ਪੰਜਾਬ ‘ਚ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 24 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ

Punjab reports 24 new cases of coronavirus
ਪੰਜਾਬ 'ਚ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 24 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ    

ਪੰਜਾਬ ‘ਚ ਅੱਜ ਵੱਖ-ਵੱਖ ਜ਼ਿਲ੍ਹਿਆਂ ਤੋਂ 24 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਆਏ ਸਾਹਮਣੇ:ਚੰਡੀਗੜ੍ਹ :   ਲਾਕਡਾਊਨ ਵਿਚ ਢਿੱਲ ਦੇਣ ਤੋਂ ਬਾਅਦ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਵਿੱਚ ਸੋਮਵਾਰ ਨੂੰ ਵੱਖ-ਵੱਖ ਜ਼ਿਲ੍ਹਿਆਂ ਤੋਂ 24 ਨਵੇਂ ਕੋਰੋਨਾ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ‘ਚ ਹੁਸ਼ਿਆਰਪੁਰ ਤੋਂ  8, ਫ਼ਤਿਹਗੜ੍ਹ ਸਾਹਿਬ ਤੋਂ 5, ਪਟਿਆਲਾ ਤੋਂ 4, ਬਠਿੰਡਾ ਤੋਂ  2 , ਮੋਹਾਲੀ ਤੋਂ 2 ,ਜਲੰਧਰ ਤੋਂ 1 ਤੇ ਪਠਾਨਕੋਟ ਤੋਂ 2 ਨਵੇਂ ਮਾਮਲੇ ਸਾਹਮਣੇ ਆਏ ਹਨ।

ਫ਼ਤਹਿਗੜ੍ਹ ਸਾਹਿਬ ‘ਚ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ‘ਚ 2 ਮਰਦ ਅਤੇ 3 ਜਨਾਨੀਆਂ ਸ਼ਾਮਲ ਹਨ। ਇਹ ਸਾਰੇ ਖਮਾਣੋ ਦੇ ਪਿੰਡ ਪਨੈਚਾਂ ਦੇ ਰਹਿਣ ਵਾਲੇ ਹਨ। ਦਿੱਲੀ ਵਿਆਹ ‘ਚ ਸ਼ਮੂਲੀਅਤ ਕਰਕੇ ਪਰਤੇ 30 ਮਈ ਨੂੰ ਇਨ੍ਹਾਂ ਦੇ ਸੈਂਪਲ ਲਏ ਗਏ ਸਨ ਅਤੇ ਅੱਜ ਰਿਪੋਰਟ ਪਾਜ਼ੀਟਿਵ ਆਉਣ ‘ਤੇ ਸਾਰਿਆਂ ਨੂੰ ਗਿਆਨ ਸਾਗਰ ਹਸਪਤਾਲ ਬਨੂੜ ਭਰਤੀ ਕਰਵਾਇਆ ਗਿਆ ਹੈ।

ਮੋਹਾਲੀ ਦੇ ਸੈਕਟਰ-77 ਵਾਸੀ ਢਾਬਾ ਮਾਲਕ ਦੀ ਕੋਰੋਨਾ ਰਿਪੋਰਟ 2 ਦਿਨ ਪਹਿਲਾਂ ਪਾਜ਼ੇਟਿਵ ਪਾਈ ਗਈ ਸੀ ਪਰ ਹੁਣ ਉਸ ਦੀ 50 ਸਾਲਾ ਮਾਂ ਅਤੇ 52 ਸਾਲਾ ਪਿਤਾ ‘ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਢਾਬਾ ਮਾਲਕ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਸੰਪਰਕ ਵਾਲੇ ਪਰਿਵਾਰਕ ਮੈਂਬਰਾਂ ‘ਚ ਉਸ ਦੇ ਪਿਤਾ, ਮਾਤਾ ਅਤੇ ਭਰਾ ਸਮੇਤ 4 ਲੋਕਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ‘ਚੋਂ ਢਾਬਾ ਮਾਲਕ ਦੇ ਮਾਤਾ-ਪਿਤਾ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਹੁਸ਼ਿਆਰਪੁਰ ਦੇ ਪਿੰਡ ਨੰਗਲੀ ਜਲਾਲਪੁਰ ‘ਚ 8 ਹੋਰ ਨਵੇਂ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ‘ਚ 2 ਬੱਚੇ ਵੀ ਸ਼ਾਮਿਲ ਹਨ, ਜਿਸ ਤੋਂ ਬਾਅਦ ਪਿੰਡ ਨੰਗਲੀ ਜਲਾਲਪੁਰ ‘ਚ ਕੋਰੋਨਾ ਪਾਜ਼ੀਟਿਵ  ਮਰੀਜ਼ਾਂ ਦਾ ਅੰਕੜਾ 26 ‘ਤੇ ਪਹੁੰਚ ਗਿਆ, ਜੋ ਹਲਕਾ ਉੜਮੁੜ ਟਾਂਡਾ ਲਈ ਖਤਰੇ ਦੀ ਘੰਟੀ ਹੈ। ਬਠਿੰਡਾ ‘ਚ 2 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਲੋਕ ਬੀਤੇ ਦਿਨ ਹੀ ਦਿੱਲੀ ਤੋਂ ਵਾਪਸ ਆਏ ਸਨ ਤੇ ਹੋਮ ਕੁਆਰੰਟਾਈਨ ਸਨ।

ਜਲੰਧਰ ‘ਚ ਅੱਜ ਫਿਰ ਇਕ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ 40 ਸਾਲਾ ਔਰਤ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਔਰਤ ਨੂੰ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ, ਉਹ ਪਿਛਲੇ ਸਮੇਂ ਤੋਂ ਸਿਵਲ ਹਸਪਤਾਲ ਦੇ ਡੀ-ਐਡੀਕਸ਼ਨ ਵਾਰਡ ‘ਚ ਡਿਊਟੀ ਦੇ ਰਹੀ ਹੈ। ਇਸ ਵਾਰਡ ‘ਚ ਸਾਰੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਨੂੰ ਦਾਖ਼ਲ ਕੀਤਾ ਜਾਂਦਾ ਹੈ।

ਪਠਾਨਕੋਟ ‘ਚ ਕੋਰੋਨਾ ਦੇ 2 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਥੇ ਦੋ ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਤੋਂ ਇਲਾਵਾ ਦੂਜੇ ਪਾਸੇ ਪਠਾਨਕੋਟ ਤੋਂ ਰਾਹਤ ਭਰੀ ਖਬਰ ਵੀ ਸਾਹਮਣੇ ਆਏ, ਜਿਥੇ 6 ਲੋਕਾਂ ਨੇ ਅੱਜ ਕੋਰੋਨਾ ਨੂੰ ਮਾਤ ਦਿੱਤੀ ਹੈ, ਜਿਨ੍ਹਾਂ ਨੂੰ ਵਾਪਸ ਘਰ ਭੇਜ ਦਿੱਤਾ ਗਿਆ ਹੈ। ਹੁਣ ਪਠਾਨਕੋਟ ‘ਚ ਕੁਲ ਐਕਟਿਵ ਕੇਸਾਂ ਦੀ ਗਿਣਤੀ 24 ਹੈ।

ਜ਼ਿਲ੍ਹਾ ਪਟਿਆਲਾ ‘ਚ ਕੋਰੋਨਾ ਦੇ 4 ਪਾਜ਼ੀਟਿਵ ਕੇਸ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਪਾਜ਼ੀਟਿਵ ਮਰੀਜ਼ਾਂ ‘ਚ ਦੋ ਯਾਤਰੀ ਜੋ ਕਿ ਬੀਤੇ ਦਿਨ ਕੁਵੈਤ ਤੋਂ ਪਟਿਆਲਾ ਆਏ ਸਨ, ਨੂੰ ਇਹਤਿਆਤ ਵਜੋਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ ਇਕਾਂਤਵਾਸ ‘ਚ ਰੱਖਿਆ ਗਿਆ ਸੀ। ਇਨ੍ਹਾਂ ਦੇ ਸਿਹਤ ਵਿਭਾਗ ਵੱਲੋਂ ਸ਼ੱਕ ਦੇ ਆਧਾਰ ਤੇ ਕੋਰੋਨਾ ਦੀ ਟੈਸਟ ਵੀ ਲਏ ਗਏ ਸਨ ਤੇ ਅੱਜ ਸਵੇਰ ਰਿਪੋਰਟ ਪਾਜ਼ੀਟਿਵ ਮਿਲੀ ਹੈ।

ਇਸ ਦੇ ਨਾਲ ਹੀ ਸ਼ਹਿਰ ਭਾਦਸੋਂ ਦੀਆਂ ਦੋ ਔਰਤਾਂ ਵੀ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ,ਜਿਨ੍ਹਾਂ ਵਿਚ ਇਕ ਪਿੰਡ ਮਟੋਰੜੇ ਦੀ ਆਸ਼ਾ ਵਰਕਰ ਤੇ ਇਕ ਪਿੰਡ ਸਿੰਬੜੋ ਦੀ ਔਰਤ ਜੋ ਬੀਤੇ ਦਿਨ ਦਿੱਲੀ ਤੋਂ ਪਰਤੀ ਸੀ, ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਇਸ ਉਪਰੰਤ ਹਰਕਤ ‘ਚ ਆਉਂਦਿਆਂ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਪਾਜ਼ੀਟਿਵ ਮਰੀਜ਼ਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਭਰਤੀ ਕਰਵਾ ਦਿੱਤਾ ਗਿਆ ਹੈ।
-PTCNews