
ਪੰਜਾਬੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਵੱਲੋਂ ਕਿਸਾਨਾਂ ਦੇ ਧਰਨੇ ‘ਚ ਦਿੱਲੀ ਜਾਣ ਦਾ ਐਲਾਨ:ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ‘ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪਿਛਲੇ 5 ਦਿਨਾਂ ਤੋਂ ਕਿਸਾਨ ਲਗਾਤਾਰ ਕੜਾਕੇ ਦੀ ਠੰਡ ‘ਚ ਦਿੱਲੀ ਦੇ ਟਿਕਰੀ ਤੇ ਸਿੰਘੂ ਬਾਰਡਰ ‘ਤੇ ਡਟੇ ਹੋਏ ਹਨ। ਅਜੇ ਵੀ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਜਾ ਰਹੇ ਹਨ।

ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਪੰਜਾਬੀ ਫਿਲਮ ਇੰਡਸਟਰੀ ਦਾ ਪੂਰਾ ਸਮਰਥਨ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਜਿੱਥੇ ਬੱਬੂ ਮਾਨ,ਰਣਜੀਤ ਬਾਵਾ ,ਕੰਵਰ ਗਰੇਵਾਲ , ਹਲਫ਼ ਚੀਮਾ ,ਰੁਪਿੰਦਰ ਹਾਂਡਾ , ਆਰ.ਨੇਤ , ਤਰਸੇਮ ਜੱਸੜ ,ਜਗਜੀਤ ਸੰਧੂ , ਯੋਗਰਾਜ ਸਿੰਘ ,ਸਿੱਧੂ ਮੂਸੇਵਾਲਾ ਨੇ ਦਿੱਲੀ ਜਾ ਕੇ ਕਿਸਾਨਾਂ ਦੇ ਧਰਨੇ ‘ਚ ਸਮੂਲੀਅਤ ਕੀਤੀ ਹੈ, ਓਥੇ ਹੀ ਹੁਣ ਪੰਜਾਬੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਵੀ ਇਸ ਅੰਦੋਲਨ ਵਿੱਚ ਹਿੱਸਾ ਲੈਣ ਜਾ ਰਹੇ ਹਨ।

ਇਸ ਸਬੰਧੀ ਹਰਭਜਨ ਮਾਨ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ। ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਟਵੀਟ ਵਿੱਚ ਲਿਖਿਆ , ‘ ਮੈਂ ਆਪਣੇ ਕਿਸਾਨਾਂ ਨਾਲ ਸ਼ਾਂਤਮਈ ਪ੍ਰਦਰਸ਼ਨਾਂ ਵਿਚ ਹਿੱਸਾ ਲੈਣ ਲਈ ਦਿੱਲੀ ਰਵਾਨਾ ਹੋ ਰਿਹਾ ਹਾਂ। ਲੋਕਾਂ ਦੀ ਇਸ ਲਹਿਰ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਦਾ ਸਮਰਥਨ ਮਿਲਦੇ ਦੇਖ ਕੇ ਬਹੁਤ ਖੁਸ਼ੀ ਹੋਈ। ਕਿਸਾਨ ਨਾ ਸਿਰਫ ਸਾਡੀ ਜਾਂ ਕਿਸੇ ਕੌਮ ਦੀ ਰੀੜ ਦੀ ਹੱਡੀ ਹਨ , ਬਲਕਿ ਸਾਡੀਆਂ ਅਨੇਕਾਂ ਪਹਿਚਾਨਾਂ ਦਾ ਹਿੱਸਾ ਵੀ ਹਨ।

ਦੱਸ ਦੇਈਏ ਕਿ ਸਿੰਘੂ ਬਾਰਡਰ ‘ਤੇ 27 ਨਵੰਬਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਦਿੱਲੀ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਸੀ ਪਰ ਪੁਲਿਸ ਨੇ ਭੀੜ ਕੰਟਰੋਲ ਕਰਨ ਲਈ ਅੱਥਰੂ ਗੈਸ ਤੇ ਬਲ ਦਾ ਇਸਤੇਮਾਲ ਕੀਤਾ ਸੀ। ਕਿਸਾਨਾਂ ਨੇ ਦਿੱਲੀ ‘ਚ ਦਾਖ਼ਲ ਹੋਣ ਵਾਲੇ ਤਿੰਨ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਬਾਰਡਰਾਂ ‘ਤੇ ਅਣਗਿਣਤ ਕਿਸਾਨ ਡਟੇ ਹੋਏ ਹਨ। ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉਥੇ ਹੀ ਗਾਜ਼ੀਆਬਾਦ ਬਾਰਡਰ ‘ਤੇ ਵੀ ਸੈਂਕੜਿਆਂ ਦੀ ਤਾਦਾਤ ‘ਚ ਕਿਸਾਨ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਦਿੱਲੀ ਨੂੰ ਹੋਰ ਸੂਬਿਆਂ ਨਾਲ ਜੋੜਨ ਵਾਲੀਆਂ ਸਾਰੀਆਂ ਸੜਕਾਂ ਨੂੰ ਬੰਦ ਕਰ ਦੇਣਗੇ।
-PTCNews
Off to Delhi to participate in the peaceful protests with our farmers. It’s heartening to see a wide array of the public join & support this cause. Farmers are not just the backbone of our or any nation, but also a part of many of our’s identity 🙏🏽#farmerprotest #supportfarmers
— Harbhajan Mann (@harbhajanmann) December 1, 2020