ਮੁੱਖ ਖਬਰਾਂ

ਪੰਜਾਬ ਦੇ ਮੁਲਾਜ਼ਮਾਂ ਨੇ ਬਜਟ ਸੈਸ਼ਨ ਦੌਰਾਨ ਕੈਪਟਨ ਸਰਕਾਰ ਨੂੰ ਚੁਫੇਰਿਓਂ ਘੇਰਨ ਦੀ ਬਣਾਈ ਰਣਨੀਤੀ

By Jashan A -- February 10, 2020 10:02 am -- Updated:Feb 15, 2021

ਪੰਜਾਬ ਦੇ ਮੁਲਾਜ਼ਮਾਂ ਨੇ ਬਜਟ ਸੈਸ਼ਨ ਦੌਰਾਨ ਕੈਪਟਨ ਸਰਕਾਰ ਨੂੰ ਚੁਫੇਰਿਓਂ ਘੇਰਨ ਦੀ ਬਣਾਈ ਰਣਨੀਤੀ

ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਬਜਟ ਸੈਸ਼ਨ ਦੌਰਾਨ ਕੈਪਟਨ ਸਰਕਾਰ ਨੂੰ ਘੇਰਨਗੀਆਂ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ 25 ਫਰਵਰੀ ਨੂੰ ਪੇਸ਼ ਕੀਤੇ ਜਾ ਰਹੇ ਬਜਟ ਸੈਸ਼ਨ ਦੌਰਾਨ ਪੰਜਾਬ ਦੇ ਮੁਲਾਜ਼ਮਾਂ ਨੇ ਸੂਬਾ ਸਰਕਾਰ ਨੂੰ ਚੁਫੇਰਿਓਂ ਘੇਰਨ ਦੀ ਰਣਨੀਤੀ ਬਣਾ ਲਈ ਹੈ। ਮਿਲੀ ਜਾਣਕਾਰੀ ਮੁਤਾਬਕ 5 ਮੁਲਾਜ਼ਮ ਧਿਰਾਂ ਨੇ ਬਜਟ 'ਚ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਗਰਾਂਟ ਰੱਖਣ ਦੀ ਮੰਗ ਕੀਤੀ ਹੈ।

ਇਸ ਰਣਨੀਤੀ ਤਹਿਤ ਪੰਜਾਬ ਤੇ ਯੂਟੀ ਮੁਲਾਜ਼ਮ ਸੰਘਰਸ਼ ਮੋਰਚਾ ਵੱਲੋਂ 23 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਸੂਬਾਈ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਹੈ।ਦੂਸਰੇ ਪਾਸੇ ਪੰਜਾਬ ਤੇ ਯੂਟੀ ਐਕਸ਼ਨ ਕਮੇਟੀ ਨੇ 24 ਫਰਵਰੀ ਨੂੰ ਮੁਹਾਲੀ 'ਚ ਰੈਲੀ ਕਰਕੇ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਹੈ।

ਤੀਸਰੀ ਧਿਰ ਪੰਜਾਬ ਸਟੇਟ ਮਨਿਸਟੀਰੀਅਲ ਯੂਨੀਅਨ ਨੇ ਕੈਪਟਨ ਸਰਕਾਰ ਦੀਆਂ ਵਾਅਦਾ ਖਿਲਾਫੀਆਂ ਵਿਰੁੱਧ ਸੜਕਾਂ ‘ਤੇ ਉਤਰਨ ਦਾ ਫੈਸਲਾ ਕੀਤਾ। ਜਿਸ ਤਹਿਤ 12 ਤੇ 13 ਫਰਵਰੀ ਨੂੰ ਪੰਜਾਬ ਭਰ 'ਚ ਰੈਲੀਆਂ ਕਰਨ ਤੇ 18 ਫਰਵਰੀ ਨੂੰ ਸਕੱਤਰੇਤ ਤੋਂ ਲੈ ਕੇ ਪੰਜਾਬ ਦੇ ਹਰੇਕ ਜ਼ਿਲ੍ਹੇ 'ਚ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕਣ ਦਾ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਯੂਨੀਅਨ ਵੱਲੋਂ 15 ਫਰਵਰੀ ਨੂੰ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ।

ਹੋਰ ਪੜ੍ਹੋ: ਰਿਲਾਇੰਸ ਜਿਓ ਗਾਹਕਾਂ ਨੂੰ ਝਟਕਾ, ਬੰਦ ਹੋਵੇਗੀ ਇਹ ਸੁਵਿਧਾ 

ਇਸੇ ਤਰਾਂ ਪੈਨਸ਼ਨਰਜ਼ ਫਰੰਟ ਵੱਲੋਂ ਵੀ 24 ਫਰਵਰੀ ਨੂੰ ਮੁਹਾਲੀ ਵਿਖੇ ਰੈਲੀ ਕਰਨ ਉਪਰੰਤ ਵਿਧਾਨ ਸਭਾ ਵੱਲ ਮਾਰਚ ਕੀਤਾ ਜਾਵੇਗਾ। ਉਥੇ ਹੀ ਪੰਜਾਬ ਵੈਟਰਨਰੀ ਇੰਸਪੈਕਟਰਾਂ ਵੱਲੋਂ ਵੀ 21 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨ ਦਾ ਐਲਾਨ ਕਰ ਦਿੱਤਾ ਹੈ। ਵੈਟਰਨਰੀ ਇੰਸਪੈਕਟਰ 21 ਫਰਵਰੀ ਨੂੰ ਪਹਿਲਾਂ ਮੁਹਾਲੀ ਵਿੱਚ ਇਕੱਠੇ ਹੋਣਗੇ ਤੇ ਇੱਥੋਂ ਵਿਧਾਨ ਸਭਾ ਵੱਲ ਕੂਚ ਕਰਨਗੇ।

ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਜਰਮਨਜੀਤ ਸਿੰਘ, ਸੱਜਣ ਸਿੰਘ, ਮੇਘ ਸਿੰਘ ਸਿੱਧੂ, ਪ੍ਰੇਮ ਸਾਗਰ ਸ਼ਰਮਾ ਅਤੇ ਕਿਸ਼ਨ ਚੰਦਰ ਮਹਾਜਨ ਨੇ ਆਪੋ ਆਪਣੇ ਸੰਘਰਸ਼ਾਂ ਦਾ ਐਲਨ ਕੀਤਾ ਹੈ।

ਦੱਸਣਯੋਗ ਹੈ ਕਿ 20 ਫ਼ਰਵਰੀ ਨੂੰ ਵਿਧਾਨ ਸਭਾ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ ਅਤੇ ਸਰਕਾਰ ਬਜਟ 25 ਫਰਵਰੀ ਨੂੰ ਪੇਸ਼ ਕਰੇਗੀ। ਮੁਲਾਜ਼ਮ ਡੀ.ਏ ਦੀਆਂ 22 ਫੀਸਦ ਕਿਸ਼ਤਾਂ ਦੇਣ ਅਤੇ ਤਨਖ਼ਾਹ ਕਮਿਸ਼ਨ ਲਾਗੂ ਕਰਨ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਹਨ।

-PTC News