ਕੈਪਟਨ ਅਮਰਿੰਦਰ ਸਿੰਘ ਨੇ ਵਪਾਰ ਨੂੰ ਹੁਲਾਰਾ ਦੇਣ ਲਈ ਪੰਜਾਬ-ਈਰਾਨ ਚੈਂਬਰ ਆਫ ਕਾਮਰਸ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ

By Jashan A - September 24, 2019 6:09 pm

ਕੈਪਟਨ ਅਮਰਿੰਦਰ ਸਿੰਘ ਨੇ ਵਪਾਰ ਨੂੰ ਹੁਲਾਰਾ ਦੇਣ ਲਈ ਪੰਜਾਬ-ਈਰਾਨ ਚੈਂਬਰ ਆਫ ਕਾਮਰਸ ਦੀ ਸਥਾਪਨਾ ਦਾ ਪ੍ਰਸਤਾਵ ਰੱਖਿਆ

ਈਰਾਨ ਦੇ ਰਾਜਦੂਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ-ਈਰਾਨ ਚੈਂਬਰ ਆਫ ਕਾਮਰਸ ਦੀ ਸਥਾਪਨਾ ਦਾ ਪ੍ਰਸਤਾਵ ਪੇਸ਼ ਕੀਤਾ ਤਾਂ ਕਿ ਦੁਵੱਲੇ ਨਿਵੇਸ਼ ਦੀ ਸਮਰਥਾ ਨੂੰ ਹੋਰ ਵਧਾਇਆ ਜਾ ਸਕੇ। ਇਸੇ ਦੌਰਾਨ ਮੁੱਖ ਮੰਤਰੀ ਨੇ ਪਾਣੀ ਦੀ ਸੰਭਾਲ, ਖੇਤੀਬਾੜੀ ਅਤੇ ਖੇਤੀ ਵਸਤਾਂ ਦੇ ਅਹਿਮ ਖੇਤਰਾਂ ਵਿੱਚ ਖਾੜੀ ਮੁਲਕ ਪਾਸੋਂ ਤਕਨੀਕ ਮੁਹੱਈਆ ਕਰਵਾਉਣ ਦੀ ਮੰਗ ਕੀਤੀ।

ਭਾਰਤ ਵਿੱਚ ਈਰਾਨ ਦੇ ਰਾਜਦੂਤ ਅਲੀ ਚੇਗੇਨੀ ਨੇ ਅੱਜ ਇੱਥੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਈਰਾਨ ਦੇ ਸਫ਼ੀਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਾਏ ਜਾ ਰਹੇ ਸਮਾਗਮਾਂ ਵਿੱਚ ਆਉਣ ਦਾ ਨਿੱਜੀ ਤੌਰ ’ਤੇ ਸੱਦਾ ਦਿੱਤਾ। ਮੁੱਖ ਮੰਤਰੀ ਨੇ ਉਨਾਂ ਨੂੰ ਦੱਸਿਆ ਕਿ ਇਸ ਇਤਿਹਾਸਕ ਮੌਕੇ ਆਉਣ ਵਾਲੇ ਸਿੱਖ ਸ਼ਰਧਾਲੂਆਂ ਲਈ ਤਹਿਰਾਨ ਤੋਂ ਅੰਮਿ੍ਰਤਸਰ ਵਾਸਤੇ ਵਿਸ਼ੇਸ਼ ਹਵਾਈ ਉਡਾਨਾਂ ਸ਼ੁਰੂ ਕਰਨ ਦਾ ਮਾਮਲਾ ਉਨਾਂ ਵੱਲੋਂ ਪਹਿਲਾਂ ਹੀ ਭਾਰਤ ਸਰਕਾਰ ਕੋਲ ਉਠਾਇਆ ਜਾ ਚੁੱਕਾ ਹੈ।

ਈਰਾਨ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਵਿੱਚ ਸਿੱਖ ਭਾਈਚਾਰੇ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਦਰਮਿਆਨ ਆਪਸੀ ਰਿਸ਼ਤਿਆਂ ਨੂੰ ਹੋਰ ਅੱਗੇ ਲਿਜਾਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨਾਂ ਨੇ ਮੁੱਖ ਸਕੱਤਰ ਨੂੰ ਪੰਜਾਬ ਤੇ ਈਰਾਨ ਦੀਆਂ ਯੂਨੀਵਰਸਿਟੀਆਂ ਦਰਮਿਆਨ ਵਿਦਿਆਰਥੀਆਂ ਦੇ ਅਦਾਨ-ਪ੍ਰਦਾਨ ਨੂੰ ਸ਼ੁਰੂ ਕਰਨ ਤੋਂ ਇਲਾਵਾ ਵਪਾਰਕ ਵਿਚਾਰ-ਵਟਾਂਦਰੇ ਨੂੰ ਵੀ ਉਤਸ਼ਾਹਤ ਕਰਨ ਦਾ ਸੁਝਾਅ ਰੱਖਿਆ।

ਹੋਰ ਪੜ੍ਹੋ: ਫਿਲਹਾਲ ਤਾਂ ਮੇਰੇ ਕੋਲ ਬਿਜਲੀ ਮੰਤਰੀ ਵੀ ਨਹੀਂ ਹੈ’, ਪੰਜਾਬ 'ਚ ਪ੍ਰਮਾਣੂ ਊਰਜਾ ਦੇ ਯੂਨਿਟਾਂ ਬਾਰੇ ਪੁੱਛੇ ਜਾਣ ’ਤੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਟਕੋਰ

ਮੁੱਖ ਮੰਤਰੀ ਨੇ ਕਿਹਾ ਕਿ ਈਰਾਨ ਨੂੰ ਬਰਾਮਦ ਕੀਤੇ ਜਾਣ ਵਾਲੇ ਮਿਆਰੀ ਚੌਲ, ਫਲ ਅਤੇ ਸੁੱਕੇ ਮੇਵਿਆਂ ਦੀ ਮਿਕਦਾਰ ਹੋਰ ਵਧਾਈ ਜਾ ਸਕਦੀ ਹੈ। ਉਨਾਂ ਇਹ ਵੀ ਦੱਸਿਆ ਕਿ ਸੂਬੇ ਲਈ ਦਰਾਮਦ ਹੁੰਦੀਆਂ ਪ੍ਰਮੁੱਖ ਵਸਤਾਂ ਵਿੱਚ ਈਰਾਨ ਦੀ ਯੂਰੀਆ ਵੀ ਸ਼ਾਮਲ ਹੈ।

ਮੁੱਖ ਮੰਤਰੀ ਨੇ ਸਫ਼ੀਰ ਨੂੰ ਸੂਬੇ ਵਿੱਚ ਉਦਯੋਗਿਕ ਯੂਨਿਟ ਸਥਾਪਤ ਕਰਨ ਦੇ ਚਾਹਵਾਨ ਈਰਾਨੀ ਨਿਵੇਸ਼ਕਾਰਾਂ ਨੂੰ ਸੂਬਾ ਸਰਕਾਰ ਵੱਲੋਂ ਹਰ ਸੰਭਵ ਮਦਦ ਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਕੈਪਟਨ ਅਮਰਿੰਦਰ ਸਿੰਘ ਨੇ ਈਰਾਨ ਦੀ ਇਕਲੌਤੀ ਫੇਰੀ ਨੂੰ ਵੀ ਚੇਤੇ ਕੀਤਾ ਜਦੋਂ ਸਾਲ 1976 ਵਿੱਚ ਸੂਬੇ ਦੇ ਖੇਤੀਬਾੜੀ ਮਹਿਕਮੇ ਦਾ ਵਫ਼ਦ ਉਨਾਂ ਦੀ ਅਗਵਾਈ ’ਚ ਈਰਾਨ ਦੇ ਦੌਰੇ ’ਤੇ ਗਿਆ ਸੀ ਜਿੱਥੇ ਉਨਾਂ ਨੇ ਸਿੱਖਣ ਦੇ ਤਜਰਬੇ ਵਜੋਂ ਦੋ ਮਹੀਨੇ ਠਹਿਰ ਕੀਤੀ। ਰਾਜਦੂਤ ਨੇ ਮੁੱਖ ਮੰਤਰੀ ਨੂੰ ਮੁੜ ਈਰਾਨ ਆਉਣ ਦਾ ਸੱਦਾ ਦਿੱਤਾ।

ਮਹਿਮਾਨਨਿਵਾਜ਼ੀ ਅਤੇ ਸਹਿਯੋਗ ਲਈ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਈਰਾਨ ਦੇ ਰਾਜਦੂਤ ਨੇ ਪਿਛਲੇ ਢਾਈ ਸਾਲਾਂ ਵਿੱਚ ਉਦਯੋਗ ਨੂੰ ਹੁਲਾਰਾ ਦੇਣ ਲਈ ਸੂਬਾ ਸਰਕਾਰ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ।

ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਸੁਝਾਅ ਨੂੰ ਸਵਿਕਾਰ ਕਰਦਿਆਂ ਰਾਜਦੂਤ ਨੇ ਕਿਹਾ ਕਿ ਉਨਾਂ ਨੇ ਭਲਕੇ ਪਟਿਆਲਾ ਵਿੱਚ ਇਕ ਸਮਾਗਮ ’ਚ ਸ਼ਾਮਲ ਹੋਣ ਜਾਣਾ ਹੈ ਅਤੇ ਉਹ ਆਪਣੀ ਠਹਿਰ ਦੌਰਾਨ ਪੈਗੰਬਰ ਮੁਹੰਮਦ ਦੇ ਵੰਸ਼ ਵਿੱਚੋਂ ਇਮਾਮ ਸੱਯਦ ਮਸ਼ਹਦ ਅਲੀ ਨਾਲ ਸਬੰਧਤ ਸਮਾਣਾ ਦੀ ਦਰਗਾਹ ’ਤੇ ਵੀ ਜਾਣਗੇ।

ਇਸ ਮੀਟਿੰਗ ਵਿੱਚ ਐਨ.ਆਰ.ਆਈ. ਮਾਮਲਿਆਂ ਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ (ਰਿਟਾ.) ਟੀ.ਐਸ. ਸ਼ੇਰਗਿੱਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੱਖ ਸਕੱਤਰ ਕਰਨ ਅਵਤਾਰ ਸਿੰਘ ਅਤੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਹਾਜ਼ਰ ਸਨ। ਵਫਦ ਵਿੱਚ ਕੌਂਸਲਰ ਹੁਸੈਨ ਮੁਹੰਮਦੀ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।

-PTC News

adv-img
adv-img