ਹੋਰ ਖਬਰਾਂ

ਮੁੱਖ ਮੰਤਰੀ ਨੇ ਕੇਂਦਰੀਕ੍ਰਿਤ ਸੂਬਾਈ ਦਾਖਲਾ ਪੋਰਟਲ ਸਮੂਹ ਸਰਕਾਰੀ ਕਾਲਜਾਂ ਲਈ 31 ਅਗਸਤ ਤੱਕ ਵਧਾਇਆ

By Shanker Badra -- August 20, 2021 8:50 am

ਚੰਡੀਗੜ : ਡਿਜੀਟਲ ਪੰਜਾਬ ਵੱਲ ਇਕ ਕਦਮ ਹੋਰ ਵਧਾਉਂਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਵਰਚੁਅਲ ਤੌਰ ’ਤੇ ਸੂਬਾ ਪੱਧਰੀ ਏਕੀਿਤ ਹੈਲਪਲਾਈਨ ਨੰਬਰ 1100 ਦੀ ਸ਼ੁਰੂਆਤ ਕੀਤੀ ਤਾਂ ਜੋ ਲੋਕਾਂ ਨੂੰ ਸਮੂਹ ਸੇਵਾਵਾਂ ਨਿਰਵਿਘਨ ਤਰੀਕੇ ਨਾਲ ਪ੍ਰਦਾਨ ਕਰਨ ਤੋਂ ਇਲਾਵਾ ਉਹਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਸੂਬਾਈ ਦਾਖਲਾ ਪੋਰਟਲ https://admission.punjab.gov.in ਵਿੱਚ ਵਾਧਾ ਕਰਦੇ ਹੋਏ ਇਸ ਨੂੰ 31 ਅਗਸਤ, 2021 ਤੱਕ ਵਧਾ ਦਿੱਤਾ ਤਾਂ ਜੋ ਸੂਬੇ ਦੇ ਵੱਖੋ-ਵੱਖ ਸਰਕਾਰੀ ਕਾਲਜਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ ਇਸ ਪੋਰਟਲ ’ਤੇ ਤਕਰੀਬਨ 42000 ਵਿਦਿਆਰਥੀ ਰਜਿਸਟਰ ਹੋ ਚੁੱਕੇ ਹਨ। ਇਸ ਸਾਂਝੇ ਦਾਖਲਾ ਪੋਰਟਲ ਨਾਲ ਦਾਖਲਾ ਪ੍ਰਕਿਰਿਆ 100 ਫੀਸਦੀ ਸੰਪਰਕ ਰਹਿਤ ਹੋਵੇਗੀ ,ਕਿਉਂਕਿ ਬਿਨੈਕਾਰਾਂ ਨੂੰ ਸਰੀਰਕ ਤੌਰ ’ਤੇ ਹਾਜ਼ਰ ਹੋਣ ਦੀ ਲੋੜ ਨਹੀਂ ਪਵੇਗੀ, ਜਿਸ ਨਾਲ ਉਨਾਂ ਦਾ ਕੋਰੋਨਾ ਤੋਂ ਬਚਾਅ ਰਹੇਗਾ। ਇਕ ਹੋਰ ਲੋਕ ਪੱਖੀ ਪਹਿਲ ਦੇ ਰੂਪ ਵਿੱਚ 1100 ਹੈਲਪਲਾਈਨ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿਰਫ ਇੱਕ ਬਟਨ ਦਬਾਉਣ ਨਾਲ ਹੀ ਵੱਖੋ-ਵੱਖ ਸੇਵਾਵਾਂ ਦੇ ਲਾਭ ਹਾਸਲ ਹੋ ਸਕਣਗੇ। ਉਨਾਂ ਅੱਗੇ ਕਿਹਾ ਕਿ ਇਸ ਨਿਵੇਕਲੀ ਪਹਿਲ ਵਿੱਚ ਕਈ ਹੋਰ ਤਕਨੀਕੀ ਪੱਖ ਜਿਵੇਂ ਕਿ ਚੈਟ, ਈ-ਮੇਲ, ਵਟਸਐਪ ਅਤੇ ਐਸ.ਐਮ.ਐਸ. ਵੀ ਛੇਤੀ ਹੀ ਜੋੜੇ ਜਾਣਗੇ।

ਮੁੱਖ ਮੰਤਰੀ ਨੇ ਵੱਖੋ-ਵੱਖ ਵਿਭਾਗਾਂ ਦੇ ਸਕੱਤਰਾਂ ਨੂੰ ਨਿਰਦੇਸ਼ ਦਿੱਤੇ ਕਿ ਆਪੋ-ਆਪਣੇ ਵਿਭਾਗਾਂ ਦੇ ਕੰਮਕਾਜ ਦੀ ਹਫਤਾਵਾਰੀ ਸਮੀਖਿਆ ਨਿਯਮਿਤ ਤੌਰ ’ਤੇ ਕੀਤੀ ਜਾਵੇ। ਇਸ ਦੇ ਨਾਲ ਹੀ ਉਨਾਂ ਵੱਲੋਂ ਮੁੱਖ ਸਕੱਤਰ ਨੂੰ ਆਪਣੇ ਪੱਧਰ ’ਤੇ ਸਮੇਂ-ਸਮੇਂ ’ਤੇ ਲੋਕਪੱਖੀ ਸੇਵਾਵਾਂ ਪ੍ਰਦਾਨ ਕਰਨ ਦੇ ਕੰਮਕਾਜ ਸਬੰਧੀ ਇਨਾਂ ਵਿਭਾਗਾਂ ਦੀ ਸਮੀਖਿਆ ਕਰਨ ਲਈ ਵੀ ਕਿਹਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਕਿ ਸਮੂਹ ਸ਼ਿਕਾਇਤਾਂ ਦਾ ਨਿਪਟਾਰਾ ਤਸੱਲੀਬਖਸ਼ ਢੰਗ ਨਾਲ ਕੀਤਾ ਜਾਵੇ।
ਇਸ ਮੌਕੇ ਉਚੇਰੀ ਸਿੱਖਿਆ ਮੰਤਰੀ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਦਾਖਲਾ ਪੋਰਟਲ ਨਾਲ ਵਿਦਿਆਰਥੀਆਂ ਦੀ ਚਿਰੋਕਣੀ ਮੰਗ ਪੂਰੀ ਹੋਈ ਹੈ ਅਤੇ ਇਸ ਪੋਰਟਲ ਰਾਹੀਂ ਉਹ ਕਈ ਕਾਲਜਾਂ ਵਿੱਚ ਇਕੋ ਬਿਨੈ ਫਾਰਮ ਰਾਹੀਂ ਦਰਖਾਸਤ ਦੇ ਸਕਦੇ ਹਨ।

ਪ੍ਰਸ਼ਾਸਕੀ ਸੁਧਾਰ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਿਸ਼ੇਸ਼ ਸਕੱਤਰ ਰਵੀ ਭਗਤ ਨੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 1100 ਹੈਲਪਲਾਈਨ ਨੂੰ ਪੀ.ਜੀ.ਆਰ.ਐਸ. ਦੇ ਪੋਰਟਲ ਨਾਲ ਵੀ ਜੋੜਿਆ ਗਿਆ ਹੈ ਅਤੇ ਇਹ ਸਿਰਫ ਗੈਰ-ਹੰਗਾਮੀ ਸੇਵਾਵਾਂ ਲਈ ਹੋਵੇਗਾ। ਇਸ ਪੋਰਟਲ ਨੂੰ ਡਿਜੀਟਲ ਪੰਜਾਬ ਪਹਿਲਕਦਮੀ ਦੀ ਦਿਸ਼ਾ ਵਿੱਚ ਇਕ ਵੱਡੀ ਪੁਲਾਂਘ ਦੱਸਦੇ ਹੋਏ ਉਨਾਂ ਇਹ ਵੀ ਕਿਹਾ ਕਿ ਕਈ ਹੈਲਪਲਾਈਨਾਂ ਕਰਕੇ ਲੋਕ ਅਕਸਰ ਭੰਬਲਭੂਸੇ ਵਿੱਚ ਪੈ ਜਾਂਦੇ ਸਨ ਪਰ ਹੁਣ ਇਹ ਨਵੀਂ ਹੈਲਪਲਾਈਨ ਉਨਾਂ ਨੂੰ 1100 ਨੰਬਰ ਡਾਈਲ ਕਰਕੇ ਆਪਣੀਆਂ ਸ਼ਿਕਾਇਤਾਂ ਦਰਜ 'ਤੇ ਉਨਾਂ ਦੀ ਸਥਿਤੀ ਦਾ ਪਤਾ ਲਗਾਉਣ ਤੋਂ ਇਲਾਵਾ ਵੈਬ ਪੋਰਟਲ, ਸੇਵਾ ਕੇਂਦਰਾਂ, ਐਮ ਸੇਵਾ ਅਤੇ ਈ-ਸੇਵਾ ਮੋਬਾਈਲ ਐਪਲੀਕੇਸ਼ਨਾਂ ਰਾਹੀਂ ਵੀ ਆਪਣੀਆਂ ਸ਼ਿਕਾਇਤਾਂ ਰਜਿਸਟਰ ਕਰਵਾ ਕੇ ਉਨਾਂ ਦਾ ਪਤਾ ਕਰਵਾ ਸਕਦੇ ਹਨ। ਸਮੂਹ ਵਿਭਾਗਾਂ ਨੂੰ 247 ਸ਼ਿਕਾਇਤਾਂ ਦੀ ਸਥਿਤੀ ਦਾ ਪਤਾ ਲਾਉਣ ਲਈ ਇਕ ਦੂਜੇ ਨਾਲ ਆਨਲਾਈਨ ਵਿਧੀ ਨਾਲ ਜੋੜਿਆ ਗਿਆ ਹੈ।

ਇਸ ਤੋਂ ਪਹਿਲਾ ਉਚੇਰੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਆਰ.ਕੇ. ਗੰਟਾ ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ 2021-22 ਦੇ ਸੈਸ਼ਨ ਲਈ ਕੇਂਦਰੀਿਤ ਆਨਲਾਈਨ ਦਾਖਲਾ ਪ੍ਰਕਿਰਿਆ ਪੰਜਾਬ ਦੇ ਸਾਰੇ ਕਾਲਜਾਂ ਵਿੱਚ 2 ਅਗਸਤ, 2021 ਨੂੰ ਸ਼ੁਰੂ ਹੋ ਚੁੱਕੀ ਹੈ ਅਤੇ ਮੌਜੂਦਾ ਸਮੇਂ ਸੂਬੇ ਦੇ 59 ਸਰਕਾਰੀ ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕੋਰਸਾਂ ਵਿੱਚ ਦਾਖਲੇ ਲਈ ਇਹ ਪ੍ਰਕਿਰਿਆ ਜਾਰੀ ਹੈ। ਉਨਾਂ ਮੁੱਖ ਮੰਤਰੀ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਇਸ ਦਾਖਲਾ ਪੋਰਟਲ ਦੇ ਹੋਰ ਵੀ ਕਈ ਅਹਿਮ ਪਹਿਲੂ ਹਨ ਜਿਵੇਂ ਕਿ ਡਿਜੀ ਲਾਕਰ ਰਾਹੀਂ ਵਿੱਦਿਅਕ ਸਰਟੀਫਿਕੇਟਾਂ ਦੀ ਸੰਪਰਕ ਰਹਿਤ ਵੈਰੀਫਿਕੇਸ਼ਨ, ਜਾਤੀ ਸਰਟੀਫਿਕੇਟ (ਐਸ.ਸੀ./ਬੀ.ਸੀ.) ਦੀ ਸਵੈ-ਜਾਂਚ ਅਤੇ ਬਿਨੈਕਾਰ ਦੇ ਡੋਮੀਸਾਇਲ ਸਰਟੀਫਿਕੇਟ ਦੀ ਸਵੈ ਜਾਂਚ, ਪੋਰਟਲ ਦੁਆਰਾ ਕਰਨਾ ਅਤੇ ਸੂਬੇ ਦੀ ਯੂਨੀਵਰਸਿਟੀ ਦੇ ਨਿਯਮਾਂ ਮੁਤਾਬਕ ਫੀਸਾਂ ਨਿਰਧਾਰਤ ਕਰਨਾ, ਪੋਰਟਲ ਦੁਆਰਾ ਵਿਦਿਆਰਥੀ ਦਾ ਇਨਰੋਲਮੈਂਟ ਨੰਬਰ ਆਨਲਾਈਨ ਜਾਰੀ ਕਰਨਾ, ਅਦਾਇਗੀਆਂ ਆਨਲਾਈਨ ਅਤੇ ਆਫਲਾਈਨ ਦੋਵੇਂ ਢੰਗ ਨਾਲ ਕਰਨਾ ਤੇ ਲੋੜਵੰਦ ਵਿਦਿਆਰਥੀਆਂ ਲਈ ਕਿਸ਼ਤਾਂ ਵਿੱ ਅਦਾਇਗੀਆਂ ਦੀ ਤਜਵੀਜ਼।
-PTCNews

  • Share