ਪਾਵਰਕਾਮ ਨੂੰ ਆਇਆ ਸੁੱਖ ਦਾ ਸਾਹ- ਤਲਵੰਡੀ ਸਾਬੋ ਪਲਾਂਟ ਦਾ ਬੰਦ ਹੋਇਆ ਯੂਨਿਟ ਮੁੜ ਚੱਲਿਆ
ਪਟਿਆਲਾ: ਪੰਜਾਬ ਨੂੰ ਬਿਜਲੀ ਸੰਕਟ ਤੋਂ ਥੋੜੀ ਰਾਹਤ ਮਿਲ ਗਈ ਹੈ। ਲੋਕਾਂ ਲਈ ਵੱਡੀ ਤੇ ਰਾਹਤ ਦੀ ਖਬਰ ਹੈ ਕਿ ਤਲਵੰਡੀ ਸਾਬੋ ਬਣਾਂਵਾਲੀ ਥਰਮਲ ਪਲਾਂਟ ਦਾ ਬੰਦ ਹੋਇਆ ਯੂਨਿਟ ਮੁੜ ਤੋਂ ਚੱਲ ਪਿਆ ਹੈ। ਇਸ ਦੇ ਨਾਲ ਹੀ ਪਾਵਰਕਾਮ ਨੂੰ ਸੁੱਖ ਦਾ ਸਾਹ ਆਇਆ ਹੈ। ਦੱਸ ਦੇਈਏ ਕਿ ਕੋਲੇ ਦੀ ਆਮਦ ਤੋਂ ਬਾਅਦ ਤਿੰਨੋਂ ਯੂਨਿਟ ਚੱਲ ਰਹੇ ਹਨ ਗੋਇੰਦਵਾਲ ਸਾਹਿਬ ਦਾ ਜੀ ਵੀ ਕੇ ਥਰਮਲ ਪਲਾਂਟ ਕੋਲੇ ਦੀ ਕਮੀ ਕਰਕੇ ਅਜੇ ਬੰਦ ਹੈ। ਰਾਜਪੁਰਾ ਥਰਮਲ ਪਲਾਂਟ ਦੇ ਦੋਨੋਂ ਯੂਨਿਟ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਸਰਕਾਰੀ ਖੇਤਰ ਦੇ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੇ ਚਾਰ ਯੂਨਿਟਾਂ ਵਿੱਚੋਂ ਤਿੰਨ ਯੂਨਿਟ ਚੱਲ ਰਹੇ ਹਨ ਜਦ ਕਿ ਗੁਰੂ ਹਰਗੋਬਿੰਦ ਸਾਹਿਬ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਚਾਰੋਂ ਯੂਨਿਟ ਪੂਰੀ ਸਮਰੱਥਾ ਨਾਲ ਚੱਲ ਰਹੇ ਹਨ। ਪੰਜਾਬ ਵਿੱਚ ਅੱਜ ਸਵੇਰੇ ਅੱਠ ਵਜੇ ਬਿਜਲੀ ਦੀ ਮੰਗ 71 ਸੌ ਮੈਗਾਵਾਟ ਤੇ ਦਰਜ ਕੀਤੀ ਗਈ। ਪਾਵਰਕੌਮ ਵੱਲੋਂ ਆਪਣੇ ਸਰੋਤਾਂ ਤੋਂ 41 ਸੌ ਮੈਗਾਵਾਟ ਯੂਨਿਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਜਦਕਿ ਕੇਂਦਰੀ ਸਰੋਤਾਂ ਤੋਂ ਅਕਸਚੇਂਜ ਰਾਹੀਂ 3 ਹਜ਼ਾਰ ਮੈਗਾਵਾਟ ਬਿਜਲੀ ਪ੍ਰਾਪਤ ਕੀਤੀ ਜਾ ਰਹੀ ਹੈ ਅਜੇ ਵੀ 100 ਮੈਗਾਵਾਟ ਬਿਜਲੀ ਦੀ ਘਾਟ ਪਾਵਰਕਾਮ ਨੂੰ ਸਹਿਣ ਕਰਨੀ ਪੈ ਰਹੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀ ਨਿੱਜੀ ਪਲਾਂਟਾਂ 'ਚੋਂ ਇਕ ਤਲਵੰਡੀ ਸਾਬੋ ਥਰਮਲ ਪਲਾਂਟ ਦਾ ਇਕ ਯੂਨਿਟ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ ਜਿਸ ਦੇ ਕਾਰਨ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸ਼ਨਿਚਰਵਾਰ ਨੂੰ ਪੰਜਾਬ ਵਿਚ ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਤੱਕ ਦਰਜ ਕੀਤੀ ਗਈ ਹੈ। ਇਸੇ ਦੌਰਾਨ ਕੋਲੇ ਦੀ ਕਮੀ ਦੇ ਚਲਦਿਆਂ ਨਿੱਜੀ ਖੇਤਰ ਦਾ ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਬੰਦ ਹੋ ਗਿਆ ਹੈ। ਬਿਜਲੀ ਉਤਪਾਦਨ ਘਟਣ ਦੇ ਨਾਲ ਬਿਜਲੀ ਕੱਟ ਵੀ ਵੱਧ ਸਕਦੇ ਹਨ। ਮਿਲੀ ਜਾਣਕਾਰੀ ਦੇ ਮੁਤਾਬਿਕ ਰੋਪੜ ਪਲਾਂਟ ਦੇ ਚਾਰ ਵਿਚੋਂ ਇਕ ਯੂਨਿਟ ਬੰਦ ਹੈ, ਜਦੋਂਕਿ ਲਹਿਰਾ ਮੁਹਬਤ ਪਲਾਂਟ ਦੇ ਚਾਰੋ ਯੂਨਿਟ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ। ਰਾਜਪੁਰਾ ਥਰਮਲ ਪਲਾਂਟ ਦੇ ਦੋ ਤੇ ਜੀਵੀਕੇ ਪਲਾਂਟ ਦਾ ਇਕ ਯੂਨਿਟ ਚੱਲ ਰਿਹਾ ਹੈ। ਰਣਜੀਤ ਸਾਗਰ ਡੈਮ ਦੇ ਸਾਰੇ ਯੂਨਿਟ ਬੰਦ ਹਨ ਤੇ ਸ਼ਾਨਨ ਦੇ ਇਕ ਯੁਨਿਟ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ।ਪੀਐਸਪੀਸੀਐਲ ਨੇ ਸਰਕਾਰੀ ਥਰਮਲਾਂ ਤੋਂ 1282 ਮੈਗਾਵਾਟ, ਨਿੱਜੀ ਥਰਮਲਾਂ ਤੋਂ 2559 ਮੈਗਾਵਾਟ, ਨਵਿਊਣਯੋਗ ਸੋੋਮਿਆਂ ਤੋਂ 192 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਇਹ ਵੀ ਪੜ੍ਹੋ: ਮੁੰਬਈ ਤੋਂ ਬਾਅਦ ਹੁਣ ਇਸ ਸੂਬੇ 'ਚ ਮਿਲਿਆ ਕੋਰੋਨਾ ਦੇ XE ਵੇਰੀਐਂਟ ਦਾ ਮਰੀਜ਼ ਇਨ੍ਹਾਂ ਪਲਾਂਟਾਂ ਦੇ ਯੂਨਿਟ ਬੰਦ ਹੋਣ ਨਾਲ ਪਾਵਰਕੌਮ ਨੇ ਬਿਜਲੀ ਉਤਪਾਦਨ ਵਿੱਚ ਵੱਡੀ ਕਮੀ ਦਰਜ ਕੀਤੀ ਹੈ, ਜਿਸ ਨਾਲ ਸੂਬੇ ਵਿੱਚ ਬਿਜਲੀ ਦੀ ਮੰਗ ਪੂਰੀ ਕਰਨਾ ਹੋਰ ਵੀ ਔਖਾ ਹੋ ਸਕਦਾ ਹੈ। ਦੱਸਿਆ ਜਾਂਦਾ ਹੈ ਕਿ ਕੋਲੇ ਦੀ ਘਾਟ ਕਰਕੇ ਜਿਥੇ ਇਕ ਪਾਸੇ ਪਾਵਰਕੌਮ ਬਾਹਰੋਂ ਮਹਿੰਗੀ ਬਿਜਲੀ ਖਰੀਦ ਰਿਹਾ ਹੈ, ਉਥੇ ਹੀ ਮੰਗ ਪੂਰੀ ਨਾ ਹੋਣ ਕਰਕੇ ਲੋਕਾਂ ਨੂੰ ਪਾਵਰ ਕੱਟਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹੁਣ ਫਿਰ ਤੋਂ ਬਿਜਲੀ ਉਤਪਾਦਨ ਘਟਣ ਨਾਲ ਪੰਜਾਬ ਨੂੰ ਬਿਜਲੀ ਦੇ ਵੱਡੇ ਕੱਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ 'ਚ ਬਿਜਲੀ ਦੀ ਮੰਗ ਵਿੱਚ ਤੇਜ਼ੀ ਕਾਰਨ ਖਪਤਕਾਰਾਂ ਨੂੰ ਲੰਮੇ ਕੱਟਾਂ ਤੋਂ ਰਾਹਤ ਨਹੀਂ ਮਿਲੀ। (ਗਗਨਦੀਪ ਆਹੂਜਾ ਦੀ ਰਿਪੋਰਟ) -PTC News