Fri, Apr 19, 2024
Whatsapp

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਦਾ ਮਾਡਲ ਕਾਇਮ ਕਰਨ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟਾਈ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਨੂੰਨ ਵਿਵਸਥਾ ’ਤੇ ਆਮ ਆਦਮੀਪਾਰਟੀ ਦਾ ਮਾਡਲ ਦੇਸ਼ ਸਭ ਵਿਚ ਨੰਬਰ ਇਕ ਹੋਣ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀਗੱਲ ਹੈ ਕਿ ਇਕ ਚੁਣੇ ਹੋਇਆ ਮੁੱਖ ਮੰਤਰੀ ਇਕ ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਕੋਰਾ ਝੂਠ ਬੋਲ ਰਿਹਾ ਹੈ ਜਦੋਂ ਪੰਜਾਬੀ ਜੰਗਲਾ ਰਾਜ ਤੇ ਫਿਰਕੂ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।

Written by  Jasmeet Singh -- December 30th 2022 05:53 PM
ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਦਾ ਮਾਡਲ ਕਾਇਮ ਕਰਨ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟਾਈ

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਵੱਲੋਂ ਕਾਨੂੰਨ ਵਿਵਸਥਾ ਦਾ ਮਾਡਲ ਕਾਇਮ ਕਰਨ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟਾਈ

ਚੰਡੀਗੜ੍ਹ, 30 ਦਸੰਬਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਨੂੰਨ ਵਿਵਸਥਾ ’ਤੇ ਆਮ ਆਦਮੀਪਾਰਟੀ ਦਾ ਮਾਡਲ ਦੇਸ਼ ਸਭ ਵਿਚ ਨੰਬਰ ਇਕ ਹੋਣ ਦੇ ਦਿੱਤੇ ਬਿਆਨ ’ਤੇ ਹੈਰਾਨੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀਗੱਲ ਹੈ ਕਿ ਇਕ ਚੁਣੇ ਹੋਇਆ ਮੁੱਖ ਮੰਤਰੀ ਇਕ ਅਜਿਹੇ ਸੰਵੇਦਨਸ਼ੀਲ ਮੁੱਦੇ ’ਤੇ ਕੋਰਾ ਝੂਠ ਬੋਲ ਰਿਹਾ ਹੈ ਜਦੋਂ ਪੰਜਾਬੀ ਜੰਗਲਾ ਰਾਜ ਤੇ ਫਿਰਕੂ ਤਣਾਅ ਦੇ ਦੌਰ ਵਿਚੋਂ ਗੁਜ਼ਰ ਰਹੇ ਹਨ।

ਉਹਨਾਂ ਇਸ ਗੱਲ ’ਤੇ ਰੋਸ ਜ਼ਾਹਰ ਕੀਤਾ ਕਿ ਆਪ ਸਰਕਾਰ ਵੱਲੋਂ ਆਪਣੇ ਆਪ ਨੂੰ ਕਾਨੂੰਨ ਵਿਵਸਥਾ ਦੇ ਮਾਮਲੇ ਵਿਚ ਨੰਬਰ ਇਕ ਸੁਬਾ ਸਾਬਤ ਕਰਨ ਵਾਸਤੇ ਆਰੰਭੀ ਸਸਤੀ ਤੇ ਝੂਠੀ ਪਬਲਿਸਿਟੀ ਆਰੰਭੀ ਗਈ। ਅਕਾਲੀ ਦਲ ਦੇ ਪ੍ਰਧਾਨ ਨੇ ਆਸ ਪ੍ਰਗਟਾਈ ਕਿ ਭਗਵੰਤ ਮਾਨ ਇਸ ਮੁਹਾਜ਼ ’ਤੇ ਪੰਜਾਬੀਆਂ ਨੂੰ ਫ਼ੇਲ੍ਹ ਕਰਨ ਲਈ ਮੁਆਫ਼ੀ ਮੰਗਣਗੇ ਅਤੇ ਗ੍ਰਹਿ ਮੰਤਰੀ ਵਜੋਂ ਅਸਤੀਫ਼ਾ ਵੀ ਦੇਣਗੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਹੁਣ  ਉਹ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਰਲ ਕਗਏ ਹਨ ਤਾਂ ਜੋ ਸਾਬਤ ਕੀਤਾ ਜਾ ਸਕੇ ਕਿ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਸਭ ਤੋਂ ਵਧੀਆ ਹੈ ਜਦੋਂ ਕਿ ਅਸਲੀਅਤ ਵਿਚ ਉਹਨਾਂ ਅਰਾਜਕਤਾ ਦੇ ਹਾਲਾਤ ਪੈਦਾ ਕੀਤੇ ਹਨ। ਉਹਨਾਂ ਕਿਹਾ ਕਿ ਇਹ ਪੰਜਾਬ ਅਤੇ ਪੰਜਾਬੀਆਂ ਦਾ ਅਪਮਾਨ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ 2022 ਪ੍ਰਸ਼ਾਸਕੀ ਮੁਹਾਜ਼ ਤੋਂ ਪੰਜਾਬ ਲਈ ਸਭ ਤੋਂ ਮਾੜਾ ਸਾਲ ਸਾਬਤ ਹੋਇਆ ਹੈ। 


ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹਨਾਂ ਵਾਂਗ ਪੰਜਾਬੀ ਭੁੱਲਣ ਦੀ ਬਿਮਾਰੀ ਤੋਂ ਪੀੜਤ ਨਹੀਂ ਹਨ। ਉਹਨਾਂ ਕਿਹਾ ਕਿ ਆਪ ਸਰਕਾਰ ਬਣਨੇ ਸਾਰ ਹੀ ਸੂਬੇ ਵਿਚ ਨੰਗਲ ਲੰਬੀਆਂ ਸਮੇਤ ਕਬੱਡੀ ਦੇ ਪ੍ਰਮੁੱਖ ਖਿਡਾਰੀਆਂ ਦਾ ਕਤਲ ਹੋਇਆ। ਜਦੋਂ ਆਪ ਸਰਕਾਰ ਨੇ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈ ਲਈ ਅਤੇ ਇਸਦਾ ਪ੍ਰਚਾਰ ਕੀਤਾ ਤਾਂ ਪ੍ਰਸਿੱਧ ਗਾਇਕ ਦਾ ਵੀ ਕਤਲ ਹੋ ਗਿਆ। ਉਹਨਾਂ ਕਿਹਾ ਕਿ ਇਸ ਮਗਰੋਂ ਮੁਹਾਲੀ ਵਿਚ ਪੰਜਾਬ ਪੁਲਿਸ ਦੇ ਹੈਡਕੁਆਰਟਰ ’ਤੇ ਅਤੇ ਸਰਹਾਲੀ ਵਿਚ ਪੁਲਿਸ ਥਾਣੇ ’ਤੇ ਰਾਕੇਟ ਲਾਂਚਰਾਂ ਨਾਲ ਹਮਲਾ ਕੀਤਾ ਗਿਆ।

ਉਹਨਾਂ ਕਿਹਾ ਕਿ ਸੂਬੇ ਵਿਚ ਦਹਾਕਿਆਂ ਬਾਅਦ ਉਦੋਂ ਫਿਰਕੂ ਤਣਾਅ ਵੇਖਣ ਨੂੰ ਮਿਲਿਆ ਜਦੋਂ ਪਟਿਆਲਾ ਵਿਚ ਕਾਲੀ ਦੇਵੀ ਮੰਦਰ ਵਿਚ ਫਿਰਕੂ ਝੜਪਾਂ ਹੋਈਆਂ। ਉਹਨਾਂ ਕਿਹਾ ਕਿ ਗੈਂਗਸਟਰ ਸੂਬੇ ਵਿਚ ਆਪਣੀ ਮਰਜ਼ੀ ਮੁਤਾਬਕ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਮੂਸੇਵਾਲਾ ਦਾ ਕਾਤਲ ਦੀਪਕ ਟੀਨੂੰ ਤਾਂ ਪੁਲਿਸ ਹਿਰਾਸਤ ਵਿਚੋਂ ਵੀ ਫ਼ਰਾਰ ਹੋ ਗਿਆ ਸੀ।  ਉਹਨਾਂ ਕਿਹਾ ਕਿ ਲੁੱਟਾਂ ਖੋਹਾਂ ਅਤੇ ਡਕੈਤੀਆਂ ਤੋਂ ਆਮ ਆਦਮੀ ਬੁਰੀ ਤਰ੍ਹਾਂ ਪੀੜਤ ਹੈ ਤੇ ਵਪਾਰੀ ਤੇ ਉਦਯੋਗਪਤੀ ਵੀ ਨਿਸ਼ਾਨੇ ’ਤੇ ਹਨ ਜਿਹਨਾਂ ਨੂੰ ਗੈਂਗਸਟਰ ਫਿਰੌਤੀਆਂ ਨਾ ਦੇਣ ’ਤੇ ਨਿਸ਼ਾਨਾ ਬਣਾਉਂਦੇ ਹਨ।

ਬਾਦਲ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਕੀ ਇਹ ਸਭ ਉਹਨਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਹਨ। ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਸੂਬੇ ਵਿਚੋਂ ਇੰਡਸਟਰੀ ਬਾਹਰ ਜਾ ਰਹੀ ਹੈ ਤੇ ਨਵਾਂ ਨਿਵੇਸ਼ ਨਹੀਂ ਹੋ ਰਿਹਾ। ਉਹਨਾਂ ਕਿਹਾ ਕਿ ਵਧਦੀ ਬੇਰੁਜ਼ਗਾਰੀ ਭਵਿੱਖੀ ਪੀੜੀਆਂ ਲਈ ਤਬਾਹਕੁੰਨ ਸਾਬਤ ਹੋਵੇਗੀ  ਕਿਉਂਕਿ ਸੂਬੇ ਵਿਚ ਆਪ ਸਰਕਾਰ ਦੇ ਰਾਜ ਵਿਚ ਨਸ਼ਿਆਂ ਦੇ ਕਾਰੋਬਾਰ ਵਿਚ ਚੋਖਾ ਵਾਧਾ ਹੋਇਆ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਭਗਵੰਤ ਮਾਨ ਨੂੰ ਆਖਿਆ ਕਿ ਉਹ ਰੋਜ਼ਾਨਾ ਕਰੋੜਾਂ ਰੁਪਏ ਇਸ਼ਤਿਹਾਰਾਂ ’ਤੇ ਖਰਚ ਕੇ ਦਮਗਜੇ ਮਾਰਨ ਨਾਲੋਂ ਆਮ ਆਦਮੀ ਤੋਂ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦਾ ਹਾਲ ਜਾਨਣ।ਉਹਨਾਂ ਕਿਹਾ ਕਿ ਸੱਚਾਈ  ਇਹ ਹੈ ਕਿ ਨਾ ਸਿਰਫ ਤੁਸੀਂ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਹੈ ਬਲਕਿ ਪੰਜਾਬ ਨੂੰ ਵਿੱਤੀ ਤੌਰ ’ਤੇ ਤਬਾਹ ਵੀ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਬੀਤੇ 9 ਮਹੀਨਿਆਂ ਵਿਚ ਹੀ 39000 ਕਰੋੜ ਰੁਪਏ ਦਾ ਕਰਜ਼ਾ ਚੜ੍ਹ ਗਿਆ ਹੈ ਜਦੋਂ ਕਿ ਪਹਿਲਾਂ ਹੀ ਸੂਬੇ ਸਿਰ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀ। ਉਹਨਾਂ ਕਿਹਾ ਕਿ ਇੰਨਾ ਭਾਰੀ ਕਰਜ਼ਾ ਲੈਣ ਦੇ ਬਾਵਜੂਦ ਤੁਸੀਂ ਇਕ ਵੀ ਵਿਕਾਸ ਕਾਰਜ ਜਾਂ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਹੀਂ ਆਰੰਭਿਆ ਜਦੋਂ ਕਿ ਜੀ.ਐਸ.ਟੀ ਅਤੇ ਅਸ਼ਟਾਮ ਡਿਊਟੀ ਤੋਂ ਆਮਦਨ ਵਿੱਚ ਗਿਰਾਵਟ ਹੀ ਦਰਜ ਕੀਤੀ ਗਈ ਹੈ।

ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਆਪਣੇ ਸਵੈਚ ਪ੍ਰਚਾਰ ਵਾਸਤੇ 750 ਕਰੋੜ ਰੁਪਏ ਦੀ ਵਿਵਸਥਾ ਪਹਿਲਾਂ ਹੀ ਆਪ ਸਰਕਾਰ ਨੇ ਕੀਤੀ ਸੀ ਜਿਸ ਵਿਚੋਂ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਚ ਚੋਣ ਪ੍ਰਚਾਰ ’ਤੇ ਵੀ ਖਰਚਾ ਕੀਤਾ ਗਿਆ। ਉਹਨਾਂ ਕਿਹਾ ਕਿ ਜਿਥੇ ਇਹ ਸਭ ਕੁਝ ਹੁੰਦਾ ਰਿਹਾ, ਉਥੇ ਹੀ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ, ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਅਤੇ ਮਹਿਲਾਵਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਵਰਗੇ ਆਪਣੇ ਵਾਅਦਿਆਂ ਤੋਂ ਭੱਜ ਗਈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਰੀ ਸਮੱਸਿਆ ਸਿਰਫ ਇਸ ਗੱਲ ਹੈ ਜਿਵੇਂ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕ ਦਿੱਤੇ ਹਨਅਤੇ ਜਾਣਕਾਰੀ ਸਾਂਝੀ ਕਰਨ ਦੇ ਸਮਝੌਤੇ ਦੇ ਨਾਂ ’ਤੇ ਸਾਰੀਆਂ ਤਾਕਤਾਂ ਉਹਨਾਂ ਹਵਾਲੇ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਰਾਘਵ ਚੱਢਾ ਸਮੇਤ ਕੇਜਰੀਵਾਲ ਦੇ ਲਫਟੈਨ ਅੱਜ ਅਸਿੱਧੇ ਤੌਰ ’ਤੇ ਪੰਜਾਬੀ ਚਲਾ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ  ਵਿਚ ਪਹਿਲਾਂ ਕਦੇ ਵੀ ਇਕ ਚੁਣੀ ਹੋਈ ਸਰਕਾਰ ਨੇ ਇਸ ਤਰੀਕੇ ਆਪਣੇ ਲੋਕਾਂ ਨੂੰ ਨਹੀਂ ਵਿਸਾਰਿਆ ਸੀ। ਉਹਨਾਂ ਕਿਹਾ ਕਿ ਲੋਕ ਆਪਣੇ ਜਾਨ ਮਾਲ ਦੀ ਰਾਖੀ ਪ੍ਰਤੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। 

ਉਹਨਾਂ ਕਿਹਾ ਕਿ ਸ਼ਾਂਤੀ ਤੇ ਫਿਰਕੂ ਸਦਭਾਵਨਾ ਦਾ ਮਾਹੌਲ ਜੋ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਸਮੇਂ ਸਿਰਜਿਆ ਗਿਆ ਸੀ, ਅੱਜ ਤਬਾਹ ਹੋ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬੀ ’ਬਦਲਾਅ’ ਦੇ ਨਾਂ ’ਤੇ ਵੱਜੀ ਠੱਗੀ ਤੋਂ ਪੀੜਤ ਹਨ। ਉਹਨਾਂ ਕਿਹਾ ਕਿ ਹਾਲਾਤ ਵਸੋਂ ਬਾਹਰ ਹਨ ਤੇ ਪੰਜਾਬ ਦੇ ਮੁੜ ਤੋਂ ਕਾਲੇ ਦੌਰ ਵਿਚ ਧੱਕੇ ਜਾਣ ਦਾ ਖ਼ਤਰਾ ਬਣਿਆ ਹੋਇਆ ਹੈ। ਉਹਨਾਂ ਕਿਹਾ ਕਿ ਇਕ ਮਾਡਲ ਸਹੀ ਅਰਥਾਂ ਵਿਚ ਅਪਣਾਇਆ ਗਿਆ ਹੈ, ਉਹ ਹੈ ਅਰਾਜਕਤਾ ਦਾ ਨਾ ਕਿ ਕਾਨੂੰਨ ਵਿਵਸਥਾ।

- PTC NEWS

adv-img

Top News view more...

Latest News view more...