ਸਰਕਾਰੀ ਮੈਡੀਕਲ ਕਾਲਜਾਂ ਵਿੱਚ ਟੀਚਿੰਗ ਫੈਕਲਟੀ ਦੀਆਂ ਸਿੱਧੇ ਕੋਟੇ ਦੀਆਂ 153 ਅਸਾਮੀਆਂ ਭਰਨ ਦੀ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ

punjab cabinet
ਪੰਜਾਬ ਮੰਤਰੀ ਮੰਡਲ ਵੱਲੋਂ ਕਿਲਾ ਰਾਏਪੁਰ ਵਿਖੇ ਬੈਲ ਗੱਡੀਆਂ ਦੀਆਂ ਦੌੜਾਂ ਮੁੜ ਸ਼ੁਰੂ ਕਰਨ ਨੂੰ ਪ੍ਰਵਾਨਗੀ

ਸਰਕਾਰੀ ਮੈਡੀਕਲ ਕਾਲਜਾਂ ਵਿੱਚ ਟੀਚਿੰਗ ਫੈਕਲਟੀ ਦੀਆਂ ਸਿੱਧੇ ਕੋਟੇ ਦੀਆਂ 153 ਅਸਾਮੀਆਂ ਭਰਨ ਦੀ ਮੰਤਰੀ ਮੰਡਲ ਵੱਲੋਂ ਪ੍ਰਵਾਨਗੀ,ਚੰਡੀਗੜ੍ਹ:ਸੂਬੇ ਦੀ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਵੱਲ ਇਕ ਵੱਡਾ ਕਦਮ ਪੁੱਟਦੇ ਹੋਏ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪੰਜਾਬ ਮੰਤਰੀ ਮੰਡਲ ਨੇ ਸਰਕਾਰੀ ਮੈਡੀਕਲ ਕਾਲਜਾਂ ਅੰਮਿ੍ਤਸਰ ਅਤੇ ਪਟਿਆਲਾ ‘ਚ ਸਿੱਧੇ ਕੋਟੇ ਦੀਆਂ 153 ਖਾਲੀ ਪਈਆਂ ਅਸਾਮੀਆਂ ਨੂੰ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਜਿਨ੍ਹਾਂ ਵਿੱਚ 42 ਪ੍ਰੋਫੈਸਰਾਂ, 46 ਐਸੋਸ਼ੀਏਟ ਪ੍ਰੋਫੈਸਰਾਂ ਅਤੇ 65 ਅਸਿਸਟੈਂਟ ਪ੍ਰੋਫੈਸਰਾਂ ਦੀਆਂ ਅਸਾਮੀਆਂ ਸ਼ਾਮਲ ਹਨ।

ਇਹ ਅਸਾਮੀਆਂ ਪੀ.ਜੀ.ਆਈ.ਐਮ.ਈ.ਆਰ., ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਭਰੀਆਂ ਜਾਣਗੀਆਂ। ਇਕ ਸਰਕਾਰੀ ਬੁਲਾਰੇ ਅਨੁਸਾਰ ਇਨ੍ਹਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਘੇਰੇ ਵਿੱਚੋਂ ਬਾਹਰ ਕੱਢ ਕੇ ਪੰਜਾਬ ਮੈਡੀਕਲ ਐਜੂਕੇਸ਼ਨ (ਗਰੁੱਪ ਏ) ਸਰਵਿਸ ਰੁਲਜ਼, 2016 ਦੇ ਹੇਠ ਭਰਿਆ ਜਾਵੇਗਾ।

ਸਰਕਾਰੀ ਬੁਲਾਰੇ ਅਨੁਸਾਰ ਜਿਹੜੀ ਚੋਣ ਕਮੇਟੀ 22 ਅਪ੍ਰੈਲ, 2016 ਨੂੰ ਸਿਹਤ ਅਤੇ ਮੈਡੀਕਲ ਸਿੱਖਿਆ ਦੇ ਸਲਾਹਕਾਰ ਡਾ. ਕੇ.ਕੇ. ਤਲਵਾੜ ਦੀ ਅਗਵਾਈ ਵਿੱਚ ਗਠਿਤ ਕੀਤੀ ਗਈ ਸੀ, ਉਸ ਨੂੰ ਹੁਣ 22 ਅਪ੍ਰੈਲ, 2019 ਤੋਂ ਅਗਲੇ ਹੋਰ ਤਿੰਨ ਸਾਲ ਲਈ ਲਗਾਤਾਰ ਬਣੇ ਰਹਿਣ ਦੀ ਆਗਿਆ ਦਿੱਤੀ ਗਈ ਹੈ।

ਇਸ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਵਧਾਈ ਗਈ ਹੈ| ਇਸ ਤੋਂ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਈਾਸਜ਼ ਫਰੀਦਕੋਟ ਦੇ ਵਾਈਸ ਚਾਂਸਲਰ, ਸਕੱਤਰ ਡਾਕਟਰੀ ਸਿੱਖਿਆ ਅਤੇ ਖੋਜ, ਡਾਇਰੈਕਟਰ ਪੀ.ਜੀ.ਆਈ.ਐਮ.ਈ.ਆਰ. ਜਾਂ ਉਨ੍ਹਾਂ ਦੇ ਨੁਮਾਇੰਦੇ, ਡਾਇਰੈਕਟਰ ਟਾਟਾ ਮੈਮੋਰੀਅਲ ਹਸਪਤਾਲ, ਮੁੰਬਈ ਜਾਂ ਉਨ੍ਹਾਂ ਦੇ ਨੁਮਾਇੰਦੇ (ਸਿਰਫ਼ ਕੈਂਸਰ ਨਾਲ ਸਬੰਧਤ ਇਲਾਜ ਦੇ ਮਾਹਰ) ਅਤੇ ਏਮਜ਼/ਪੀ.ਜੀ.ਆਈ.ਐਮ.ਈ.ਆਰ./ਟੀ.ਐਮ.ਸੀ. ਵਰਗੀਆਂ ਸੰਸਥਾਵਾਂ ਦੇ ਸਬੰਧਤ ਵਿਸ਼ੇ ਦੇ ਦੋ ਮੈਂਬਰ ਕਮੇਟੀ ਵਿੱਚ ਸ਼ਾਮਲ ਸਨ।

ਇਸ ਤੋਂ ਇਲਾਵਾ ਡਾਇਰੈਕਟਰ ਖੋਜ ਅਤੇ ਮੈਡੀਕਲ ਸਿੱਖਿਆ, ਪੰਜਾਬ ਇਸ ਕਮੇਟੀ ਦੇ ਮੈਂਬਰ ਸਕੱਤਰ ਸਨ। ਹੁਣ ਇਸ ਕਮੇਟੀ ਵਿੱਚ ਭਲਾਈ ਵਿਭਾਗ ਪੰਜਾਬ ਦਾ ਇਕ ਨੁਮਾਇੰਦਾ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਇਸ ਨਾਲ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਅੱਠ ਹੋ ਗਈ ਹੈ।

ਡਾ. ਕੇ. ਕੇ. ਤਲਵਾੜ ਕਮੇਟੀ, ਦੇ ਸਮੁੱਚੇ ਸਟਾਫ ਦੀ ਗਿਣਤੀ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਦਾ ਪੁਨਰਗਠਨ ਕਰਨ ਦਾ ਪ੍ਰਸਤਾਵ ਕੀਤਾ ਗਿਆ | ਸਿੱਧੇ ਕੋਟੇ ਦੀਆਂ ਪ੍ਰਸਤਾਵਿਤ ਸੁਪਰਸਪੈਸ਼ਲਟੀ ਵਿਭਾਗਾਂ ਵਿੱਚ ਕੁੱਲ 46 ਅਸਾਮੀਆਂ ਪੈਦਾ ਕੀਤੀਆਂ ਗਈਆਂ। ਦੋਵਾਂ ਹਸਪਤਾਲਾਂ ਵਿੱਚ ਐਮ.ਬੀ.ਬੀ.ਐਸ. ਦੀਆਂ ਸੀਟਾਂ ਅਤੇ ਦੋਵਾਂ ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਦੇ ਵਾਧੇ ਬਾਰੇ ਵੀ ਵਿਚਾਰ ਕੀਤਾ ਗਿਆ। ਨਤੀਜੇ ਵਜੋਂ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਤਲਵਾੜ ਕਮੇਟੀ ਦੁਆਰਾ 153 ਅਸਾਮੀਆਂ ਭਰਨ ਦੀ ਆਗਿਆ ਦਿੱਤੀ ਗਈ।

ਕਮੇਟੀ ਨੇ ਇਹ ਵੀ ਸਿਫਾਰਸ਼ ਕੀਤੀ ਕਿ ਇਹ ਸਾਰੀਆਂ ਅਸਾਮੀਆਂ ਇਕ ਕੋਸ਼ਿਸ਼ ਦੌਰਾਨ ਨਾ ਭਰੇ ਜਾਣ ਦੀ ਸੂਰਤ ਵਿੱਚ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਇਹ ਆਗਿਆ ਦਿੱਤੀ ਜਾਵੇ ਕਿ ਉਹ ਇਹ ਅਸਾਮੀਆਂ ਭਰੇ ਜਾਣ ਤੱਕ ਵਾਰ-ਵਾਰ ਕੋਸ਼ਿਸ਼ ਕਰੇ। ਕਮੇਟੀ ਨੇ ਅੱਗੇ ਇਹ ਵੀ ਸਿਫਾਰਸ਼ ਕੀਤੀ ਕਿ ਭਵਿੱਖ ਵਿੱਚ ਸੇਵਾਮੁਕਤੀ ਦੇ ਕਾਰਨ ਖਾਲੀ ਹੋਣ ਵਾਲੀਆਂ ਅਸਾਮੀਆਂ ਨੂੰ ਵਿੱਤ ਵਿਭਾਗ ਅਤੇ ਆਫਿਸਰਜ਼ ਕਮੇਟੀ ਦੀ ਪ੍ਰਵਾਨਗੀ ਲਈ ਪਹੁੰਚ ਕੀਤੇ ਜਾਣ ਤੋਂ ਬਿਨ੍ਹਾਂ ਭਰਨ ਦੀ ਆਗਿਆ ਦਿੱਤੀ ਜਾਵੇ।

-PTC News