ਪੰਜਾਬ ’ਚ ਬਿਜਲੀ ਸੰਕਟ: ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਹੋਇਆ ਬੰਦ
ਤਲਵੰਡੀ ਸਾਬੋ: ਪੰਜਾਬ ਨੂੰ ਬਿਜਲੀ ਸੰਕਟ ਤੋਂ ਰਾਹਤ ਨਹੀਂ ਮਿਲ ਰਹੀ ਹੈ। ਨਿੱਜੀ ਪਲਾਂਟਾਂ 'ਚੋਂ ਇਕ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਯੂਨਿਟ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਜਿਸ ਦੇ ਕਾਰਨ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸ਼ਨਿਚਰਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਤੱਕ ਦਰਜ ਕੀਤੀ ਗਈ ਹੈ। ਇਸੇ ਦੌਰਾਨ ਕੋਲੇ ਦੀ ਕਮੀ ਦੇ ਚਲਦਿਆਂ ਨਿੱਜੀ ਖੇਤਰ ਦਾ ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਬੰਦ ਹੋ ਗਿਆ ਹੈ। ਬਿਜਲੀ ਉਤਪਾਦਨ ਘਟਣ ਦੇ ਨਾਲ ਬਿਜਲੀ ਕੱਟ ਵੀ ਵੱਧ ਸਕਦੇ ਹਨ। ਰੋਪੜ ਪਲਾਂਟ ਦੇ ਚਾਰ ਵਿਚੋਂ ਇਕ ਯੂਨਿਟ ਬੰਦ ਹੈ, ਜਦੋਂਕਿ ਲਹਿਰਾ ਮੁਹਬਤ ਪਲਾਂਟ ਦੇ ਚਾਰੋ ਯੂਨਿਟ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ। ਰਾਜਪੁਰਾ ਥਰਮਲ ਪਲਾਂਟ ਦੇ ਦੋ ਤੇ ਜੀਵੀਕੇ ਪਲਾਂਟ ਦਾ ਇਕ ਯੂਨਿਟ ਚੱਲ ਰਿਹਾ ਹੈ। ਰਣਜੀਤ ਸਾਗਰ ਡੈਮ ਦੇ ਸਾਰੇ ਯੂਨਿਟ ਬੰਦ ਹਨ ਤੇ ਸ਼ਾਨਨ ਦੇ ਇਕ ਯੁਨਿਟ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ।ਪੀਐਸਪੀਸੀਐਲ ਨੇ ਸਰਕਾਰੀ ਥਰਮਲਾਂ ਤੋਂ 1282 ਮੈਗਾਵਾਟ, ਨਿੱਜੀ ਥਰਮਲਾਂ ਤੋਂ 2559 ਮੈਗਾਵਾਟ, ਨਵਿਊਣਯੋਗ ਸੋੋਮਿਆਂ ਤੋਂ 192 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਇਹ ਵੀ ਪੜ੍ਹੋ: ਮੁੰਬਈ ਤੋਂ ਬਾਅਦ ਹੁਣ ਇਸ ਸੂਬੇ 'ਚ ਮਿਲਿਆ ਕੋਰੋਨਾ ਦੇ XE ਵੇਰੀਐਂਟ ਦਾ ਮਰੀਜ਼ ਇਨ੍ਹਾਂ ਪਲਾਂਟਾਂ ਦੇ ਯੂਨਿਟ ਬੰਦ ਹੋਣ ਨਾਲ ਪਾਵਰਕੌਮ ਨੇ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਦਰਜ ਕੀਤੀ ਹੈ, ਜਿਸ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ ਪੂਰੀ ਕਰਨਾ ਹੋਰ ਵੀ ਔਖਾ ਹੋ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਕੋਲੇ ਦੀ ਘਾਟ ਕਰਕੇ ਜਿਥੇ ਇਕ ਪਾਸੇ ਪਾਵਰਕੌਮ ਬਾਹਰੋਂ ਮਹਿੰਗੀ ਬਿਜਲੀ ਖਰੀਦ ਰਿਹਾ ਹੈ, ਉਥੇ ਹੀ ਮੰਗ ਪੂਰੀ ਨਾ ਹੋਣ ਕਰਕੇ ਲੋਕਾਂ ਨੂੰ ਪਾਵਰ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਫਿਰ ਤੋਂ ਬਿਜਲੀ ਉਤਪਾਦਨ ਘਟਣ ਨਾਲ ਪੰਜਾਬ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ 'ਚ ਬਿਜਲੀ ਦੀ ਮੰਗ ਵਿੱਚ ਤੇਜ਼ੀ ਕਾਰਨ ਖਪਤਕਾਰਾਂ ਨੂੰ ਲੰਮੇ ਕੱਟਾਂ ਤੋਂ ਰਾਹਤ ਨਹੀਂ ਮਿਲੀ। (ਗਗਨ ਅਹੁਜਾ ਦੀ ਰਿਪੋਰਟ) -PTC News