ਵਾਇਰਲ ਖਬਰਾਂ

ਪੁਲਿਸ ਨੇ ਜ਼ੋਮਾਟੋ ਡਿਲੀਵਰੀ ਏਜੰਟ ਬਣ ਚੇਨ ਸਨੈਚਰਾਂ ਨੂੰ ਕਿਤਾ ਕਾਬੂ

By Jasmeet Singh -- August 24, 2022 4:29 pm

ਮੁੰਬਈ, 24 ਅਗਸਤ: ਸੁਣਨ ਨੂੰ ਤਾਂ ਕਾਫ਼ੀ ਫ਼ਿਲਮੀ ਲੱਗਦਾ ਪਰ ਇਹ ਕਿਸੀ ਫਿਲਮ ਦੀ ਕਹਾਣੀ ਨਹੀਂ ਸਗੋਂ ਅਸਲ ਬ੍ਰਿਤਾਂਤ ਹੈ। ਬਾਲੀਵੁਡ ਫਿਲਮਾਂ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿੰਝ ਪੁਲਿਸ ਵਾਲੇ ਕਿਸੀ ਖ਼ੁਫ਼ੀਆ ਆਪ੍ਰੇਸ਼ਨ ਲਈ ਹੁਲੀਆ ਬਦਲ ਦੇ ਨੇ, ਉਵੇਂ ਹੀ ਮੁੰਬਈ ਪੁਲਿਸ ਦੇ ਕਰਮਚਾਰੀਆਂ ਵੱਲੋਂ 2 ਚੇਨ-ਸਨੈਚਰਾਂ ਨੂੰ ਗ੍ਰਿਫਤਾਰ ਕਰਨ ਲਈ ਜ਼ੋਮਾਟੋ ਡਿਲੀਵਰੀ ਏਜੰਟ ਦਾ ਭੇਖ ਧਾਰਿਆ ਗਿਆ ਸੀ।

ਮੁੰਬਈ ਪੁਲਿਸ ਜ਼ੋਨ-12 ਦੇ ਡੀਸੀਪੀ ਸੋਮਨਾਥ ਘੜਗੇ ਨੇ ਦੱਸਿਆ ਕਿ ਕਸਤੂਰਬਾ ਮਾਰਗ ਪੁਲਿਸ ਸਟੇਸ਼ਨ ਵਿੱਚ 3 ਅਤੇ ਬਾਂਗੂਰ ਨਗਰ ਪੁਲਿਸ ਸਟੇਸ਼ਨ ਵਿੱਚ ਚੇਨ ਸਨੈਚਿੰਗ ਦੀ ਘਟਨਾ ਦਰਜ ਕੀਤੀ ਗਈ ਸੀ। ਮੁਲਜ਼ਮਾਂ ਦੀ ਪਛਾਣ ਕਰਨ ਲਈ ਪੁਲਿਸ ਦੀ ਟੀਮ ਵੱਲੋਂ 300 ਸੀਸੀਟੀਵੀ ਕੈਮਰਿਆਂ ਦੀ ਫੁਟੇਜਾਂ ਖੰਗਾਲੀਆਂ ਗਈਆਂ। ਜਾਂਚ ਦੌਰਾਨ ਪਾਇਆ ਗਿਆ ਕਿ ਇੱਕ ਬਾਈਕ ਜਿਸਦੀ ਵਰਤੋਂ ਸਨੈਚਿੰਗ ਲਈ ਕੀਤੀ ਜਾਂਦੀ ਸੀ ਇੱਕ ਰੇਲਵੇ ਸਟੇਸ਼ਨ ਦੇ ਬਾਹਰ ਖੜੀ ਹੈ। ਡੀਸੀਪੀ ਨੇ ਕਿਹਾ ਕਿ ਸਾਨੂੰ ਯਕੀਨ ਸੀ ਕਿ ਦੋਸ਼ੀ ਆਪਣੀ ਬਾਈਕ ਵਾਪਸ ਲੈਣ ਜ਼ਰੂਰ ਆਉਣਗੇ।

ਇਸ ਤੋਂ ਬਾਅਦ ਕਸਤੂਰਬਾ ਪੁਲਿਸ ਦੀ ਪੂਰੀ ਯੂਨਿਟ ਨੇ ਜ਼ੋਮਾਟੋ ਡਿਲੀਵਰੀ ਏਜੰਟਾਂ ਦਾ ਭੇਖ ਧਾਰ ਵਿਠਲਵਾੜੀ ਅਤੇ ਅੰਬੀਵਲੀ ਦੇ ਆਲੇ-ਦੁਆਲੇ ਲਗਭਗ 3 ਦਿਨਾਂ ਤੱਕ ਇੰਤਜ਼ਾਰ ਕੀਤਾ। ਜਦੋਂ ਮੁਲਜ਼ਮਾਂ ਵਿੱਚੋਂ ਇੱਕ ਬਾਈਕ ਲੈਣ ਆਇਆ ਤਾਂ ਭੇਖ ਧਾਰ ਮੁਲਜ਼ਮਾਂ ਦੇ ਇੰਤਜ਼ਰ 'ਚ ਬੈਠੇ ਪੁਲਿਸ ਮੁਲਾਜ਼ਮਾਂ ਨੇ ਸਨੈਚਰ ਨੂੰ ਧਰ ਦਬੋਚਿਆ ਅਤੇ ਦੂਜੇ ਮੁਲਜ਼ਮ ਨੂੰ ਉਸਦੇ ਸਾਥੀ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬਾਅਦ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਜ਼ਮਾਂ ਪਾਸੋਂ 2 ਮੋਟਰ ਸਾਈਕਲਾਂ ਅਤੇ ਚੋਰੀ ਕੀਤੀਆਂ ਚੇਨਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਫਿਰੋਜ਼ ਨਾਸਿਰ ਸ਼ੇਖ ਅਤੇ ਜ਼ਾਫ਼ਰ ਯੂਸੁਫ਼ ਜ਼ਾਫ਼ਰੀ ਵਜੋਂ ਹੋਈ ਹੈ। ਦੋਵੇਂ ਕ੍ਰਮਵਾਰ ਵਿਠਲਵਾੜੀ ਅਤੇ ਅੰਬੀਵਲੀ ਦੇ ਵਸਨੀਕ ਹਨ। ਦੋਵੇਂ ਹਿਸਟਰੀ ਸ਼ੀਟਰ ਸਨ ਅਤੇ ਦੋਵਾਂ 'ਤੇ ਲੁੱਟ-ਖੋਹ ਦੇ 20 ਤੋਂ ਵੱਧ ਮਾਮਲੇ ਦਰਜ ਹਨ।


-PTC News

  • Share