ਮੁੱਖ ਖਬਰਾਂ

ਨੂਹ ਵਿੱਚ ਮਾਈਨਿੰਗ ਮਾਫ਼ੀਆ ਵੱਲੋਂ ਮੁੜ ਤੋਂ ਪੁਲਿਸ ਟੀਮ 'ਤੇ ਹਮਲਾ - ਸੂਤਰ

By Jasmeet Singh -- September 09, 2022 2:19 pm

ਨੂਹ, 9 ਸਤੰਬਰ: ਇੱਕ ਡੀਐਸਪੀ ਦੇ ਕਤਲ ਦੇ ਦੋ ਮਹੀਨਿਆਂ ਬਾਅਦ ਅੱਜ ਮੁੜ ਤੋਂ ਮਾਈਨਿੰਗ ਮਾਫ਼ੀਆ ਨੇ ਨੂਹ ਜ਼ਿਲ੍ਹੇ ਵਿੱਚ ਮਾਈਨਿੰਗ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ 'ਤੇ ਹਮਲਾ ਕਰ ਦਿੱਤਾ। ਪੁਲਿਸ ਸੂਤਰਾਂ ਮੁਤਾਬਿਕ ਪੁਲਿਸ ਟੀਮ ਪਿੰਡ ਬਡੇੜ ਗਈ ਸੀ ਜਿੱਥੋਂ ਉਨ੍ਹਾਂ ਮਸ਼ੀਨਾਂ ਵੀ ਜ਼ਬਤ ਕੀਤੀਆਂ।

ਪੁਲਿਸ ਸੂਤਰਾਂ ਨੇ ਦੱਸਿਆ ਕਿ ਮਾਈਨਰਾਂ ਨੇ ਪਹਾੜੀਆਂ 'ਤੇ ਚੜ੍ਹ ਕੇ ਪੁਲਿਸ 'ਤੇ ਪਥਰਾਅ ਵੀ ਕੀਤਾ, ਜਿਸ ਨਾਲ ਇਕ ਸਿਪਾਹੀ ਜ਼ਖਮੀ ਹੋ ਗਿਆ। ਇਸ ਹਮਲੇ ਤੋਂ ਬਾਅਦ ਪੁਲਿਸ ਨੇ 40 ਤੋਂ ਵੱਧ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਜਿਨ੍ਹਾਂ ਵਿਚੋਂ ਕਈਆਂ ਦੀ ਪਛਾਣ ਕਰ ਲਈ ਗਈ ਹੈ। ਸੂਤਰਾਂ ਮੁਤਾਬਿਕ ਖ਼ੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਹੀ ਪੁਲਿਸ ਅਤੇ ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਬਣਾ ਕੇ ਇਹ ਛਾਪੇਮਾਰੀ ਕੀਤੀ ਗਈ ਸੀ। ਇਸ ਦੌਰਾਨ ਉਨ੍ਹਾਂ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਵੀ ਜ਼ਬਤ ਕੀਤੀਆਂ ਹਨ। ਮੁਲਜ਼ਮਾਂ ਨੂੰ ਫੜਨ ਲਈ ਨੇੜਲੇ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਕਰੀਬ 2 ਮਹੀਨੇ ਪਹਿਲਾਂ ਡੀਐਸਪੀ ਸੁਰਿੰਦਰ ਸਿੰਘ ਕਥਿਤ ਨਾਜਾਇਜ਼ ਮਾਈਨਿੰਗ ਦੀ ਸੂਚਨਾ ਮਿਲਣ 'ਤੇ ਟਾਡੂ ਹਿੱਲ 'ਤੇ ਛਾਪੇਮਾਰੀ ਕਰਨ ਗਏ ਸਨ। ਉਦੋਂ ਡੀਐਸਪੀ ਆਪਣੀ ਸਰਕਾਰੀ ਗੱਡੀ ਦੇ ਕੋਲ ਹੀ ਖੜੇ ਸਨ ਜਦੋਂ ਡੰਪਰ ਡਰਾਈਵਰ ਨੇ ਉਨ੍ਹਾਂ 'ਤੇ ਟਰੱਕ ਚੜ੍ਹਾ ਦਿੱਤਾ।

ਘਟਨਾ ਤੋਂ ਬਾਅਦ ਹਰਿਆਣਾ ਪੁਲਿਸ ਨੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ। ਜਿਸ ਤੋਂ ਬਾਅਦ ਇੱਕ ਪੁਲਿਸ ਮੁਕਾਬਲੇ ਦੌਰਾਨ ਇੱਕ ਸ਼ੱਕੀ ਵੀ ਜ਼ਖ਼ਮੀ ਹੋ ਗਿਆ ਸੀ। ਡੀਐਸਪੀ ਸੁਰਿੰਦਰ ਸਿੰਘ ਦੀ ਕਥਿਤ ਹੱਤਿਆ ਦੇ ਮਾਮਲੇ ਵਿੱਚ ਹੁਣ ਤੱਕ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਠੇਕੇ 'ਤੇ ਕੰਮ ਕਰ ਰਹੇ ਹੈਲਥ ਵਰਕਰਾਂ ਵੱਲੋਂ ਹੜਤਾਲ, ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ


-PTC News

  • Share