ਸਿੱਧੂ ਨਾਲ 24 ਸਤੰਬਰ ਦੀ ਮੀਟਿੰਗ ਤੈਅ ਹੋਣ 'ਤੇ ਕੱਚੇ ਮੁਲਾਜ਼ਮਾਂ ਨੇ ਘਿਰਾਓ ਦੀ ਕੀਤੀ ਸਮਾਪਤੀ

By Riya Bawa - September 19, 2021 5:09 pm

ਪਟਿਆਲਾ: 'ਮਾਣ-ਭੱਤਾ, ਕੱਚਾ ਤੇ ਕੰਟਰੈਕਟ ਮੁਲਾਜ਼ਮ ਮੋਰਚੇ' ਵੱਲੋਂ ਪਟਿਆਲਾ ਵਿਖੇ ਲਗਾਏ ਗਏ ਤਿੰਨ ਦਿਨਾਂ ਧਰਨੇ ਦੇ ਆਖਰੀ ਦਿਨ ਅੱਜ ਪੰਜਾਬ ਭਰ ਵਿੱਚੋਂ ਪੁੱਜੇ ਹਜ਼ਾਰਾਂ ਕੱਚੇ ਮੁਲਾਜ਼ਮਾਂ ਅਤੇ ਮਾਣ-ਭੱਤਾ ਵਰਕਰਾਂ ਵੱਲੋਂ ਸਥਾਨਕ ਪੁੱਡਾ ਗਰਾਉਂਡ ਵਿਖੇ ਰੈਲੀ ਕਰਨ ਉਪਰੰਤ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਘਰ ਵੱਲ ਮਾਰਚ ਕਰਕੇ ਉਹਨਾਂ ਦੀ ਪਟਿਆਲਾ ਸਥਿਤ ਰਿਹਾਇਸ਼ ਦਾ ਘਿਰਾਓ ਕੀਤਾ ਗਿਆ। ਇਹ ਘਿਰਾਓ ਪਟਿਆਲਾ ਪ੍ਰਸਾਸ਼ਨ ਦੁਆਰਾ 24 ਸਤੰਬਰ ਨੂੰ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਮੋਰਚੇ ਦੇ ਆਗੂਆਂ ਦੀ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਤੈਅ ਕਰਵਾਉਣ ਤੇ ਸਮਾਪਤ ਕੀਤਾ ਗਿਆ। ਜਿਕਰਯੋਗ ਹੈ ਕਿ ਇਹਨਾਂ ਮੁਲਾਜ਼ਮਾਂ ਵੱਲੋਂ ਅੱਜ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਣਾ ਸੀ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫ਼ੇ ਤੋਂ ਬਾਅਦ ਮੁਲਾਜ਼ਮਾਂ ਨੇ ਆਪਣੇ ਸੰਘਰਸ਼ ਦੀ ਦਿਸ਼ਾ ਕਾਂਗਰਸ ਪ੍ਰਧਾਨ ਵੱਲ ਸੇਧਿਤ ਕਰ ਦਿੱਤੀ।

ਇਸ ਮੌਕੇ ਮੁਲਾਜ਼ਮਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੋਰਚੇ ਦੇ ਆਗੂਆਂ ਲਖਵਿੰਦਰ ਕੌਰ ਫਰੀਦਕੋਟ, ਪਰਮਜੀਤ ਕੌਰ ਮਾਨ, ਰਛਪਾਲ ਸਿੰਘ ਜੋਧਾਨਗਰੀ, ਪ੍ਰਵੀਨ ਸ਼ਰਮਾਂ, ਜਸਵਿੰਦਰ ਕੌਰ, ਕਿਰਨਜੀਤ ਕੌਰ ਮੋਹਾਲੀ, ਗੁਰਪਿਆਰ ਸਿੰਘ, ਕਿਰਨਪਾਲ ਕੌਰ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਨਾ ਕੀਤੇ ਜਾਣ ਅਤੇ ਮਾਣ-ਭੱਤਾ ਵਰਕਰਾਂ ਤੇ ਘੱਟੋ-ਘੱਟੋ ਉਜਰਤਾਂ ਕਾਨੂੰਨ ਲਾਗੂ ਨਾ ਕੀਤੇ ਜਾਣ ਕਾਰਨ ਅੱਜ ਪੰਜਾਬ ਦੇ ਮੁਲਾਜ਼ਮਾਂ ਵਿੱਚ ਵੱਡੇ ਪੱਧਰ ਤੇ ਰੋਸ ਦੀ ਲਹਿਰ ਹੈ। ਮੁਲਾਜ਼ਮ ਆਗੂਆਂ ਨੇ ਆਖਿਆ ਕਿ ਕਾਂਗਰਸ ਪਾਰਟੀ ਵੱਲੋਂ ਆਪਣੀ ਸਰਕਾਰ ਦੀਆਂ ਨਾਕਾਮੀਆਂ ਛੁਪਾਉਣ ਲਈ ਭਾਵੇਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਲਾਂਭੇ ਕਰ ਦਿੱਤਾ ਹੈ ਪਰ ਮੁਲਾਜ਼ਮਾਂ ਦਾ ਸੰਘਰਸ਼ ਆਪਣੀਆਂ ਮੰਗਾਂ ਦੀ ਪੂਰਤੀ ਤੱਕ ਜਾਰੀ ਰਹੇਗਾ।

ਉਹਨਾਂ ਆਖਿਆ ਜੇਕਰ ਸਰਕਾਰ ਵੱਲੋਂ ਜੰਗਲਾਤ ਵਰਕਰਾਂ, ਐੱਨ.ਐੱਚ.ਐੱਮ. ਵਿੱਚ ਕੰਮ ਕਰਦੀਆਂ ਸਟਾਫ਼ ਨਰਸਾਂ, ਕੰਟਰੈਕਟ ਮਲਟੀਪਰਪਜ਼ ਹੈਲਥ ਵਰਕਰਾਂ, ਐਸਐਸਏ ਮਿਡ ਡੇਅ ਮੀਲ ਅਧੀਨ ਕੰਮ ਕਰਦੇ ਨਾਨ ਟੀਚਿੰਗ ਸਟਾਫ਼, ਕਸਤੂਰਬਾ ਗਾਂਧੀ ਹੋਸਟਲਾਂ ਦੇ ਮੁਲਾਜ਼ਮਾਂ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਦਰਸ਼ ਸਕੂਲਾਂ ਦੇ ਮੁਲਾਜ਼ਮਾਂ ਸਮੇਤ ਸਮੂਹ ਕੱਚੇ, ਠੇਕਾ ਆਧਾਰਿਤ ਤੇ ਆਊਟਸੋਰਸ ਮੁਲਾਜਮਾਂ ਨੂੰ ਪੱਕੇ ਨਹੀਂ ਕੀਤਾ ਜਾਂਦਾ ਅਤੇ ਮਾਣ-ਭੱਤੇ ਅਧੀਨ ਕੰਮ ਕਰਦੀਆਂ ਮਿਡ-ਡੇ-ਮੀਲ ਵਰਕਰਾਂ, ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਨਹੀਂ ਕੀਤਾ ਜਾਂਦਾ ਤਾਂ ਜਲਦੀ ਹੀ ਨਵੇਂ ਚੁਣੇ ਜਾਣ ਵਾਲੇ ਮੁੱਖ ਮੰਤਰੀ ਖਿਲਾਫ਼ ਆਰ-ਪਾਰ ਦਾ ਸੰਘਰਸ਼ ਵਿੱਡਿਆ ਜਾਵੇਗਾ।

-PTC News

adv-img
adv-img