾਲੇ ਕਾਨੂੰਨ ਲਾਗੂ ਕਰਨਾ ਇੱਕ ਗਹਿਰੀ ਸਾਜ਼ਿਸ਼ ਸੀ ਅਤੇ ਇਸਨੇ ਕਿਸਾਨੀ ਨੂੰ ਢਾਹ ਲਾਉਣ ਦੇ ਨਾਲ ਸੂਬੇ ਦੀ ਤਰੱਕੀ ਅਤੇ ਖੁਸ਼ਹਾਲੀ ਨੂੰ ਵੀ ਢਾਹ ਲਗਾਈ ਸੀ। CM ਚੰਨੀ ਨੇ ਕਿਹਾ ਕਿ ਓਨਾਂ ਚਿਰ ਖੇਤੀ ਕਾਨੂੰਨ ਰੱਦ ਕਰਨ ਦਾ ਕੋਈ ਫਾਇਦਾ ਨਹੀਂ ਜਿਨਾਂ ਚਿਰ ਤੱਕ ਕੇਂਦਰ ਸਰਕਾਰ ਫਸਲਾਂ ਦੀ ਖਰੀਦ ਲਈ ਐੱਮ.ਐੱਸ.ਪੀ. ਦੀ ਗਰੰਟੀ ਨਹੀਂ ਦਿੰਦੀ।

ਜਿਹੜੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰ ਰਹੇ ਹਨ ਉਨਾਂ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬੀ ਕਿਸ ਗੱਲ ਲਈ ਕੇਂਦਰ ਸਰਕਾਰ ਦਾ ਧੰਨਵਾਦ ਕਰਨ ਕਿਉਂਕਿ ਇਹ ਕਾਲੇ ਕਾਨੂੰਨ ਵੀ ਤਾਂ ਉਨਾਂ ਨੇ ਜਾਣਬੁੱਝ ਕੇ ਕਿਸਾਨੀ ਨੂੰ ਮਾਰਨ ਲਈ ਲਾਗੂ ਕੀਤੇ ਸਨ। ਇਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ 700 ਤੋਂ ਵੱਧ ਕਿਸਾਨਾਂ ਨੂੰ ਆਪਣੀਆਂ ਜਾਨਾਂ ਦੇਣੀਆਂ ਪਈਆਂ ਅਤੇ ਸੂਬੇ ਦੀ ਆਰਥਿਕਤਾ ਅਤੇ ਖੁਸ਼ਹਾਲੀ ਨੂੰ ਵੱਡੀ ਢਾਹ ਲੱਗੀ। ਉਨਾਂ ਕਿਹਾ ਕਿ ਭਾਜਪਾ ਦਾ ਗੁਣਗਾਨ ਕਰਨ ਵਾਲੇ ਆਗੂ ਪਹਿਲਾਂ ਕਿਸਾਨਾਂ ਦੀ ਸ਼ਹਾਦਤਾਂ ਅਤੇ ਔਖੇ ਕੱਟੇ ਦਿਨਾਂ ਨੂੰ ਜਰੂਰ ਯਾਦ ਕਰ ਲੈਣ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਵਿੱਚ ਜਾਨਾਂ ਗੁਆਉਣ ਵਾਲੇ ਕਿਸਾਨਾਂ ਦੀ ਯਾਦ ਵਿੱਚ ਇੱਕ ਯਾਦਗਾਰ ਕਾਇਮ ਕੀਤੀ ਜਾਵੇਗੀ ਤਾਂ ਜੋ ਸਦੀਆਂ ਤੱਕ ਕਿਸਾਨੀ ਸੰਘਰਸ਼ ਦੀ ਯਾਦ ਤਾਜਾ ਰਹੇ।

ਆਮ ਆਦਮੀ ਪਾਰਟੀ ਦੀ ਗੱਲ ਕਰਦਿਆਂ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਰਵਿੰਦ ਕੇਜ਼ਰੀਵਾਲ ਦੋਹਰੇ ਮਾਪਦੰਡ ਅਪਣਾ ਕੇ ਪੰਜਾਬੀਆਂ ਨੂੰ ਗੁੰਮਰਾਹ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਕਿਹਾ ਕਿ ਜਿਹੜੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪੰਜਾਬ ਦੇ ਕਿਸਾਨਾਂ ਨੇ ਧਰਨੇ ਲਗਾਏ ਹੋਏ ਹਨ ਓਹੀ ਕਾਲੇ ਕਾਨੂੰਨ ਕੇਜ਼ਰੀਵਾਲ ਨੇ ਦਿੱਲੀ ਵਿੱਚ ਲਾਗੂ ਕੀਤੇ ਹੋਏ ਹਨ। CM ਚੰਨੀ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ, ਭਾਜਪਾ ਅਤੇ ਉਨਾਂ ਵਰਗੇ ਹੋਰ ਆਗੂਆਂ ਜਿਹੜੇ ਮੋਦੀ ਦੀਆਂ ਸਿਫ਼ਤ ਕਰ ਰਹੇ ਹਨ ਉਨਾਂ ਤੋਂ ਸਾਵਧਾਨ ਕਰਦਿਆਂ ਕਿਹਾ ਕਿ ਅਜਿਹੇ ਲੋਕ ਦੋਮੂੰਹੇ ਸੱਪ ਦੀ ਤਰਾਂ ਹਨ ਅਤੇ ਇਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।

ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਟਾਲਾ ਇਲਾਕੇ ਦੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦਿਆਂ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਸਮਰੱਥਾ 1500 ਟੀ.ਸੀ.ਡੀ ਤੋਂ 3500 ਟੀ.ਸੀ.ਡੀ ਵਧਾਉਣ ਅਤੇ 14 ਮੈਗਾਵਾਟ ਕੋ-ਜਨਰੇਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ।

-PTC News