ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੀ ਕੋਰ ਕਮੇਟੀ ਦਾ ਗਠਨ
ਨਵੀਂ ਦਿੱਲੀ, 11 ਜਨਵਰੀ: ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਅੱਜ ਦਿੱਲੀ ਇਕਾਈ ਦੀ ਕਾਰਜਕਾਰਨੀ ਦਾ ਐਲਾਨ ਕਰ ਦਿੱਤਾ ਹੈ। ਜਿਸ ਵਿੱਚ ਕੁਲਦੀਪ ਸਿੰਘ ਭੋਗਲ, ਰਵਿੰਦਰ ਸਿੰਘ ਖੁਰਾਣਾ, ਭੁਪਿੰਦਰ ਸਿੰਘ ਆਨੰਦ ਵਰਗੇ ਪੁਰਾਣੇ ਅਕਾਲੀ ਆਗੂਆਂ ਨੂੰ ਥਾਂ ਦਿੱਤੀ ਗਈ ਹੈ। ਬਾਕੀ ਟੀਮ ਦਾ ਐਲਾਨ ਦੋ ਹਫ਼ਤਿਆਂ ਵਿੱਚ ਕਰ ਦਿੱਤਾ ਜਾਵੇਗਾ।
ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਨੂੰ ਉਸੇ ਬੁਲੰਦੀਆਂ 'ਤੇ ਲਿਜਾਇਆ ਜਾਵੇਗਾ, ਜਿਸ 'ਤੇ ਇਹ ਪਹਿਲੇ ਸਮਿਆਂ ਵਿੱਚ ਪਹੁੰਚਦੀ ਸੀ। ਉਨ੍ਹਾਂ ਦਿੱਲੀ ਕਮੇਟੀ ਦੇ ਆਗੂਆਂ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਕਾਲੀ ਦਲ ਦੀ ਮਜ਼ਬੂਤ ਟੀਮ ਆਉਣ ਵਾਲੇ ਦਿਨਾਂ ਵਿੱਚ ਕਮੇਟੀ ਨੂੰ ਸਰਕਾਰੀ ਅਕਾਲੀ ਦਲ ਤੋਂ ਆਜ਼ਾਦ ਕਰਾਵੇਗੀ।
ਕਾਰਜਕਾਰਨੀ ਵਿੱਚ ਪਰਮਜੀਤ ਸਿੰਘ ਸਰਨਾ, ਜਤਿੰਦਰ ਸਿੰਘ ਸਾਹਨੀ, ਬਲਦੇਵ ਸਿੰਘ ਰਾਣੀਬਾਘਾ, ਤੇਜਿੰਦਰ ਸਿੰਘ ਗੋਪਾ, ਬੀਬੀ ਰਣਜੀਤ ਕੌਰ, ਸੁਖਵਿੰਦਰ ਸਿੰਘ ਬੱਬਰ, ਕੁਲਦੀਪ ਸਿੰਘ ਭੋਗਲ, ਰਵਿੰਦਰ ਸਿੰਘ ਖੁਰਾਣਾ, ਭੁਪਿੰਦਰ ਸਿੰਘ ਆਨੰਦ, ਤੇਜਵੰਤ ਸਿੰਘ, ਮਨਜੀਤ ਸਿੰਘ ਸਰਨਾ, ਰਮਨਦੀਪ ਸਿੰਘ ਸੋਨੂੰ, ਗੁਰਦੇਵ ਸਿੰਘ ਭੋਲਾ, ਪ੍ਰਭਜੋਤ ਸਿੰਘ ਗੁਲਾਟੀ, ਸੁਖਦੇਵ ਸਿੰਘ ਰਿਆਤ, ਗੁਰਮਿੰਦਰ ਸਿੰਘ ਮਠਾੜੂ ਅਤੇ ਕੁਲਦੀਪ ਸਿੰਘ ਚੌਹਾਨ ਸ਼ਾਮਲ ਹਨ।
ਸਮੂਹ ਮੈਂਬਰਾਂ ਨੇ ਪਾਰਟੀ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਰਮਜੀਤ ਸਿੰਘ ਸਰਨਾ ਦਾ ਧੰਨਵਾਦ ਕੀਤਾ। ਕੁਲਦੀਪ ਸਿੰਘ ਭੋਗਲ ਨੇ ਕਿਹਾ ਕਿ ਪਰਮਜੀਤ ਸਿੰਘ ਸਰਨਾ ਜਿਸ ਤਰ੍ਹਾਂ ਪੁਰਾਣੇ ਅਕਾਲੀਆਂ ਨੂੰ ਨਾਲ ਲੈ ਕੇ ਚੱਲ ਰਹੇ ਹਨ, ਉਸ ਦੇ ਆਉਣ ਵਾਲੇ ਦਿਨਾਂ ਵਿੱਚ ਚੰਗੇ ਨਤੀਜੇ ਸਾਹਮਣੇ ਆਉਣਗੇ।
- PTC NEWS