ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਹਨ: ਸ਼੍ਰੋਮਣੀ ਅਕਾਲੀ ਦਲ

By Jashan A - September 17, 2019 7:09 am

ਕੈਪਟਨ ਅਮਰਿੰਦਰ ਸਿੰਘ ਦੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਹਨ: ਸ਼੍ਰੋਮਣੀ ਅਕਾਲੀ ਦਲ,ਚੰਡੀਗੜ੍ਹ: ਆਪਣੀ ਪ੍ਰਾਪਤੀਆਂ ਬਾਰੇ ਲੋਕ ਸੰਪਰਕ ਵਿਭਾਗ ਰਾਹੀਂ ਝੂਠੀ ਜਾਣਕਾਰੀ ਫੈਲਾ ਕੇ ਸਰਕਾਰੀ ਖ਼ਜ਼ਾਨੇ ਦਾ ਕਰੋੜਾਂ ਰੁਪਏ ਬਰਬਾਦ ਕਰਨ ਲਈ ਪੰਜਾਬ ਸਰਕਾਰ ਦੀ ਖਿਚਾਈ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਅੱਜ ਕਿਹਾ ਕਿ ਜਿਹੜੀਆਂ ਸਕੀਮਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ, ਉਹਨਾਂ ਵਿਚੋਂ ਜ਼ਿਅਦਾਤਰ ਕੇਂਦਰ ਸਰਕਾਰ ਦੀਆਂ ਸਕੀਮਾਂ ਹਨ। ਉਹਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਇਹਨਾਂ ਸਕੀਮਾਂ ਦਾ ਸਿਹਰਾ ਲੈਣ ਦੀ ਬਜਾਇ ਪੰਜਾਬੀਆਂ ਦੇ ਫਾਇਦੇ ਲਈ ਅਜਿਹੀਆਂ ਸਕੀਮਾਂ ਸ਼ੁਰੂ ਕਰਨ ਵਾਸਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਚਾਹੀਦਾ ਹੈ।

ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ 161 ਵਾਅਦਿਆਂ ਵਿਚੋਂ 141 ਵਾਅਦੇ ਪੂਰੇ ਕਰਨ ਦਾ ਦਾਅਵਾ ਕੀਤਾ ਹੈ, ਜੋ ਕਿ ਨਿਰਾ ਝੂਠ ਹੈ। ਉਹਨਾਂ ਕਿਹਾ ਕਿ ਉਹ ਨਾ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ, ਸਗੋ ਡਾਕਟਰ ਮਨਮੋਹਨ ਸਿੰਘ ਵਰਗੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਵੀ ਮਜ਼ਾਕ ਦੇ ਪਾਤਰ ਬਣਾ ਰਿਹਾ ਹੈ, ਜਿਹਨਾਂ ਦੀ ਤਸਵੀਰ ਪਾਰਟੀ ਮੈਨੀਫੈਸਟੋ ਉੱਤੇ ਲਾਈ ਗਈ ਸੀ।

ਹੋਰ ਪੜ੍ਹੋ: ਪ੍ਰਕਾਸ਼ ਪੁਰਬ ਸਮਾਗਮ ਸਾਂਝੇ ਤੌਰ ’ਤੇ ਮਨਾਉਣ ਲਈ ਪੰਜਾਬ ਸਰਕਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦਾ ਪਾਲਣ ਕਰੇ: ਭਾਈ ਲੌਂਗੋਵਾਲ

ਉਹਨਾਂ ਕਿਹਾ ਕਿ ਮੈਂ ਮਨਮੋਹਨ ਸਿੰਘ ਨੂੰ ਇੱਕ ਸੁਆਲ ਪੁੱਛਣਾ ਚਾਹੁੰਦਾ ਹਾਂ ਕਿ ਕੀ ਉਹ ਆਪਣੀ ਪਾਰਟੀ ਆਗੂਆਂ ਵੱਲੋਂ ਕੀਤੇ ਇਹ ਝੂਠੇ ਦਾਅਵਿਆਂ ਨੂੰ ਸਹੀ ਮੰਨਦੇ ਹਨ ਕਿਉਂਕਿ ਜਦੋਂ ਚੋਣ ਮੈਨੀਫੇਸਟੋ ਜਾਰੀ ਕੀਤਾ ਸੀ ਤਾਂ ਉਹ ਉੱਥੇ ਮੌਜੂਦ ਸਨ।ਮਜੀਠੀਆ ਨੇ ਕਿਹਾ ਕਿ ਜਦੋਂ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ 141 ਵਾਅਦੇ ਪੂਰੇ ਕਰਨ ਦੀ ਸੂਚੀ ਸੌਂਪੀ ਸੀ ਤਾਂ ਉਸ ਦੀ ਸਰਕਾਰ ਨੇ ਸਿਰਫ 21 ਪ੍ਰਾਪਤੀਆਂ ਜ਼ਿਕਰ ਕੀਤਾ ਸੀ। ਇਸ ਤਰ੍ਹਾਂ ਉਹ ਕਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਅਮਰਿੰਦਰ ਵੱਲੋਂ ਕੀਤੇ ਦਾਅਵਿਆਂ ਨੂੰ ਪੂਰੀ ਤਰਾਂ੍ਹ ਰੱਦ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਕਿ ਨਰੇਗਾ, ਆਯੂਸ਼ਮਨ ਭਾਰਤ ਯੋਜਨਾ ਦਾ ਰਲੇਵਾਂ ਕਰਨ ਵਾਲੀ ਸਰਬੱਤ ਸਿਹਤ ਬੀਮਾ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਗਰੀਬਾਂ ਲਈ ਘਰ ਜਾਂ ਗਰੀਬ ਤਬਕਿਆਂ ਲਈ ਪਖਾਨੇ ਆਦਿ ਸਾਰੀਆਂ ਕੇਂਦਰੀ ਸਰਕਾਰ ਦੀਆਂ ਸਕੀਮਾਂ ਹਨ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਸਕੀਮਾਂ ਵਿਚ ਕੋਈ ਯੋਗਦਾਨ ਨਹੀਂ ਪਾਇਆ ਹੈ।

ਉਹਨਾਂ ਕਿਹਾ ਕਿ ਸੂਬੇ ਅੰਦਰ ਵਧ ਰਹੀਆਂ ਕਿਸਾਨ ਖੁਦਕੁਸ਼ੀਆਂ ਇਸ ਗੱਲ ਦਾ ਸਬੂਤ ਹਨ ਕਿ ਕਿਸਾਨੀ ਸੰਕਟ ਵਿਚ ਘਿਰੀ ਹੋਈ ਹੈ ਅਤੇ ਕਾਂਗਰਸੀ ਚੋਣ ਮੈਨੀਫੈਸਟੋ ਵਿਚ ਜਿਹੜਾ ਕਰਜ਼ਾ ਮੁਆਫ ਕਰਕੇ ਕਿਸਾਨਾਂ ਨੂੰ ਆਰਥਿਕ ਸੰਕਟ ਵਿਚੋਂ ਬਾਹਰ ਕੱਢਣ ਦਾ ਵਾਅਦਾ ਕੀਤਾ ਗਿਆ ਸੀ, ਉਹ ਪੂਰਾ ਨਹੀਂ ਕੀਤਾ ਗਿਆ ਹੈ।

ਉਹਨਾਂ ਅੱਗੇ ਦੱਸਿਆ ਕਿ ਅਮਰਿੰਦਰ ਸਿੰਘ ਵੱਲੋਂ ਹੱਥ ਵਿਚ ਗੁਟਕਾ ਸਾਹਿਬ ਲੈ ਕੇ ਕੀਤਾ ਵਾਅਦਾ ਕਿ ਸੱਤਾ ਵਿਚ ਆਉਣ ਮਗਰੋਂ ਚਾਰ ਹਫਤਿਆਂ ਅੰਦਰ ਪੰਜਾਬ ਵਿਚੋਂ ਨਸ਼ਾ ਖਤਮ ਕਰ ਦਿੱਤਾ ਜਾਵੇਗਾ, ਵੀ ਝੂਠਾ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਉਲਟਾ ਅਸਲੀਅਤ ਇਹ ਹੈ ਕਾਂਗਰਸੀ ਆਗੂ ਖੁਦ ਨਸ਼ਿਆਂ ਦਾ ਵਪਾਰ ਕਰ ਰਹੇ ਹਨ ਅਤੇ ਹੁਣ ਤਾਂ ਇਹ ਹਾਲਾਤ ਬਣ ਗਏ ਹਨ ਕਿ ਨਸ਼ਿਆਂ ਦੀ ਹੋਮ ਡਿਲੀਵਰੀ ਹੋਣ ਲੱਗੀ ਹੈ। ਅਜਿਹੇ ਹਾਲਾਤਾਂ ਵਿਚ ਸੂਬੇ ਦੇ ਨਸ਼ਾ ਮੁਕਤ ਹੋਣ ਬਾਰੇ ਕੌਣ ਸੋਚ ਸਕਦਾ ਹੈ।

ਮਜੀਠੀਆ ਨੇ ਕਿਹਾ ਕਿ 42 ਹਜ਼ਾਰ ਸਰਕਾਰੀ ਨੌਕਰੀਆਂ ਸਮੇਤ 9 ਲੱਖ ਨੌਕਰੀਆਂ ਦੇਣ ਦਾ ਕੀਤਾ ਦਾਅਵਾ ਬਿਲਕੁੱਲ ਸਫੈਦ ਝੂਠ ਹੈ। ਉਹਨਾਂ ਕਿਹਾ ਕਿ ਅਸੀਂ ਸੂਬਾ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਇਸ ਸੰਬੰਧੀ ਅੰਕੜੇ ਜਾਰੀ ਕਰੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਦਾਅਵੇ ਅਨੁਸਾਰ ਹਰ ਮਹੀਨੇ ਨੌਜਵਾਨਾਂ ਨੂੰ 30 ਹਜ਼ਾਰ ਨੌਕਰੀਆਂ ਦਿੱਤੀਆਂ ਗਈਆਂ ਹਨ, ਪਰ ਜ਼ਮੀਨੀ ਪੱਧਰ ਉਤੇ ਅਜਿਹਾ ਨਜ਼ਰ ਨਹੀਂ ਆ ਰਿਹਾ ਹੈ, ਕਿਉਂਕਿ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਰੋਜ਼ਾਨਾ ਰਾਜ ਭਰ ਵਿਚ ਧਰਨੇ ਅਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ 2500 ਰੁਪਏ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਵੀ ਠੁੱਸ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਸੂਬੇ ਦੇ ਲੋਕ ਜਾਣਦੇ ਹਨ ਕਿ ਅਮਰਿੰਦਰ ਸਿੰਘ ਸਰਕਾਰ ਵੱਲੋ ਕਿਸ ਤਰ੍ਹਾਂ ਛਲ ਅਤੇ ਕਪਟ ਕੀਤਾ ਜਾ ਰਿਹਾ ਹੈ।

-PTC News

adv-img
adv-img