ਮੁੱਖ ਖਬਰਾਂ

ਕਾਂਗਰਸ ਸਰਕਾਰ ਹਰੀਕੇ 'ਤੇ ਪਾਣੀ ਦੀ ਸਪਲਾਈ ਵਧਾਏ: ਸੁਖਬੀਰ ਬਾਦਲ

By Jashan A -- June 09, 2019 9:06 am -- Updated:Feb 15, 2021

ਕਾਂਗਰਸ ਸਰਕਾਰ ਹਰੀਕੇ 'ਤੇ ਪਾਣੀ ਦੀ ਸਪਲਾਈ ਵਧਾਏ: ਸੁਖਬੀਰ ਬਾਦਲ,ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੀਣ ਲਈ ਅਤੇ ਸਿੰਚਾਈ ਵਾਸਤੇ ਨਹਿਰੀ ਪਾਣੀ ਉਤੇ ਨਿਰਭਰ ਮਾਲਵਾ ਖੇਤਰ ਦੇ ਹਜ਼ਾਰਾਂ ਕਿਸਾਨਾਂ ਦੀ ਬਹੁਤ ਹੀ ਬੁਰੀ ਹਾਲਤ ਹੈ, ਕਿਉਂਕਿ ਕਾਂਗਰਸ ਸਰਕਾਰ ਹਰੀਕੇ ਹੈਡਵਰਕਸ ਉੱਤੇ ਪਾਣੀ ਦੀ ਸਪਲਾਈ ਵਧਾਉਣ ਲਈ ਕੋਈ ਯਤਨ ਨਹੀਂ ਕਰ ਰਹੀ ਹੈ।ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਫਾਜ਼ਿਲਕਾ, ਫਿਰੋਜ਼ਪੁਰ, ਮੁਕਤਸਰ ਅਤੇ ਫਰੀਦਕੋਟ ਦੇ ਪਿੰਡਾਂ ਵਿਚ ਪੀਣ ਵਾਲੇ ਪਾਣੀ ਦੀ ਬਹੁਤ ਜ਼ਿਆਦਾ ਕਮੀ ਹੈ।

ਨਹਿਰੀ ਪਾਣੀ ਦੀ ਲੋੜੀਂਦੀ ਸਪਲਾਈ ਨਾ ਹੋਣ ਕਰਕੇ ਇਹਨਾਂ ਜ਼ਿਲ੍ਹਿਆਂ ਵਿਚ ਨਰਮੇ ਦੀ ਫਸਲ ਵੀ ਸੁੱਕਣੀ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਇਹਨਾਂ ਇਲਾਕਿਆਂ ਵਿਚ ਧਰਤੀ ਹੇਠਲਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਲੋਕਾਂ ਨੂੰ ਪੀਣ ਵਾਲਾ ਪਾਣੀ ਹਾਸਿਲ ਕਰਨ ਲਈ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਾਣੀ ਦੀ ਕਮੀ ਕਰਕੇ ਬਹੁਤ ਸਾਰੀਆਂ ਥਾਂਵਾਂ ਉਤੇ ਨਰਮੇ ਦੀ ਫਸਲ ਮੁਰਝਾਉਣੀ ਸ਼ੁਰੂ ਹੋ ਗਈ ਹੈ।

ਹੋਰ ਪੜ੍ਹੋ:ਦੂਰ ਅੰਦੇਸ਼ੀ ਦੀ ਘਾਟ ਕਾਰਨ ਪੰਜਾਬ ‘ਚ ਮੈਡੀਕਲ ਐਜੂਕੇਸ਼ਨ ਅਤੇ ਸਿਹਤ ਸੁਵਿਧਾਵਾਂ ਦਾ ਬੈਠਿਆ ਭੱਠਾ: ਦਲਜੀਤ ਚੀਮਾ

ਇਸ ਨੂੰ ਬੰਦੇ ਦੀ ਸਹੇੜੀ ਸਮੱਸਿਆ ਕਰਾਰ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਘੂਕ ਨੀਂਦ ਸੁੱਤੀ ਪਈ ਹੈ ਅਤੇ ਇਸ ਨੇ ਇਹਨਾਂ ਜ਼ਿਲ੍ਹਿਆਂ ਵਾਸਤੇ ਭਾਖੜਾ ਡੈਮ ਤੋਂ ਪਾਣੀ ਨਹੀਂ ਛੱਡਿਆ ਹੈ। ਸਰਦਾਰ ਬਾਦਲ ਨੇ ਤੁਰੰਤ ਇਹਨਾਂ ਜ਼ਿਲ੍ਹਿਆਂ ਅੰਦਰ ਪਾਣੀ ਦੀ ਸਪਲਾਈ ਵਧਾਉਣ ਦੀ ਮੰਗ ਕੀਤੀ।

ਸੂਬਾ ਸਰਕਾਰ ਨੂੰ ਕਿਸਾਨਾਂ ਦੀ ਸਮੱਸਿਆਂ ਤੁਰੰਤ ਦੂਰ ਕਰਨ ਲਈ ਆਖਦਿਆਂ ਬਾਦਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਦੋਂ ਝੋਨਾ ਲਾਉਣ ਵਾਸਤੇ ਵਧੇਰੇ ਪਾਣੀ ਦੀ ਲੋੜ ਹੋਵੇਗੀ ਤਾਂ ਇਹ ਸਮੱਸਿਆ ਹੋਰ ਵੀ ਭਿਆਨਕ ਰੂਪ ਧਾਰਨ ਕਰ ਲਵੇਗੀ। ਉਹਨਾਂ ਕਿਹਾ ਕਿ ਇਸ ਲਈ ਚੰਗਾ ਹੋਵੇਗਾ ਕਿ ਸੂਬਾਈ ਕੈਬਨਿਟ ਇੱਕ ਦੂਜੇ ਨੂੰ ਵਧਾਈਆਂ ਦੇਣੀਆਂ ਅਤੇ ਲੱਡੂ ਖੁਆਉਣੇ ਬੰਦ ਕਰਕੇ ਮਾਲਵਾ ਖੇਤਰ ਦੇ ਕਿਸਾਨਾਂ ਨੂੰ ਦਰਪੇਸ਼ ਪੀਣ ਵਾਲੇ ਅਤੇ ਸਿੰਚਾਈ ਵਾਲੇ ਪਾਣੀ ਦੀ ਸਮੱਸਿਆ ਨੂੰ ਦੂਰ ਕਰੇ।

-PTC News