ਸ਼੍ਰੋਮਣੀ ਅਕਾਲੀ ਦਲ ਜ਼ਿਮਨੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ: ਸੁਖਬੀਰ ਸਿੰਘ ਬਾਦਲ

Punjab Bypolls

ਸ਼੍ਰੋਮਣੀ ਅਕਾਲੀ ਦਲ ਜ਼ਿਮਨੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ: ਸੁਖਬੀਰ ਸਿੰਘ ਬਾਦਲ

ਚੋਣ ਕਮਿਸ਼ਨ ਨੂੰ ਪੰਜਾਬ ਅੰਦਰ ਸੁਤੰਤਰ ਅਤੇ ਨਿਰਪੱਖ ਕਰਵਾਉਣ ਦੀ ਅਪੀਲ ਕੀਤੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਵਿਧਾਨ ਸਭਾ ਦੀਆਂ ਖਾਲੀ ਸੀਟਾਂ ਲਈ ਜ਼ਿਮਨੀ ਚੋਣਾਂ ਕਰਵਾਏ ਜਾਣ ਦੇ ਐਲਾਨ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸੱਤਾਧਾਰੀ ਪਾਰਟੀ ਨੂੰ ਇਹਨਾਂ ਚੋਣਾਂ ਵਿਚ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸਿਖਾਵੇਗੀ।

ਬਾਦਲ ਨੇ ਭਾਰਤੀ ਚੋਣ ਕਮਿਸ਼ਨ ਨੂੰ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੰਜਾਬ ਉੱਤੇ ਵਿਸ਼ੇਸ਼ ਨਜ਼ਰ ਰੱਖਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਲੋਕਾਂ ਦਾ ਭਰੋਸਾ ਗੁਆ ਚੁੱਕੀ ਸੱਤਾਧਾਰੀ ਪਾਰਟੀ ਸ਼ਰਮਨਾਕ ਹਾਰ ਤੋਂ ਬਚਣ ਲਈ ਗਲਤ ਹਥਕੰਡੇ ਅਪਣਾਏਗੀ। ਉਹਨਾਂ ਕਿਹਾ ਕਿ ਪੰਜਾਬ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ। ਇੱਥੋਂ ਤਕ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਗਾਇਬ ਹੀ ਰਹਿੰਦਾ ਹੈ, ਕਿਉਂਕਿ ਉਹ ਜਿਸ ਢੰਗ ਨਾਲ ਸੂਬੇ ਤੋਂ ਦੂਰ ਰਿਹਾ ਹੈ, ਹੁਣ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦਾ।

ਹੋਰ ਪੜ੍ਹੋ: ਕਾਂਗਰਸ ਨੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ , ਪ੍ਰਾਈਵੇਟ ਕੰਪਨੀਆਂ ਵਿਚ ਨਹੀਂ : ਬਿਕਰਮ ਮਜੀਠੀਆ

ਉਹਨਾਂ ਕਿਹਾ ਕਿ ਪ੍ਰਸਾਸ਼ਨ ਦਾ ਮਾੜਾ ਹਾਲ ਹੈ ਅਤੇ ਲੋਕ ਬੁਨਿਆਦੀ ਸਹੂਲਤਾਂ ਲਈ ਤਰਸ ਰਹੇ ਹਨ। ਕਾਂਗਰਸ ਪਾਰਟੀ ਦਾ ਇਹਨਾਂ ਚੋਣਾਂ ‘ਚ ਸਫਾਇਆ ਹੋਣ ਜਾ ਰਿਹਾ ਹੈ ਅਤੇ ਇਹ ਖੁਦ ਨੂੰ ਨਮੋਸ਼ੀਜਨਕ ਹਾਰ ਤੋਂ ਬਚਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰੇਗੀ। ਅਜਿਹੇ ਹਾਲਾਤਾਂ ਅੰਦਰ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਸਭ ਤੋਂ ਵੱਡੀ ਹੋ ਜਾਂਦੀ ਹੈ।

ਬਾਦਲ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਦਾ ਕੇਡਰ ਬਹੁਤ ਹੀ ਜ਼ਿਅਦਾ ਜੋਸ਼ ਅਤੇ ਉਤਸ਼ਾਹ ਨਾਲ ਭਰਿਆ ਹੈ ਅਤੇ ਉਹ ਬੇਸਬਰੀ ਨਾਲ ਜ਼ਿਮਨੀ ਚੋਣਾਂ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਸਨ। ਉਹ ਸੱਤਾਧਾਰੀ ਪਾਰਟੀ ਨੂੰ ਕਰਾਰੀ ਹਾਰ ਦੇਣ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ।ਬਾਦਲ ਨੇ ਕਿਹਾ ਕਿ ਉਹ ਉਮੀਦਵਾਰਾਂ ਦੀ ਚੋਣ ਕਰਨ ਅਤੇ ਚੋਣ ਡਿਊਟੀਆਂ ਲਾਉਣ ਵਾਸਤੇ ਜਲਦੀ ਹੀ ਪਾਰਟੀ ਦੀ ਇੱਕ ਉੱਚ-ਪੱਧਰੀ ਮੀਟਿੰਗ ਬੁਲਾਉਣਗੇ।

-PTC News