ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਪੁੱਜੀ ਵਿਜੀਲੈਂਸ ਦੀ ਟੀਮ
ਪਟਿਆਲਾ, 18 ਜਨਵਰੀ (ਗਗਨਦੀਪ ਸਿੰਘ ਅਹੂਜਾ): ਹਲਕਾ ਘਨੌਰ ਤੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਘਰ ਵਿਜੀਲੈਂਸ ਦੀ ਟੀਮ ਪੁੱਜੀ ਹੈ। ਵਿਜੀਲੈਂਸ ਵੱਲੋਂ ਸਰੋਤਾਂ ਤੋਂ ਵੱਧ ਆਮਦਨ ਦੀਆਂ ਸ਼ਿਕਾਇਤਾਂ ਦੇ ਅਧਾਰ ’ਤੇ ਜਾਂਚ ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ ਰਾਜਪੁਰਾ ਆਈ.ਟੀ. ਪਾਰਕ ਵਿੱਚ ਵੀ ਫਰਜ਼ੀ ਕਾਸ਼ਤਕਾਰਾਂ ਨੂੰ ਦਿੱਤੇ ਗਏ ਮੁਆਵਜ਼ੇ ਦੀ ਵੀ ਜਾਂਚ ਹੋ ਰਹੀ ਹੈ। ਬੁੱਧਵਾਰ ਦੀ ਸਵੇਰ ਮੁਹਾਲੀ ਤੋਂ ਤਕਨੀਕੀ ਮਾਹਰਾਂ ਦੀ ਟੀਮ ਵੱਲੋਂ ਸਾਬਕਾ ਵਿਧਾਇਕ ਦੇ ਪਿੰਡ ਜਲਾਲਪੁਰ ਵਿਖੇ ਸਥਿਤ ਮਹਿਲਨੁਮਾ ਕੋਠੀ ਦੀ ਪੈਮਾਇਸ਼ ਕੀਤੀ ਗਈ ਹੈ। ਮੌਕੇ ‘ਤੇ ਪੁੱਜੇ ਅਧਿਕਾਰੀਆਂ ਵੱਲੋਂ ਕੋਈ ਵੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਇੱਥੇ ਦੱਸਣਾ ਬਣਦਾ ਹੈ ਕਿ ਮਦਨ ਲਾਲ ਜਲਾਲਪੁਰ ਬੀਤੀ 10 ਜਨਵਰੀ ਨੂੰ ਹੀ ਆਸਟ੍ਰੇਲੀਆ ਤੋਂ ਭਾਰਤ ਪਰਤੇ ਸਨ ਤੇ ਪਿਛਲੇ ਦਿਨਾਂ ਤੋਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਵੀ ਸ਼ਾਮਲ ਹੋਏ ਸਨ।
- PTC NEWS