ਕੈਪਟਨ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੂੰ ਧਰਨਾ ਨਾ ਲਾਉਣ ਦੀ ਅਪੀਲ

By Shanker Badra - May 24, 2021 12:05 pm

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਨਾਲ ਕਾਰਗਰ ਢੰਗ ਨਾਲ ਨਿਪਟਣ ਵਿਚ ਸੂਬਾ ਸਰਕਾਰ ਦੇ ਨਾਕਾਮ ਰਹਿਣ ਲਾਏ ਦੋਸ਼ਾਂ ਨੂੰ ਸਪੱਸ਼ਟ ਸ਼ਬਦਾਂ ਰੱਦ ਕਰਦੇ ਹੋਏ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੂੰ ਆਪਣੇ ਪ੍ਰਸਤਾਵਿਤ ਧਰਨੇ ਪ੍ਰਤੀ ਅੱਗੇ ਨਾ ਵਧਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਧਰਨਾ ਵੱਡੀ ਪੱਧਰ ਉਤੇ ਕਰੋਨਾ ਫੈਲਣ ਦਾ ਕਾਰਨ ਬਣ ਸਕਦਾ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੀ ਹਾਲਤ ਦਿੱਲੀ, ਮਹਾਰਾਸ਼ਟਰ ਵਰਗੇ ਸੂਬਿਆਂ ਵਰਗੀ ਹੋਣ ਤੋਂ ਰੋਕਣ ਵਿਚ ਸਖ਼ਤ ਲੜਾਈ ਲੜੀ ਹੈ ਅਤੇ ਇੱਥੋਂ ਤੱਕ ਕਿ ਉੱਤਰ ਪ੍ਰਦੇਸ਼ ਜਿੱਥੇ ਗੰਗਾ ਨਦੀ ਵਿਚ ਤੈਰਦੀਆਂ ਲਾਸ਼ਾਂ ਨੇ ਭਾਜਪਾ ਦੀ ਸੱਤਾ ਵਾਲੇ ਸੂਬੇ ਦੀ ਇਸ ਮਹਾਮਾਰੀ ਨਾਲ ਨਜਿੱਠਣ ਵਿਚ ਦੁਰਪ੍ਰਬੰਧਾਂ ਦਾ ਪਰਦਾਫਾਸ਼ ਕਰਕੇ ਰੱਖ ਦਿੱਤਾ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਧਰਨੇ ਵਰਗੀ ਕੋਈ ਵੀ ਗਤੀਵਿਧੀ ਸੂਬੇ ਵਿਚ ਕੋਵਿਡ ਨਾਲ ਨਿਪਟਣ ਲਈ ਉਨ੍ਹਾਂ ਦੀ ਸਰਕਾਰ ਵੱਲੋਂ ਹੁਣ ਤੱਕ ਕੀਤੀਆਂ ਕੋਸ਼ਿਸ਼ਾਂ ਉਤੇ ਪਾਣੀ ਫੇਰ ਸਕਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਜਥੇਬੰਦੀ ਨੂੰ ਮਹਾਮਾਰੀ ਦੇ ਸਮੇਂ ਖਾਸ ਕਰਕੇ ਜਦੋਂ ਸੂਬੇ ਵਿਚ ਸਾਰੇ ਇਕੱਠਾਂ ਉਤੇ ਮੁਕੰਮਲ ਪਾਬੰਦੀ ਹੋਵੇ, ਤਾਂ ਇਸ ਦੌਰ ਵਿਚ ਅਜਿਹੇ ਲਾਪਰਵਾਹੀ ਵਾਲੇ ਰਵੱਈਏ ਨਾਲ ਗੈਰ-ਜਿੰਮੇਵਾਰੀ ਵਾਲਾ ਕੰਮ ਨਾ ਕਰਨ ਅਤੇ ਲੋਕਾਂ ਦੀਆਂ ਜਿੰਦਗੀਆਂ ਖ਼ਤਰੇ ਵਿਚ ਨਾ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦੀ ਕੋਈ ਵੀ ਉਲੰਘਣਾ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੇ ਹਿੱਤਾਂ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਜਥੇਬੰਦੀ ਦਾ ਇਹ ਕਦਮ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਮੁੱਦੇ ਉਤੇ ਕਿਸਾਨਾਂ ਨਾਲ ਸੂਬਾ ਸਰਕਾਰ ਦੇ ਡਟਵੇਂ ਸਹਿਯੋਗ ਨੂੰ ਵਿਚਾਰਦੇ ਹੋਏ ਪੂਰੀ ਤਰ੍ਹਾਂ ਅਣਉਚਿਤ ਕਿਹਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਦੀ ਮੁਖਾਲਫ਼ਤ ਕਰਦੇ ਹੋਏ ਸੂਬੇ ਦੀ ਵਿਧਾਨ ਸਭਾ ਵਿਚ ਸੋਧ ਕਾਨੂੰਨ ਪਾਸ ਕੀਤੇ ਸਨ। ਉਨ੍ਹਾਂ ਕਿਹਾ, “ਹੁਣ ਸਮਾਂ ਕਿਸਾਨਾਂ ਵੱਲੋਂ ਬਦਲੇ ਵਿਚ ਮਹਾਮਾਰੀ ਵਿਰੁੱਧ ਲੜਾਈ ਵਿਚ ਸੂਬਾ ਸਰਕਾਰ ਨਾਲ ਸਹਿਯੋਗ ਕਰਨ ਦਾ ਹੈ।

ਮੁੱਖ ਮੰਤਰੀ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਪੰਜਾਬ ਵਿਚ ਕੋਵਿਡ ਦੀ ਦੂਜੀ ਲਹਿਰ ਦੇ ਸਿਖਰ ਦੌਰਾਨ ਵੀ ਹਾਲਾਤ ਕਾਬੂ ਤੋਂ ਬਾਹਰ ਨਹੀਂ ਹੋਏ ਜਿਵੇਂ ਕਿ ਕੁਝ ਦੂਜੇ ਸੂਬਿਆਂ ਵਿਚ ਵਾਪਰਿਆ ਹੈ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਪ੍ਰਬੰਧਨ ਦੇ ਸਬੰਧ ਵਿੱਚ ਹੁਣ ਤੱਕ ਸੂਬਾ ਬਿਹਤਰ ਕਾਰਗੁਜਾਰੀ ਦਿਖਾਉਣ ਵਾਲਿਆਂ ਵਿੱਚੋਂ ਇਕ ਹੈ। ਉਨ੍ਹਾਂ ਕਿਹਾ ਕਿ ਆਕਸਜੀਨ ਦੀ ਸਪਲਾਈ ਦੀ ਘਾਟ ਦੇ ਬਾਵਜੂਦ ਹਸਪਤਾਲਾਂ ਵਿਚ ਆਕਸੀਜਨ ਦੀ ਵੱਡੀ ਪੱਧਰ ਉਤੇ ਕੋਈ ਕਮੀ ਨਹੀਂ ਹੋਈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ, ਮੈਡੀਕਲ ਭਾਈਚਾਰੇ ਦੇ ਲੋਕ, ਪੁਲੀਸ, ਸਿਵਲ ਪ੍ਰਸ਼ਾਸਨ ਅਤੇ ਪਿੰਡ ਦੀਆਂ ਪੰਚਾਇਤਾਂ (ਜੋ ਠੀਕਰੀ ਪਹਿਰੇ ਲਾ ਰਹੀਆਂ ਹਨ) ਦੇ ਯਤਨਾਂ ਸਦਕਾ ਪੰਜਾਬ ਵਿਚ ਸਫਲਤਾਪੂਰਵਕ ਢੰਗ ਨਾਲ 22 ਮਈ ਤੱਕ ਕੋਵਿਡ ਕੇਸ ਦੀ ਗਿਣਤੀ 5421 ਤੱਕ ਪਹੁੰਚ ਗਈ ਅਤੇ 201 ਮੌਤਾਂ ਹੋਈਆਂ ਜਦਕਿ ਮਹਿਜ਼ ਦੋ ਹਫ਼ਤੇ ਪਹਿਲਾਂ ਕੇਸਾਂ ਦੀ ਗਿਣਤੀ 10,000 ਤੱਕ ਸੀ।
-PTCNews

adv-img
adv-img