ਪੁਲਿਸ ਮੁਲਾਜ਼ਮ ਪਤੀ 'ਤੇ ਨਾਜਾਇਜ਼ ਸੰਬੰਧਾਂ ਦਾ ਦੋਸ਼ ਲਗਾ ਕੇ ਪਤਨੀ ਵੱਲੋਂ ਹੰਗਾਮਾ

By Panesar Harinder - May 20, 2020 1:05 pm

ਜਲੰਧਰ - ਨਾਜਾਇਜ਼ ਸੰਬੰਧਾਂ ਦੇ ਦੋਸ਼ ਹੇਠ ਇੱਕ ਪੁਲਿਸ ਮੁਲਾਜ਼ਮ ਆਪਣੀ ਪਤਨੀ ਨਾਲ ਹੱਥੋਪਾਈ ਦਾ ਸ਼ਿਕਾਰ ਹੋ ਗਿਆ ਅਤੇ ਲੋਕਾਂ ਦੇ ਫ਼ੈਸਲੇ ਕਰਵਾਉਣ ਵਾਲੇ ਇਸ ਪੁਲਿਸ ਮੁਲਾਜ਼ਮ ਨੂੰ ਹੁਣ ਆਪਣੇ ਫ਼ੈਸਲੇ ਲਈ ਕਾਨੂੰਨ ਅੱਗੇ ਪੇਸ਼ ਹੋਣਾ ਪਵੇਗਾ। ਖ਼ਬਰ ਜਲੰਧਰ ਸ਼ਹਿਰ ਤੋਂ ਹੈ ਜਿੱਥੇ ਇੱਕ ਮਹਿਲਾ ਨੇ ਆਪਣੇ ਪੁਲਿਸ ਮੁਲਾਜ਼ਮ ਪਤੀ ਉੱਤੇ ਨਾਜਾਇਜ਼ ਸੰਬੰਧਾਂ ਦਾ ਦੋਸ਼ ਲਗਾਉਂਦੇ ਹੋਏ ਹੰਗਾਮਾ ਖੜ੍ਹਾ ਕਰ ਦਿੱਤਾ।

ਜਲੰਧਰ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਹੋਏ ਇਸ ਹੰਗਾਮੇ ਦੌਰਾਨ ਜਿਸ ਪੁਲਿਸ ਮੁਲਾਜ਼ਮ ਪਤੀ ਉੱਤੇ ਉਸ ਦੀ ਪਤਨੀ ਨੇ ਨਾਜਾਇਜ਼ ਸੰਬੰਧਾਂ ਦੇ ਇਲਜ਼ਾਮ ਲਗਾਏ, ਉਹ ਮੁਲਾਜ਼ਮ ਪੰਜਾਬ ਪੁਲਿਸ ਦਾ ਸਬ-ਇੰਸਪੈਕਟਰ ਦੱਸਿਆ ਜਾ ਰਿਹਾ ਹੈ। ਔਰਤ ਦਾ ਕਹਿਣਾ ਹੈ ਕਿ ਉਸ ਦਾ ਪਤੀ ਰੋਜ਼ ਘਰ ਤੋਂ ਡਿਊਟੀ 'ਤੇ ਜਾਣ ਦੀ ਗੱਲ ਕਹਿ ਕੇ ਨਿੱਕਲ ਜਾਂਦਾ ਹੈ ਪਰ ਡਿਊਟੀ 'ਤੇ ਜਾਣ ਦੀ ਬਜਾਏ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ, ਅਤੇ ਜਿੱਥੇ ਉਸ ਦਾ ਪਤੀ ਜਾਂਦਾ ਸੀ ਉੱਥੇ ਉਸ ਨੂੰ ਇਸ ਔਰਤ ਨੇ ਰੰਗੇ ਹੱਥੀਂ ਫੜਿਆ ਹੈ। ਪੁਲਿਸ ਮੁਲਾਜ਼ਮ ਉੱਤੇ ਇਲਜ਼ਾਮ ਲਗਾਉਣ ਵਾਲੀ ਇਸ ਮਹਿਲਾ ਨੇ ਇੱਕ ਕਾਰ ਉੱਤੇ ਵੀ ਪੱਥਰ ਮਾਰਿਆ ਅਤੇ ਆਪਣੇ ਪਤੀ ਦੇ ਵੀ ਥੱਪੜ ਮਾਰਦੇ ਹੋਏ ਹੱਥੋਪਾਈ ਕੀਤੀ।

ਕਿਹਾ ਜਾ ਰਿਹਾ ਹੈ ਕਿ ਇਸ ਮੌਕੇ ਪੁਲਿਸ ਨੇ ਆਪਣੇ ਸਾਥੀ ਦਾ ਸਾਥ ਦਿੰਦੇ ਹੋਏ ਉਕਤ ਮਹਿਲਾ ਨਾਲ ਬਦਤਮੀਜ਼ੀ ਕੀਤੀ ਹੈ। ਸੁਣਨ ਵਿੱਚ ਆਇਆ ਹੈ ਕਿ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਸਬ-ਇੰਸਪੈਕਟਰ ਦੀ ਪਤਨੀ ਦੀ ਗੱਲ ਸੁਣਨ ਦੀ ਬਜਾਏ, ਉਸ ਨਾਲ ਬਦਤਮੀਜ਼ੀ ਕਰਦੇ ਹੋਏ ਉਸ ਨੂੰ ਭੁਜਾਉਣ ਦੀ ਕੋਸ਼ਿਸ਼ ਕੀਤੀ, ਅਤੇ ਮੌਕਾ ਦੇਖ ਸਬ-ਇੰਸਪੈਕਟਰ ਉੱਥੋਂ ਭੱਜ ਨਿੱਕਲਿਆ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਜੇਕਰ ਕੋਈ ਸ਼ਿਕਾਇਤ ਦਰਜ ਕਰਵਾਉਣੀ ਹੈ ਤਾਂ ਔਰਤ ਥਾਣੇ ਆ ਕੇ ਮਾਮਲਾ ਦਰਜ ਕਰਵਾਏ।

ਇਸ ਤੋਂ ਬਾਅਦ, ਗੁੱਸੇ ਨਾਲ ਭਰੀ ਔਰਤ ਨੇ ਪੁਲਿਸ ਕਮਿਸ਼ਨਰ ਦੇ ਘਰ ਦੇ ਬਾਹਰ ਜਾ ਕੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪੁਲਿਸ ਕਮਿਸ਼ਨਰ ਦੇ ਘਰ ਦੇ ਬਾਹਰ ਹੰਗਾਮਾ ਹੁੰਦੇ ਦੇਖ, ਏ.ਡੀ.ਸੀ. ਨੇ ਮੌਕੇ 'ਤੇ ਪਹੁੰਚ ਔਰਤ ਨੂੰ ਸ਼ਾਂਤ ਕੀਤਾ ਅਤੇ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਦਿੱਤਾ।

ਪਰਿਵਾਰਕ ਸੰਬੰਧਾਂ ਦੇ ਤਹਿਸ-ਨਹਿਸ ਹੋਣ ਦੀ ਇਹ ਖ਼ਬਰ ਇਲਾਕੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਇਸ 'ਚ ਇੱਕ ਪੁਲਿਸ ਮੁਲਾਜ਼ਮ ਦਾ ਨਾਂਅ ਜੁੜਿਆ ਹੋਣ ਕਾਰਨ ਚਰਚਾ ਨੂੰ ਹਵਾ ਮਿਲ ਰਹੀ ਹੈ।

adv-img
adv-img