ਪੰਜਾਬ ‘ਚ ਅਮਨ-ਕਾਨੂੰਨ ਨਾਮ ਦੀ ਕੋਈ ਸ਼ੈਅ ਨਹੀਂ ਹੈ: ਸੁਖਬੀਰ ਬਾਦਲ

ਪੰਜਾਬ ‘ਚ ਅਮਨ-ਕਾਨੂੰਨ ਨਾਮ ਦੀ ਕੋਈ ਸ਼ੈਅ ਨਹੀਂ ਹੈ: ਸੁਖਬੀਰ ਬਾਦਲ,ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਉਹ ਆਪਣੇ ਬੋਲੋੜੇ ਰੁਝੇਂਵਿਆਂ ਵਿਚੋਂ ਕੁੱਝ ਸਮਾਂ ਸੂਬੇ ਦੇ ਪ੍ਰਸਾਸ਼ਨ ਦੀ ਖਬਰਸਾਰ ਲੈਣ ਵਾਸਤੇ ਵੀ ਕੱਢ ਲਿਆ ਕਰਨ, ਕਿਉਂਕਿ ਪੰਜਾਬ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਸ਼ੈਅ ਨਹੀਂ ਬਚੀ ਹੈ। ਬਾਦਲ ਨੇ ਪਟਿਆਲਾ-ਰਾਜਪੁਰਾ ਰੋਡ ਉੱਤੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਨਾਲ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੂਬੇ ਅੰਦਰ ਕੀ ਹੋ ਰਿਹਾ ਹੈ, ਮੁੱਖ ਮੰਤਰੀ ਨੂੰ ਇਸ ਦੀ ਬਿਲਕੁਲ ਵੀ ਪਰਵਾਹ ਨਹੀਂ ਜਾਪਦੀ ਹੈ।

ਇਸ ਤੋਂ ਪਹਿਲਾਂ ਸੰਗਰੂਰ ਵਿਖੇ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਦੀਆਂ ਰਿਪੋਰਟਾਂ ਉਤੇ ਬੇਹੱਦ ਦੁੱਖ ਅਤੇ ਨਿਰਾਸ਼ਾ ਦਾ ਪ੍ਰਗਟਾਵਾ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਇਹ ਕੋਈ ਇਕਲੌਤੀ ਘਟਨਾ ਨਹੀਂ ਹੈ। ਸੂਬੇ ਅੰਦਰ ਥਾਂ ਥਾਂ ਉੱਤੇ ਬਲਾਤਕਾਰ ਅਤੇ ਕਤਲ ਦੀਆਂ ਘਟਨਾਵਾਂ ਹੋ ਰਹੀਆਂ ਹਨ। ਅਮਨ-ਕਾਨੂੰਨ ਦੀ ਇੰਨੀ ਮਾੜੀ ਹਾਲਤ ਹੈ ਕਿ ਨਾ ਕਿਸੇ ਦੀ ਜ਼ਿੰਦਗੀ ਸੁਰੱਖਿਅਤ ਰਹੀ ਹੈ ਅਤੇ ਨਾ ਹੀ ਸੰਪਤੀ ਹੈ।

ਬਾਦਲ ਨੇ ਮੁੱਖ ਮੰਤਰੀ ਨੂੰ ਪੁੱਛਿਆ ਕਿ ਕੀ ਉਹ ਸੂਬੇ ਅੰਦਰ ਵਾਪਰ ਰਹੀਆਂ ਬਲਾਤਕਾਰਾਂ ਅਤੇ ਕਤਲਾਂ ਦੀ ਘਟਨਾਵਾਂ ਦੀ ਸਿੱਧੀ ਜ਼ਿੰਮੇਵਾਰੀ ਲੈਣਗੇ, ਕਿਉਂਕਿ ਅਕਾਲੀ-ਭਾਜਪਾ ਸਰਕਾਰ ਵੇਲੇ ਉਹ ਮੁੱਖ ਮੰਤਰੀ ਨੂੰ ਅਜਿਹੀਆਂ ਘਟਨਾਵਾਂ ਲਈ ਦੋਸ਼ੀ ਠਹਿਰਾਉਦੇ ਹੁੰਦੇ ਸਨ। ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਆਪਣੇ ਮੁੱਖ ਮੰਤਰੀ ਨੂੰ ਲੱਭ ਰਹੇ ਹਨ, ਜਿਸ ਦੇ ਟਿਕਾਣੇ ਹੁਣ ਸਭ ਤੋਂ ਵੱਡਾ ਰਹੱਸ ਬਣ ਚੁੱਕੇ ਹਨ।

ਹੋਰ ਪੜ੍ਹੋ:ਪ੍ਰਸਾਸ਼ਨ ਦੀ ਲਾਪਰਵਾਹੀ ਕਾਰਨ “ਸ਼ਾਹੀ ਸ਼ਹਿਰ” ਦੇ ਵਾਸੀ ਨਰਕ ਭਰੀ ਜ਼ਿੰਦਗੀ ਜੀਊਣ ਨੂੰ ਮਜਬੂਰ, ਮੁੱਖ ਮੰਤਰੀ ਦੇ ਸ਼ਹਿਰ ਦਾ ਸੀਵਰੇਜ ਸਿਸਟਮ ਰੱਬ ਆਸਰੇ

ਇੱਥੋਂ ਤਕ ਕਿ ਮੁੱਖ ਮੰਤਰੀ ਦੇ ਕੈਬਨਿਟ ਸਾਥੀਆਂ ਅਤੇ ਅਧਿਕਾਰੀਆਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਹ ਕਿੱੱਥੇ ਹੈ?ਅਜਿਹੇ ਹਾਲਾਤਾਂ ਵਿਚ ਪੰਜਾਬ ਇੱਕ ਮੁਖੀ-ਵਿਹੂਣਾ ਸੂਬਾ ਬਣ ਚੁੱਕਿਆ ਹੈ।ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿਰਫ ਚੋਣ ਪ੍ਰਚਾਰ ਲਈ ਅਮਰਿੰਦਰ ਆਪਣੀ ਐਸ਼ਪ੍ਰਸਤੀ ਵਿਚੋਂ ਬਾਹਰ ਨਿਕਲਿਆ ਸੀ। ਇਸ ਤੋਂ ਇਲਾਵਾ ਤਾਂ ਸੂਬੇ ਦੇ ਲੋਕਾਂ ਨੂੰ ਮੁੱਖ ਮੰਤਰੀ ਦੀ ਖ਼ਬਰ ਉਸ ਸਮੇਂ ਹੀ ਲੱਗਦੀ ਹੈ, ਜਦੋਂ ਉਹ ਪਾਰਟੀ ਅੰਦਰ ਆਪਣੇ ਵਿਰੋਧੀਆਂ ਨੂੰ ਖੁੱਡੇ ਲਾਇਨ ਲਾ ਰਿਹਾ ਹੁੰਦਾ ਹੈ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਅਤੇ ਨਵਜੋਤ ਸਿੱਧੂ ਵਿਚਕਾਰ ਹੁੰਦੀਆਂ ਹਾਸੋਹੀਣੀਆਂ ਲੜਾਈਆਂ ਨੇ ਪਹਿਲਾਂ ਹੀ ਸਰਕਾਰ ਦੀ ਬਹੁਤ ਸਾਰੀ ਊਰਜਾ ਚੂਸ ਲਈ ਹੈ। ਇਸ ਸਮੇਂ ਸੂਬੇ ਅੰਦਰ ਇਹੋ ਇੱਕ ਸਰਕਾਰੀ ਗਤੀਵਿਧੀ ਹੋ ਰਹੀ ਹੈ।

-PTC News