ਲਾਅ ਵਿਦਿਆਰਥਣ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਪਾਇਆ ਪੁੱਠੇ ਚੱਕਰਾਂ ‘ਚ

punjab-police-officer-serious-allegation-police-raiding

ਲਾਅ ਵਿਦਿਆਰਥਣ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀ ਨੂੰ ਪਾਇਆ ਪੁੱਠੇ ਚੱਕਰਾਂ ‘ਚ:ਅੰਮ੍ਰਿਤਸਰ ਵਿੱਚ ਖ਼ਾਲਸਾ ਕਾਲਜ ਦੀ ਵਿਦਿਆਰਥਣ ਵੱਲੋਂ ਇੱਕ ਉੱਚ ਪੱਧਰ ਦੇ ਪੁਲਿਸ ਅਫਸਰ ਉਤੇ ਸਰੀਰਕ ਸ਼ੋਸ਼ਣ ਦੇ ਗੰਭੀਰ ਇਲਜ਼ਾਮ ਲਗਾਏ ਹਨ।ਜਿਸ ਸਬੰਧੀ ਵਿਦਿਆਰਥਣ ਨੇ ਪਿਛਲੇ ਦਿਨੀਂ ਮੀਡੀਆ ਸਾਹਮਣੇ ਆ ਕਿ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ।ਜਾਣਕਾਰੀ ਅਨੁਸਾਰ ਸ਼ਿਕਾਇਤ ਕਰਤਾ ਲੜਕੀ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਅਤੇ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ਼ ਵਿੱਚ ਲਾਅ ਦੀ ਵਿਦਿਆਰਥਣ ਹੈ।

ਉਸ ਵਿਦਿਆਰਥਣ ਨੇ ਬੀਤੇ ਦਿਨੀਂ ਏਆਈਜੀ. ਰਣਧੀਰ ਸਿੰਘ ਉੱਪਲ ‘ਤੇ ਸਰੀਰਕ ਸਬੰਧ ਬਣਾਉਣ ਲਈ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਸਨ।ਜਿਸ ਦੀ ਸ਼ਿਕਾਇਤ ‘ਤੇ ਪੁਲਿਸ ਵੱਲੋਂ ਰਣਧੀਰ ਸਿੰਘ ਉੱਪਲ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।ਪੁਲਿਸ ਵੱਲੋਂ ਉੱਪਲ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।ਅੰਮ੍ਰਿਤਸਰ ਪੁਲਿਸ ਵੱਲੋਂ ਅਜਨਾਲਾ ਰੋਡ ਸਥਿਤ ਉਸਦੇ ਘਰ ‘ਚ ਛਾਪਾ ਮਾਰਿਆ ਗਿਆ ਹੈ।ਸੂਤਰਾਂ ਮੁਤਾਬਕ ਰਣਧੀਰ ਸਿੰਘ ਉੱਪਲ ਦੇ ਚੰਡੀਗੜ੍ਹ ਹੋਣ ਦੀ ਸੰਭਾਵਨਾ ਹੈ।ਜਿਸ ਤੋਂ ਬਾਅਦ ਪੁਲਿਸ ਪਾਰਟੀ ਚੰਡੀਗੜ੍ਹ ਲਈ ਰਵਾਨਾ ਹੋ ਗਈ ਹੈ।

ਉਧਰ ਦੂਜੇ ਪਾਸੇ ਏਆਈਜੀ ਰਣਧੀਰ ਸਿੰਘ ਉੱਪਲ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਹੋਏ ਕਹਿ ਰਹੇ ਹਨ ਕਿ ਇਸ ਕੁੜੀ ਦੇ ਪਰਿਵਾਰ ਨਾਲ ਉਸ ਦੇ ਪਰਿਵਾਰਕ ਸਬੰਧ ਸਨ।ਉਨ੍ਹਾਂ ਕਿਹਾ ਕਿ ਇਸ ਲੜਕੀ ਦੀ ਮਾਂ ਨੇ ਉਸ ਨੂੰ ਕਿਹਾ ਸੀ ਕਿ ਲੜਕੀ ਕਾਲਜ ਪੜ੍ਹਦੀ ਹੈ ਤੇ ਮਾਹੌਲ ਠੀਕ ਨਹੀਂ ਹੈ।ਇਸ ਲਈ ਉਸ ਦਾ ਖਿਆਲ ਰੱਖਣ।ਉੱਪਲ ਨੇ ਕਿਹਾ ਕਿ ਮੈਂ ਇੱਕ ਦੋ ਵਾਰ ਇਸ ਨੂੰ ਮਾੜੀ ਸੰਗਤ ਵਿਚ ਪੈਣ ਤੋਂ ਰੋਕਿਆ ਸੀ।ਰਾਤ ਨੂੰ ਇਸ ਕੁੜੀ ਨੇ ਉਨ੍ਹਾਂ ਨੂੰ ਫੋਨ ਕਰ ਕੇ ਮਾੜੀ ਸ਼ਬਦਾਵਲੀ ਵਰਤੀ ਤੇ ਉਨ੍ਹਾਂ ਨੂੰ ਬੁਰਾ ਭਲਾ ਆਖਿਆ।

ਦੱਸ ਦਈਏ ਕਿ ਵਿਦਿਆਰਥਣ ਨੇ ਇਲਜ਼ਾਮ ਲਗਾਇਆ ਸੀ ਕਿ ਏਆਈਜੀ ਨੇ ਫ਼ੋਨ ਕਰ ਕੇ ਉਸ ਨੂੰ ਗੋਲੀ ਮਾਰ ਦੀਆਂ ਧਮਕੀਆਂ ਵੀ ਦਿੱਤੀਆਂ ਹਨ।ਲੜਕੀ ਦਾ ਕਹਿਣਾ ਹੈ ਕਿ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਪੁਲਿਸ ਅਫਸਰ ਪੰਜਾਬ ਪੁਲਿਸ ਦੇ ਸੀਨੀਅਰ ਅਹੁਦੇ ਉੱਤੇ ਤਾਇਨਾਤ ਹੈ।
-PTCNews