ਪੰਜਾਬ ਭਰ ‘ਚ ਅੱਜ ਬੈਂਕ ਖੁੱਲ੍ਹਦੇ ਹੀ ਲੱਗੀਆਂ ਲੰਮੀਆਂ ਲਾਈਨਾਂ,ਸਰਕਾਰੀ ਹਦਾਇਤਾਂ ਨੂੰ ਕੀਤਾ ਦਰਕਿਨਾਰ

punjab-lockdown-serpentine-queues-of-customers-witnessed-outside-bank-branches-statewide
ਪੰਜਾਬ ਭਰ 'ਚ ਅੱਜ ਬੈਂਕ ਖੁੱਲ੍ਹਦੇ ਹੀ ਲੱਗੀਆਂ ਲੰਮੀਆਂ ਲਾਈਨਾਂ, ਸਰਕਾਰੀ ਹਦਾਇਤਾਂ ਨੂੰ ਕੀਤਾ ਦਰਕਿਨਾਰ      

ਪੰਜਾਬ ਭਰ ‘ਚ ਅੱਜ ਬੈਂਕ ਖੁੱਲ੍ਹਦੇ ਹੀ ਲੱਗੀਆਂ ਲੰਮੀਆਂ ਲਾਈਨਾਂ,ਸਰਕਾਰੀ ਹਦਾਇਤਾਂ ਨੂੰ ਕੀਤਾ ਦਰਕਿਨਾਰ:ਚੰਡੀਗੜ੍ਹ : ਪੰਜਾਬ ‘ਚ ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ ‘ਚ ਢਿੱਲ ਦਿੰਦਿਆਂ ਸਰਕਾਰੀ ਹੁਕਮਾਂ ‘ਤੇ ਸਾਰੀਆਂ ਬੈਂਕਾਂ ਦੋ ਦਿਨ (30-31 ਮਾਰਚ ) ਲਈ ਖੋਲ੍ਹੀਆਂ ਗਈਆਂ ਹਨ। ਉੱਥੇ ਹੀ ਇਹ ਬੈਂਕਾਂ ਨੂੰ ਅਪ੍ਰੈਲ ਮਹੀਨੇ ਦੀ ਸ਼ੁਰੂਆਤ ਤੋਂ ਹਫ਼ਤੇ ‘ਚ ਦੋ ਦਿਨ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਉੱਥੇ ਹੀ ਭੀੜ ਨਾ ਇਕੱਠੀ ਕਰਨ ਦੀਆਂ ਸਰਕਾਰੀ ਹਦਾਇਤਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਬੈਂਕਾਂ ਦੇ ਖੁੱਲ੍ਹਦੇ ਹੀ ਅੱਜ ਸ਼ਹਿਰਾਂ ਵਿੱਚ ਬੈਂਕਾਂ ਦੇ ਅੱਗੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈ ਹਨ। ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਕਰਫਿਊ ਦੇ ਚੱਲਦੇ ਏਟੀਐੱਮ ਵਿੱਚ ਪੈਸੇ ਖ਼ਤਮ ਹੋ ਗਏ ਸਨ। ਜਿੱਥੇ ਬ੍ਰਾਂਚਾਂ ਨਾ ਖੁੱਲ੍ਹਣ ਕਾਰਨ ਵੀ ਲੋਕਾਂ ਨੂੰ ਨਕਦੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਓਥੇ ਹੀ ਕਾਰੋਬਾਰੀਆਂ ਨੂੰ ਵੀ ਪੈਸੇ ਨੂੰ ਲੈ ਕੇ ਕਿੱਲਤ ਆ ਰਹੀ ਸੀ।

ਅੱਜ ਪੰਜਾਬ ਭਰ ‘ਚ ਬੈਂਕ ਖੁੱਲ੍ਹਣ ਤੋਂ ਬਾਅਦ ਜਿੱਥੇ ਜਨਤਾ ਨੇ ਸੁੱਖ ਦਾ ਸਾਹ ਲਿਆ ਹੈ ,ਉੱਥੇ ਹੀ  ਕੀਰਤਪੁਰ ਸਾਹਿਬ,ਅਜਨਾਲਾ, ਮਲੋਟ,ਰੋਪੜ, ਖੰਨਾ,ਸਮਾਣਾ ,ਗੁਰੂ ਹਰਸਹਾਏ ਅਤੇ ਹੋਰਨਾਂ ਥਾਵਾਂ ‘ਤੇ ਬੈਂਕਾਂ ਦੇ ਬਾਹਰ ਸਵੇਰ ਤੋਂ ਹੀ ਵੱਡੀ ਗਿਣਤੀ ਵਿਚ ਲੋਕ ਇੱਕੋ ਹੀ ਜਗ੍ਹਾ ‘ਤੇ ਇਕੱਠੇ ਹੋ ਗਏ। ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਦੇ ਚੱਲਦਿਆਂ ਇਸ ਤਰ੍ਹਾਂ ਭੀੜ ਇਕੱਠੀ ਹੋਣ ਦੇ ਕਾਰਨ ਕੋਰੋਨਾ ਵਾਇਰਸ ਦਾ ਖ਼ਤਰਾ ਵਧਣ ਦੇ ਆਸਾਰ ਬਣੇ ਹੋਏ ਹਨ।

ਦੱਸ ਦੇਈਏ ਕਿ ਪੰਜਾਬ ਭਰ ‘ਚ ਬੈਂਕਾਂ ਨੇ ਅੱਜ ਅਤੇ ਕੱਲ੍ਹ ਦੋ ਦਿਨ ਕੰਮ ਕਰਨਾ ਹੈ। ਅੱਜ ਪਹਿਲੇ ਦਿਨ ਹੀ ਸਵੇਰ ਤੋਂ ਬੈਂਕ ਅੱਗੇ ਭੀੜਾਂ ਲੱਗ ਗਈਆਂ ਹਨ। ਇਸ ਦੌਰਾਨ ਲੋਕਾਂ ਨੂੰ ਕਾਬੂ ਕਰਨ ਦੇ ਲਈ ਪੁਲਿਸ ਵੀ ਕਈ ਬ੍ਰਾਂਚਾਂ ਦੇ ਅੱਗੇ ਲਗਾਉਣੀ ਪਈ ਹੈ। ਬੈਂਕ ਦੀ ਬ੍ਰਾਂਚ ਦੇ ਅੰਦਰ ਸਿਰਫ ਇਕ ਵਿਅਕਤੀ ਨੂੰ ਹੀ ਜਾਣ ਦੀ ਆਗਿਆ ਹੈ ਜੋ ਕਿ ਆਪਣਾ ਕੰਮ ਕਰਵਾ ਕੇ ਬਾਹਰ ਆ ਜਾਵੇਗਾ।ਉਸ ਤੋਂ ਬਾਅਦ ਦੂਸਰੇ ਵਿਅਕਤੀ ਨੂੰ ਹੀ ਅੰਦਰ ਜਾਣ ਦਿੱਤਾ ਜਾਵੇਗਾ।
-PTCNews