ਕਾਂਗਰਸ ਸਰਕਾਰ ਜਾਣ ਬੁੱਝ ਕੇ ਸਰਕਾਰੀ ਲਾਪਰਵਾਹੀ ਦੇ ਘਿਨੌਣੇ ਕੇਸਾਂ 'ਚ ਜਾਂਚ ਨੂੰ ਲਟਕਾ ਰਹੀ ਹੈ: ਸ਼੍ਰੋਮਣੀ ਅਕਾਲੀ ਦਲ

By Jashan A - September 22, 2019 7:09 pm

ਕਾਂਗਰਸ ਸਰਕਾਰ ਜਾਣ ਬੁੱਝ ਕੇ ਸਰਕਾਰੀ ਲਾਪਰਵਾਹੀ ਦੇ ਘਿਨੌਣੇ ਕੇਸਾਂ 'ਚ ਜਾਂਚ ਨੂੰ ਲਟਕਾ ਰਹੀ ਹੈ: ਸ਼੍ਰੋਮਣੀ ਅਕਾਲੀ ਦਲ

ਬਿਕਰਮ ਮਜੀਠੀਆ ਵੱਲੋਂ ਦੋਸ਼ੀ ਕਾਂਗਰਸੀ ਆਗੂਆਂ ਅਤੇ ਅਧਿਕਾਰੀਆਂ ਖ਼ਿਲਾਫ ਸੀਬੀਆਈ ਜਾਂਚ ਦੀ ਮੰਗ

ਕਿਹਾ ਕਿ ਮੁੱਖ ਮੰਤਰੀ ਦੀ ਭਰੋਸੇਯੋਗਤਾ ਉੱਤੇ ਸੁਆਲ ਉੱਠਦਾ ਹੈ, ਕਿਉਂਕਿ ਉਸ ਨੇ ਤੈਅ ਸੀਮਾ ਅੰਦਰ ਜਾਂਚ ਦੇ ਹੁਕਮ ਦਿੱਤੇ ਸਨ

ਕਾਂਗਰਸੀ ਹਕੂਮਤ ਦੌਰਾਨ ਹੋਏ 10 ਦੁਖਦਾਈ ਹਾਦਸਿਆਂ ਦੀ ਜਾਂਚ ਜਨਤਕ ਕਰਨ, ਜ਼ਿੰਮੇਵਾਰੀ ਤੈਅ ਕਰਨ ਅਤੇ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਅਤੇ ਨੌਕਰੀਆਂ ਦੇਣ ਦੀ ਮੰਗ ਕੀਤੀ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਲਈ ਮਨੁੱਖੀ ਜ਼ਿੰਦਗੀਆਂ ਦੀ ਕੋਈ ਕੀਮਤ ਨਹੀਂ ਹੈ ਅਤੇ ਇਹ ਸਰਕਾਰੀ ਲਾਪਰਵਾਹੀ ਦੇ ਘਿਨੌਣੇ ਕੇਸਾਂ ਦੀ ਜਾਂਚ ਨੂੰ ਜਾਣ ਬੁੱਝ ਕੇ ਲਟਕਾ ਰਹੀ ਹੈ ਅਤੇ ਪਿਛਲੇ ਸਾਲ ਅੰਮ੍ਰਿਤਸਰ ਦੁਸਹਿਰਾ ਹਾਦਸੇ ਅਤੇ ਇਸ ਮਹੀਨੇ ਬਟਾਲਾ ਦੀ ਪਟਾਕਾ ਫੈਕਟਰੀ 'ਚ ਧਮਾਕੇ ਦੇ ਪੀੜਤਾਂ ਨੂੰ ਇਨਸਾਫ ਦੇਣ ਤੋਂ ਇਨਕਾਰ ਕਰ ਰਹੀ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹਨਾਂ ਕਾਂਗਰਸੀ ਆਗੂਆਂ ਅਤੇ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਇਹ ਭਿਆਨਕ ਹਾਦਸੇ ਵਾਪਰੇ ਹਨ, ਉਹਨਾਂ ਨੂੰ ਫੜਣ ਲਈ ਇਹਨਾਂ ਸਾਰੇ ਮਾਮਲਿਆਂ ਦੀ ਸੀਬੀਆਈ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਇਸ ਜਾਂਚ ਵਿਚ ਇਹ ਪੜਤਾਲ ਹੋਣੀ ਚਾਹੀਦੀ ਹੈ ਕਿ ਕਾਂਗਰਸ ਸਰਕਾਰ ਦੇ ਹੁਕਮ ਉੱਤੇ ਸ਼ੁਰੂ ਕੀਤੀਆਂ ਜਾਂਚਾਂ ਨੂੰ ਲਟਕਾਇਆ ਕਿਉਂ ਗਿਆ ਹੈ ਅਤੇ ਜਾਂਚ ਦੇ ਨਤੀਜਿਆਂ ਨੂੰ ਜਨਤਕ ਕਿਉਂ ਨਹੀਂ ਕੀਤਾ ਹੈ ਅਤੇ ਦੋਸ਼ੀ ਕਾਂਗਰਸੀਆਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ।

ਹੋਰ ਪੜ੍ਹੋ:ਹਰਸਿਮਰਤ ਕੌਰ ਬਾਦਲ ਵੱਲੋਂ ਪ੍ਰੈਸ ਕਾਨਫਰੰਸ, ਮੋਦੀ ਸਰਕਾਰ ਦੇ 100 ਦਿਨ ਪੂਰੇ ਹੋਣ 'ਤੇ ਗਿਣਵਾਈਆਂ ਪ੍ਰਾਪਤੀਆਂ

ਉਹਨਾਂ ਕਿਹਾ ਕਿ ਸਾਰੇ ਦੋਸ਼ੀ ਆਗੂਆਂ ਅਤੇ ਅਧਿਕਾਰੀਆਂ ਖ਼ਿਲਾਫ ਐਫਆਈਆਰਜ਼ ਦਰਜ ਕਰਨੀਆਂ ਚਾਹੀਦੀਆਂ ਹਨ ਅਤੇ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।ਇਹ ਟਿੱਪਣੀ ਕਰਦਿਆਂ ਕਿ ਕਿਸੇ ਵੀ ਲੋਕਤੰਤਰ ਵਿਚ ਮਨੁੱਖੀ ਜ਼ਿੰਦਗੀਆਂ ਦੇ ਨੁਕਸਾਨ ਨੂੰ ਅਣਦੇਖਾ ਕਰਨਾ ਅਤੇ ਉਸ ਲਈ ਜ਼ਿੰਮੇਵਾਰੀ ਤੈਅ ਕਰਨ 'ਚ ਨਾਕਾਮ ਹੋਣਾ ਬਰਦਾਸ਼ਤਯੋਗ ਨਹੀਂ ਹੁੰਦਾ, ਮਜੀਠੀਆ ਨੇ ਕਿਹਾ ਕਿ ਸੱਚਾਈ ਨੂੰ ਦਬਾਇਆ ਜਾ ਰਿਹਾ ਹੈ ਅਤੇ ਅਪਰਾਧਿਕ ਲਾਪਰਵਾਹੀ ਲਈ ਜ਼ਿੰਮੇਵਾਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੂੰ ਬਚਾਇਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਆਮ ਆਦਮੀ ਨੂੰ ਇਨਸਾਫ ਦੇਣ ਪ੍ਰਤੀ ਅਜਿਹੇ ਲਾਪਰਵਾਹ ਵਤੀਰੇ ਨੇ ਮੁੱਖ ਮੰਤਰੀ ਦੀ ਭਰੋਸੇਯੋਗਤਾ ਉੱਪਰ ਸੁਆਲ ਖੜ੍ਹਾ ਕਰ ਦਿੱਤਾ ਹੈ, ਜਿਸ ਨੇ ਇਹਨਾਂ ਕੇਸਾਂ ਵਿਚ ਤੈਅ ਸੀਮਾ ਅੰਦਰ ਜਾਂਚ ਕਰਵਾਉਣ ਦਾ ਹੁਕਮ ਦਿੱਤਾ ਸੀ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਦੁਸਹਿਰਾ ਹਾਦਸਾ ਕੇਸ ਵਿਚ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜਾਂਚ ਦੀ ਰਿਪੋਰਟ ਚਾਰ ਹਫ਼ਤਿਆਂ ਦੇ ਅੰਦਰ ਜਨਤਕ ਕੀਤੀ ਜਾਵੇਗੀ। ਉੁਹਨਾਂ ਕਿਹਾ ਕਿ ਇਸ ਹਾਦਸੇ ਨੂੰ ਲਗਭਗ ਇੱਕ ਸਾਲ ਬੀਤ ਗਿਆ ਅਤੇ ਪੀੜਤ ਪਰਿਵਾਰਾਂ ਨੇ ਹੁਣ ਰੋਸ ਵਜੋਂ ਸੜਕਾਂ ਉੱਤੇ ਆਉਣ ਦਾ ਐਲਾਨ ਕੀਤਾ ਹੈ, ਕਿਉਂਕਿ ਅਜੇ ਤਕ ਇਸ ਹਾਦਸੇ ਦੀ ਜਾਂਚ ਰਿਪੋਰਟ ਜਾਰੀ ਨਹੀਂ ਕੀਤੀ ਗਈ ਹੈ।

ਉਹਨਾਂ ਕਿਹਾ ਕਿ ਕਾਂਗਰਸੀ ਕੌਂਸਲਰ ਮਿੱਠੂ ਮਦਾਨ, ਨਵਜੋਤ ਸਿੱਧੂ ਅਤੇ ਉਸ ਦੀ ਪਤਨੀ ਡਾਕਟਰ ਨਵਜੋਤ ਕੌਰ ਉਹਨਾਂ 59 ਲੋਕਾਂ ਦੀ ਮੌਤ ਲਈ ਜ਼ਿੰਮੇਵਾਰ ਸਨ, ਜਿਹੜੇ ਅੰਮ੍ਰਿਤਸਰ ਵਿਚ ਜੋੜਾ ਫਾਟਕ ਨੇੜੇ ਰਾਵਣ ਦੇ ਪੁਤਲੇ ਜਲਾਉਣ ਸਮੇਂ ਇੱਕ ਤੇਜ਼ ਰਫਤਾਰ ਗੱਡੀ ਥੱਲੇ ਆ ਕੇ ਕੁਚਲੇ ਗਏ ਸਨ। ਅਕਾਲੀ ਆਗੂ ਨੇ ਕਿਹਾ ਕਿ ਉਸ ਸਮੇਂ ਦੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਪੀੜਤ ਪਰਿਵਾਰਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਅਤੇ ਇਹ ਵਾਅਦਾ ਹੁਣ ਤਕ ਪੂਰਾ ਨਹੀਂ ਕੀਤਾ ਗਿਆ।

ਮਜੀਠੀਆ ਨੇ ਕਿਹਾ ਕਿ ਲੰਘੀ 4 ਸਤੰਬਰ ਨੂੰ ਬਟਾਲਾ ਦੇ ਰਿਹਾਇਸ਼ੀ ਇਲਾਕੇ ਵਿਚ ਚਲਾਈ ਜਾ ਰਹੀ ਇੱਕ ਪਟਾਕਾ ਫੈਕਟਰੀ ਵਿਚ ਹੋਏ ਇੱਕ ਹੋਰ ਭਿਆਨਕ ਹਾਦਸੇ ਦੀ ਜਾਂਚ ਦੀ ਜ਼ਿੰਮੇਵਾਰੀ ਗੁਰਦਾਸਪੁਰ ਦੇ ਏਡੀਸੀ (ਜਨਰਲ) ਨੂੰ ਦਿੱਤੀ ਗਈ ਸੀ ਅਤੇ ਉਹ ਅਧਿਕਾਰੀ ਜਾਂਚ ਰਿਪੋਰਟ ਜਮ੍ਹਾਂ ਕਰਵਾਏ ਬਿਨਾਂ ਵਿਦੇਸ਼ ਚਲਾ ਗਿਆ ਹੈ।

ਉਹਨਾਂ ਕਿਹਾ ਕਿ ਇਸ ਕੇਸ ਵਿਚ 23 ਜਾਨਾਂ ਗਈਆਂ ਸਨ ਅਤੇ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਜਾਂਚ ਰਿਪੋਰਟ ਚਾਰ ਹਫ਼ਤਿਆਂ ਅੰਦਰ ਮੁਕੰਮਲ ਹੋ ਜਾਵੇਗੀ। ਉਹਨਾਂ ਕਿਹਾ ਕਿ ਹੁਣ ਜ਼ਿਲ੍ਹਾ ਪ੍ਰਸਾਸ਼ਨ ਇਹ ਕਹਿ ਰਿਹਾ ਹੈ ਕਿ ਇਸ ਰਿਪੋਰਟ ਨੂੰ ਤਿਆਰ ਕਰਨ ਵਿਚ ਮਹੀਨੇ ਲੱਗਣਗੇ। ਉਹਨਾਂ ਕਿਹਾ ਕਿ ਸਪੱਸ਼ਟ ਹੈ ਕਿ ਇਹ ਦੋਸ਼ੀ ਕਾਂਗਰਸੀਆਂ ਅਤੇ ਉਹਨਾਂ ਅਧਿਕਾਰੀਆਂ ਨੂੰ ਬਚਾਉਣ ਦੀ ਇੱਕ ਕੋਸ਼ਿਸ਼ ਹੈ, ਜਿਹਨਾਂ ਨੇ 2017 ਤੋਂ ਰਿਹਾਇਸ਼ੀ ਇਲਾਕੇ ਅੰਦਰ ਪਟਾਕਾ ਫੈਕਟਰੀ ਨੂੰ ਚੱਲਣ ਦਿੱਤਾ ਸੀ।

ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਸਰਕਾਰ ਪਿਛਲੇ ਦੋ ਸਾਲਾਂ ਦੌਰਾਨ ਸਰਕਾਰੀ ਲਾਪਰਵਾਹੀ ਸਦਕਾ ਵਾਪਰੇ ਹਾਦਸਿਆਂ ਦੇ ਪੀੜਤਾਂ ਨਾਲ ਇੱਕੋ ਜਿਹਾ ਵਿਵਹਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਲੁਧਿਆਣਾ ਵਿਚ ਇੱਕ ਲਫਾਫੇ ਬਣਾਉਣ ਵਾਲੀ ਫੈਕਟਰੀ ਅੰਦਰ ਹੋਏ ਹਾਦਸੇ ਵਿਚ 9 ਅੱਗ ਬੁਝਾਊ ਦਸਤੇ ਦੇ ਕਰਮਚਾਰੀਆਂ ਸਣੇ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਅਜੇ ਤਕ ਇਸ ਦੀ ਜਾਂਚ ਰਿਪੋਰਟ ਜਨਤਕ ਨਹੀਂ ਕੀਤੀ ਗਈ।

ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹਾਦਸੇ ਦੀ ਜਾਂਚ ਦਾ ਐਲਾਨ ਕੀਤਾ ਸੀ, ਜਿਸ ਅੰਦਰ ਭਾਰੀ ਮਾਤਰਾ ਵਿਚ ਰਸਾਇਣਾਂ ਦਾ ਭੰਡਾਰ ਜਮ੍ਹਾਂ ਕੀਤਾ ਗਿਆ ਸੀ ਅਤੇ ਇਮਾਰਤ ਨੂੰ ਗੈਰਕਾਨੂੰਨੀ ਢੰਗ ਨਾਲ ਉੱਚਾ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਹੁਣ ਤਕ ਇਸ ਮਾਮਲੇ ਵਿਚ ਕਿਸੇ ਦੀ ਅਧਿਕਾਰੀ ਨੂੰ ਦੋਸ਼ੀ ਨਹੀਂ ਠਹਿਰਾਇਆ ਅਤੇ ਨਾ ਹੀ ਕਿਸੇ ਨੂੰ ਮੁਅੱਤਲ ਕੀਤਾ ਗਿਆ ਹੈ।

ਮਜੀਠੀਆ ਨੇ ਮੰਗ ਕੀਤੀ ਕਿ ਆਨੰਦਪੁਰ ਸਾਹਿਬ ਵਿਖੇ 50 ਦੁਕਾਨਾਂ ਸੜਣ, ਲੁਧਿਆਣਾ 'ਚ ਹੌਜ਼ਰੀ, ਕੱਪੜਿਆਂ ਦੀ ਫੈਕਟਰੀ ਅਤੇ ਸੜਕ ਉੱਤੇ ਲੱਗੀਆਂ ਅੱਗਾਂ, ਅੰਮ੍ਰਿਤਸਰ ਅਤੇ ਤਰਨ ਤਾਰਨ ਵਿਚ ਹੋਏ ਧਮਾਕਿਆਂ ਅਤੇ 2017 ਵਿਚ ਪਟਾਕਾ ਫੈਕਟਰੀ ਵਿਚ ਹੋਏ ਧਮਾਕੇ ਸਮੇਤ ਸਰਕਾਰੀ ਲਾਪਰਵਾਹੀ ਦੇ ਸਾਰੇ ਦਸ ਮਾਮਲਿਆਂ ਦੀਆਂ ਰਿਪੋਰਟਾਂ ਨੂੰ ਤੁਰੰਤ ਜਨਤਕ ਕੀਤਾ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਅਕਾਲੀ ਦਲ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਇੱਕ ਅੰਦੋਲਨ ਸ਼ੁਰੂ ਕਰੇਗਾ ਅਤੇ ਸਰਕਾਰ ਨੂੰ ਉਹਨਾਂ ਨੂੰ ਮੁਆਵਜ਼ਾ ਅਤੇ ਸਰਕਾਰੀ ਨੌਕਰੀਆਂ ਦੇਣ ਲਈ ਮਜ਼ਬੂਰ ਕਰੇਗਾ।

-PTC News

adv-img
adv-img