Thu, Apr 25, 2024
Whatsapp

ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦੇਵੇ ਦਰਜ਼ਾ : ਭਾਈ ਲੌਂਗੋਵਾਲ

Written by  Shanker Badra -- October 11th 2018 07:46 PM
ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦੇਵੇ ਦਰਜ਼ਾ : ਭਾਈ ਲੌਂਗੋਵਾਲ

ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦੇਵੇ ਦਰਜ਼ਾ : ਭਾਈ ਲੌਂਗੋਵਾਲ

ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦੇਵੇ ਦਰਜ਼ਾ :ਭਾਈ ਲੌਂਗੋਵਾਲ:ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ।ਅੱਜ ਇਥੇ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹਿਲੇ ਪਾਤਸ਼ਾਹ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਸਿੰਘ ਸਭਾਵਾਂ, ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਚੀਫ ਖ਼ਾਲਸਾ ਦੀਵਾਨ, ਸੇਵਾ ਸੁਸਾਇਟੀਆਂ ਅਤੇ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਨਾਲ ਇਕੱਤਰਤਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਸੁਲਤਾਨਪੁਰ ਲੋਧੀ ਪਹਿਲੇ ਪਾਤਸ਼ਾਹ ਜੀ ਦੇ ਨਾਲ ਸਬੰਧਤ ਉਹ ਪਾਵਨ ਅਸਥਾਨ ਹੈ ਜਿਥੋਂ ਗੁਰੂ ਸਾਹਿਬ ਜੀ ਨੇ ਗਿਆਨ ਦਾ ਉਪਦੇਸ਼ ਵੰਡਣਾ ਆਰੰਭ ਕੀਤਾ ਸੀ ਅਤੇ ਇਥੋਂ ਹੀ ਗੁਰੂ ਸਾਹਿਬ ਦੇਸ਼ ਵਿਦੇਸ਼ ਦੀਆਂ ਪ੍ਰਚਾਰ ਯਾਤਰਾਵਾਂ ਲਈ ਨਿਕਲੇ ਸਨ। ਉਨ੍ਹਾਂ ਕਿਹਾ ਕਿ ਇਸ ਨਗਰ ਦੀ ਵੱਡੀ ਇਤਿਹਾਸਕ ਮਹੱਤਤਾ ਹੋਣ ਕਰਕੇ ਪੰਜਾਬ ਸਰਕਾਰ ਇਸ ਨੂੰ ਪਵਿੱਤਰ ਸ਼ਹਿਰ ਦਾ ਦਰਜ਼ਾ ਦੇਵੇ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਸਰਕਾਰ ਪਾਸ ਇਹ ਮੰਗ ਲਿਖਤੀ ਤੌਰ ’ਤੇ ਵੀ ਉਠਾਏਗੀ।ਭਾਈ ਲੌਂਗੋਵਾਲ ਨੇ ਕਿਹਾ ਕਿ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਲਗਾਤਾਰ ਦੋ ਦਿਨ ਕੀਤੀਆਂ ਵੱਖ-ਵੱਖ ਇਕੱਤਰਤਾਵਾਂ ਦੌਰਾਨ ਬੇਹਤਰ ਸੁਝਾਅ ਪ੍ਰਾਪਤ ਹੋਏ ਹਨ ਅਤੇ ਸ਼੍ਰੋਮਣੀ ਕਮੇਟੀ ਇਨ੍ਹਾਂ ਨੂੰ ਅਮਲ ਵਿਚ ਲਿਆਉਣ ਲਈ ਅਗਲੀ ਕਾਰਵਾਈ ਕਰੇਗੀ।ਉਨ੍ਹਾਂ ਕਿਹਾ ਕਿ ਸਿੰਧੀ, ਨਿਰਮਲੇ, ਉਦਾਸੀ, ਸਿਕਲੀਗਰ ਤੇ ਅਫਗਾਨੀ ਆਦਿ ਸਾਰੀਆਂ ਗੁਰੂ ਨਾਨਕ ਨਾਮਲੇਵਾ ਸੰਗਤਾਂ ਨੂੰ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਵੇਗਾ ਅਤੇ ਦਿੱਲੀ ਵਿਖੇ ਇਕ ਵਿਸ਼ਾਲ ਸਰਬ ਧਰਮ ਸੰਮੇਲਨ ਕਰਵਾ ਕੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਹਰ ਧਰਮ ਦੇ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾਵੇਗਾ।ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ 22 ਤੇ 23 ਨਵੰਬਰ ਨੂੰ ਪ੍ਰਕਾਸ਼ ਪੁਰਬ ਸਮਾਗਮਾਂ ਦੀ ਸੁਲਤਾਨਪੁਰ ਲੋਧੀ ਤੋਂ ਆਰੰਭਤਾ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਸਾਲ ਭਰ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਸਮਾਗਮ ਦੇਸ਼ ਵਿਦੇਸ਼ ਵਿਚ ਕੀਤੇ ਜਾਣਗੇ।ਉਨ੍ਹਾਂ ਸੁਲਤਾਨਪੁਰ ਲੋਧੀ ਵਿਖੇ ਸ਼ਤਾਬਦੀ ਤੀਕ ਧਰਮ ਪ੍ਰਚਾਰ ਕਮੇਟੀ ਦਾ ਉਪ ਦਫ਼ਤਰ ਸਥਾਪਤ ਕਰਨ ਦਾ ਐਲਾਨ ਵੀ ਕੀਤਾ ਤੇ ਕਿਹਾ ਕਿ ਇਸ ਦਫ਼ਤਰ ਵਿਖੇ ਇਕ ਉੱਚ ਅਧਿਕਾਰੀ ਤਾਇਨਾਤ ਕੀਤਾ ਜਾਵੇਗਾ ਜੋ ਸਮੁੱਚੇ ਸਮਾਗਮਾਂ ਅਤੇ ਸਰਗਰਮੀਆਂ ਦੀ ਨਜ਼ਰਸਾਨੀ ਕਰੇਗਾ। ਭਾਈ ਲੌਂਗੋਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਰਿਦੁਆਰ ਵਿਖੇ ਗੁਰਦੁਆਰਾ ਗਿਆਨ ਗੋਦੜੀ ਦੇ ਮਾਮਲੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਭਾਰਤ ਸਰਕਾਰ ਤੱਕ ਪਹੁੰਚ ਕੀਤੀ ਗਈ ਹੈ ਅਤੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਮੰਗ ਪੱਤਰ ਵੀ ਸੌਂਪਿਆ ਜਾ ਚੁੱਕਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਇਹ ਮਾਮਲਾ ਗੁਰੂ ਸਾਹਿਬ ਦੀ ਸ਼ਤਾਬਦੀ ਤੋਂ ਪਹਿਲਾਂ-ਪਹਿਲਾਂ ਜ਼ਰੂਰ ਹੱਲ ਹੋਵੇਗਾ।ਅੱਜ ਦੀ ਇਕੱਤਰਤਾ ਦੌਰਾਨ ਵੱਡੀ ਗਿਣਤੀ ਵਿਚ ਵੱਖ-ਵੱਖ ਸਿੱਖ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਦੌਰਾਨ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਦਿੱਲੀ ਕਮੇਟੀ ਦੇ ਮੈਂਬਰ ਸੰਤਾ ਸਿੰਘ ਉਮੇਦਪੁਰੀ, ਯੂ.ਕੇ. ਤੋਂ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਤੇ ਭਾਈ ਅਮਰਜੀਤ ਸਿੰਘ ਗੁਲਸ਼ਨ, ਖਾਲਸਾ ਏਡ ਤੋਂ ਭਾਈ ਗੁਰ ਸਾਹਿਬ ਸਿੰਘ, ਚੀਫ ਖ਼ਾਲਸਾ ਦੀਵਾਨ ਤੋਂ ਧੰਨਰਾਜ ਸਿੰਘ, ਅਖੰਡ ਕੀਰਤਨੀ ਜਥੇ ਤੋਂ ਰਤਨ ਸਿੰਘ, ਕੇਂਦਰੀ ਸਿੰਘ ਸਭਾ ਟਾਟਾ ਨਗਰ ਤੋਂ ਭਾਈ ਗੁਰਮੁਖ ਸਿੰਘ, ਇੰਦੌਰ ਤੋਂ ਗੁਰਦੀਪ ਸਿੰਘ ਭਾਟੀਆ, ਭਾਈ ਘਨ੍ਹੱਈਆ ਸੁਸਾਇਟੀ ਤੋਂ ਭਾਈ ਮਨਜੀਤ ਸਿੰਘ, ਈਕੋ ਸਿੱਖ ਤੋਂ ਭਾਈ ਬਲ ਸਿੰਘ, ਭਗਤ ਪੂਰਨ ਸਿੰਘ ਪਿੰਗਲਵਾੜਾ ਤੋਂ ਡਾ. ਇੰਦਰਜੀਤ ਕੌਰ, ਸਟੱਡੀ ਸਰਕਲ ਤੋਂ ਗੁਰਮੀਤ ਸਿੰਘ, ਗਿਆਨੀ ਰਣਜੀਤ ਸਿੰਘ ਗੌਹਰ, ਫੈਡਰੇਸ਼ਨ ਆਗੂ ਭਾਈ ਗੁਰਚਰਨ ਸਿੰਘ ਗਰੇਵਾਲ, ਸੁਖਮਨੀ ਸਾਹਿਬ ਸੁਸਾਇਟੀ ਤੋਂ ਗੁਰਦੀਪ ਸਿੰਘ ਸਲੂਜਾ, ਆਲ ਇੰਡੀਆ ਸਿੰਘ ਸਭਾ ਤੋਂ ਭਾਈ ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਚੰਡੀਗੜ੍ਹ ਦੀਆਂ ਸਭਾ ਸੁਸਾਇਟੀਆਂ ਵੱਲੋਂ ਬੀਬੀ ਹਰਜਿੰਦਰ ਕੌਰ, ਫੋਰ ਐਸ. ਸੰਸਥਾਵਾਂ ਤੋਂ ਪ੍ਰਿੰਸੀਪਲ ਜਗਦੀਸ਼ ਸਿੰਘ, ਭਾਈ ਗੁਰਦਿਆਲ ਸਿੰਘ ਆਦਿ ਨੇ ਸ਼ਤਾਬਦੀ ਸਮਾਗਮਾਂ ਨੂੰ ਯਾਦਗਾਰੀ ਬਣਾਉਣ ਲਈ ਆਪਣੇ ਸੁਝਾਅ ਪੇਸ਼ ਕੀਤੇ।ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਇਕੱਤਰਤਾ ਦੇ ਮਨੋਰਥ ਨੂੰ ਸੰਖੇਪ ਵਿਚ ਸਾਂਝਾ ਕੀਤਾ। ਸਟੇਜ ਦੀ ਸੇਵਾ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਜੌੜਾਸਿੰਘਾ ਨੇ ਨਿਭਾਈ। -PTCNews


Top News view more...

Latest News view more...